ਨਵੀਂ ਦਿੱਲੀ। Telangana-Andhra Pradesh : ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ’ਚ 110 ਪਿੰਡ ਪਾਣੀ ’ਚ ਡੁੱਬ ਗਏ ਹਨ, ਜਦਕਿ ਆਂਧਰਾ ਪ੍ਰਦੇਸ਼ ’ਚ 17 ਹਜ਼ਾਰ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਤੇਲੰਗਾਨਾ ’ਚ ਹੜ੍ਹ ਅਤੇ ਮੀਂਹ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਆਂਧਰਾ ਪ੍ਰਦੇਸ਼ ’ਚ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ’ਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਹਾਲਾਤਾਂ ਵਿਚਾਲੇ ਆਂਧਰਾ-ਤੇਲੰਗਾਨਾ ਸਰਹੱਦ ਨੇੜੇ ਗਾਰਿਕਾਪਾਡੂ ’ਚ ਪਾਲੇਰੂ ਪੁਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪੁਲ ਦਾ ਇੱਕ ਹਿੱਸਾ ਧੱਸ ਜਾਣ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਵਿੱਚ ਵਿਘਨ ਪਿਆ ਹੈ, ਜਿਸ ਕਾਰਨ ਕਈ ਲੋਕਾਂ ਨੂੰ ਸੜਕ ’ਤੇ ਸੌਂ ਕੇ ਰਾਤ ਕੱਟਣੀ ਪਈ ਹੈ।
9.7 ਲੱਖ ਕਿਊਸਿਕ ਪਾਣੀ ਛੱਡਿਆ ਗਿਆ | Telangana-Andhra Pradesh
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਵਿਜੇਵਾੜਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਕਾਰਨ 2.7 ਲੱਖ ਤੋਂ ਵੱਧ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਨਾਇਡੂ ਨੇ ਕਿਹਾ ਕਿ ਐਤਵਾਰ ਰਾਤ ਤੱਕ ਪ੍ਰਕਾਸ਼ਮ ਬੈਰਾਜ ਤੋਂ 9.7 ਲੱਖ ਕਿਊਸਿਕ ਹੜ੍ਹ ਦਾ ਪਾਣੀ ਛੱਡਿਆ ਗਿਆ। ਇਸ ਤਰ੍ਹਾਂ ਦਾ ਹੜ੍ਹ ਆਖਰੀ ਵਾਰ 1998 ਵਿੱਚ ਆਇਆ ਸੀ। ਫਿਰ ਪ੍ਰਕਾਸ਼ਮ ਬੈਰਾਜ ਤੋਂ 9.24 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਇਸ ਵਾਰ ਛੱਡਿਆ ਗਿਆ ਪਾਣੀ 50 ਹਜ਼ਾਰ ਕਿਊਸਿਕ ਜ਼ਿਆਦਾ ਹੈ।
ਸਥਾਨਕ ਲੋਕਾਂ ਨੇ ਬਚਾਅ ਕੀਤਾ | Telangana-Andhra Pradesh
ਤੇਲੰਗਾਨਾ ਦੇ ਕਈ ਹਿੱਸਿਆਂ ਵਿੱਚ ਭਿਆਨਕ ਹੜ੍ਹਾਂ ਦੇ ਵਿਚਕਾਰ, ਇੱਕ ਪੀੜਤ ਪਰਿਵਾਰ ਦੇ ਬਚਾਅ ਦੀ ਕਹਾਣੀ ਸਾਹਮਣੇ ਆਈ ਹੈ। ਖਮਾਮ ਵਿੱਚ ਇੱਕ ਪਰਿਵਾਰ ਨੂੰ ਸਥਾਨਕ ਲੋਕਾਂ ਨੇ ਬਚਾਇਆ ਹੈ। ਖੰਮਮ ਨਿਵਾਸੀ ਅਕੁਲਾ ਰਾਣੀ ਨੇ ਕਿਹਾ, ’ਰਿਸ਼ਤੇਦਾਰਾਂ ਨੇ ਤੈਰਾਕਾਂ ਦੀ ਮੱਦਦ ਨਾਲ ਖੰਮਮ ’ਚ ਫਸੇ ਸਾਡੇ ਪਰਿਵਾਰ ਨੂੰ ਬਚਾਇਆ। ਪੁਲਿਸ ਅਤੇ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਸਾਡੀ ਮਦਦ ਲਈ ਨਹੀਂ ਆਇਆ।
ਕਈ ਰਾਜਾਂ ਲਈ ਯੈਲੋ ਅਲਰਟ
ਆਈਐਮਡੀ ਦੇ ਅਨੁਸਾਰ, ਤੇਲੰਗਾਨਾ, ਵਿਦਰਭ ਤੋਂ ਇਲਾਵਾ, ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਕਰਨਾਟਕ ਅਤੇ ਮਰਾਠਵਾੜਾ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੇਰਲ, ਤੱਟਵਰਤੀ ਮਹਾਰਾਸ਼ਟਰ ਅਤੇ ਮੱਧ ਮਹਾਰਾਸ਼ਟਰ ਦੇ ਖੇਤਰਾਂ ਵਿੱਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਪੂਰਬੀ ਮੱਧ ਪ੍ਰਦੇਸ਼, ਉੜੀਸਾ ਅਤੇ ਛੱਤੀਸਗੜ੍ਹ, ਪੂਰਬੀ ਰਾਜਸਥਾਨ, ਗੁਜਰਾਤ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ।