ਜੰਮੂ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਐਕੁਆਇਰ ਕਰਨ ਦਾ ਕਿਸਾਨਾਂ ਵੱਲੋਂ ਵਿਰੋਧ
ਮਾਲੇਰਕੋਟਲਾ,(ਗੁਰਤੇਜ ਜੋਸ਼ੀ)। ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਦਿੱਲੀ ਕਟੜਾ ਮੁੱਖ ਸੜਕ ਵਿਚ ਆਉਂਦੀਆਂ ਜ਼ਮੀਨਾਂ ਦੇ ਮਾਲਕ ਕੁਝ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਅਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਇੱਕ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਭਾਵੇਂ ਜ਼ਿਆਦਾਤਰ ਕਿਸਾਨਾਂ ਦਾ ਮਾਮਲਾ ਤਾਂ ਲੰਘੇ ਸਮੇਂ ਨਿਬੜ ਗਿਆ ਸੀ ਪ੍ਰੰਤੂ ਤਕਸੀਮ ਨਾ ਹੋਣ ਕਾਰਨ ਕਈ ਕਿਸਾਨ ਪਰਿਵਾਰ ਇਸਦਾ ਸੰਤਾਪ ਅਜੇ ਵੀ ਹੰਢਾ ਰਹੇ ਹਨ, ਜਿਨ੍ਹਾਂ ਦੇ ਮਾਮਲੇ ਨੂੰ ਪ੍ਰਸ਼ਾਸਨ ਵੱਲੋਂ ਬੀਤੇ ਸਮੇਂ ਤੋਂ ਸੁਲਝਾਉਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਮਾਮਲਾ ਕਿਸੇ ਤਣ ਪੱਤਣ ਨਹੀਂ ਸੀ ਲੱਗਿਆ । Land Acquirer
ਇਸਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਪਿੰਡ ਰਾਣਵਾਂ ਵਿਖੇ ਪੱਕੇ ਤੌਰ ‘ਤੇ ਡੇਰਾ ਜਮਾਂ ਕੇ ਬੈਠੇ ਹੋਏ ਸਨ । ਕਿਸਾਨਾਂ ਵੱਲੋਂ ਮੀਂਹ ਹਨੇਰੀ, ਤੱਪਦੀਆਂ ਦੁਪਹਿਰਾਂ ਤੇ ਸਰਦ ਵਰਗੀਆਂ ਬਰਫ ਰਾਤਾਂ ਵੀ ਇਸ ਧਰਨੇ ਵਿਚ ਹੀ ਗੁਜ਼ਾਰੀਆਂ ਸੀ । ਪਰ ਪਿਛਲੇ ਦਿਨਾਂ ਤੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਕੇਂਦਰੀ ਹਕੂਮਤ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਘੁਰਕੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰਕਤ ਵਿਚ ਆਉਂਦਿਆਂ ਭਾਰੀ ਪੁਲਿਸ ਬਲ ਦੇ ਨਾਲ ਪਿੰਡ ਸਰੌਦ ਨੂੰ ਪੁਲਿਸ ਛਾਉਣੀ ਵਿਚ ਬਦਲ ਦਿੱਤਾ। ਜਿਸ ਦੀ ਭਿਣਕ ਪੈਂਦਿਆਂ ਹੀ ਜ਼ਿਲ੍ਹਾ ਮਾਲੇਰਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਕਿਸਾਨ ਜੱਥੇਬੰਦੀਆਂ ਨੇ ਕਬਜ਼ੇ ਵਾਲੀ ਜਗ੍ਹਾ ਵੱਲ ਕੂਚ ਕੀਤਾ,ਪਰ ਪੁਲਿਸ ਪ੍ਰਸ਼ਾਸਨ ਨੇ ਉਦੋਂ ਤੱਕ ਸ਼ਹਿਰ ਮਾਲੇਰਕੋਟਲਾ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਨਵੇਂ ਦਫ਼ਤਰ ਦਾ ਕੀਤਾ ਉਦਘਾਟਨ
ਕੁਝ ਕਿਸਾਨ ਬਦਲਵੇਂ ਰਸਤਿਆਂ ਤੋਂ ਹੁੰਦਿਆਂ ਪਿੰਡ ਸਰੌਦ ਪਹੁੰਚ ਗਏ। ਬਾਕੀ ਕਿਸਾਨ ਜੱਥੇਬੰਦੀਆਂ ਜਦੋਂ ਸਥਾਨਕ ਟਰੱਕ ਯੂਨੀਅਨ ਚੌਂਕ ਵਿੱਚ ਕੀਤੀ ਬੈਰੀਕੇਟ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਡੀ ਗਿਣਤੀ ਇਕੱਤਰ ਪੁਲਿਸ ਪਾਰਟੀ ਨਾਲ ਝੜਪ ਵੀ ਹੋ ਗਈ ਪਰ ਕਿਸਾਨ ਜੱਥੇਬੰਦੀਆਂ ਦਾ ਇਕੱਠ ਜ਼ਿਆਦਾ ਹੌਣ ਕਰਕੇ ਪੁਲਿਸ ਵੀ ਬੇਵੱਸ ਨਜ਼ਰ ਦਿਸੀ। ਅਖੀਰ ਪੁਲਿਸ ਕਿਸਾਨ ਜੱਥੇਬੰਦੀਆਂ ਨੂੰ ਸਮਝਾਉਦੀ ਰਹੀ ਪਰ ਕਿਸਾਨ ਮੰਨਦੇ ਨਜ਼ਰ ਨਹੀਂ ਆਏ। ਖ਼ਬਰ ਲਿਖੇ ਜਾਣ ਤੱਕ ਕਿਸਾਨਾ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਜਾਰੀ ਸੀ।
ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਧੱਕਾ ਕਰਦਿਆਂ ਉਨ੍ਹਾਂ ਦੀ ਪਾਲੀ ਹੋਈ ਫਸਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਨੇ ਮੁੱਖ ਸੜਕ ਵਾਲੀ ਜਗ੍ਹਾ ‘ਤੇ ਜਾ ਕੇ ਕਿਸਾਨਾਂ ਵੱਲੋਂ ਬੀਜੀ ਝੋਨੇ ਦੀ ਖੜੀ ਫਸਲ ਨੂੰ ਵਾਹ ਦਿੱਤਾ ।
ਕਿਸਾਨਾਂ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਨਾ ਛੱਡਣ ਕਾਰਨ ਇਹ ਕਾਰਵਾਈ ਕਰਨੀ ਪਈ : ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ
ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਨਾਲ ਕੀਤੀਆਂ ਕਈ ਮੀਟਿੰਗਾਂ ਦੌਰਾਨ ਉਨ੍ਹਾਂ ਨੂੰ ਇਹ ਗੱਲ ਆਖੀ ਜਾ ਰਹੀ ਸੀ ਕਿ ਮੁੱਖ ਸੜਕ ‘ਚ ਆਉਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੇ ਖਾਤਿਆਂ ਵਿਚ ਪੈਸੇ ਪਾਏ ਜਾ ਚੁੱਕੇ ਹਨ ਤੇ ਜਿਹੜੇ ਕੁੱਝ ਕਿਸਾਨਾਂ ਦੇ ਪੈਸੇ ਜ਼ਮੀਨੀ ਵੰਡ ਨਾ ਹੋਣ ਕਾਰਨ ਰੁਕੇ ਹੋਏ ਹਨ ਉਹ ਕੋਰਟ ਵਿਚ ਅਰਜੀ ਲਗਾ ਸਕਦੇ ਹਨ ਪਰੰਤੂ ਕਿਸਾਨਾਂ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਨਾ ਛੱਡਣ ਕਾਰਨ ਇਹ ਕਾਰਵਾਈ ਕਰਨੀ ਪਈ ਹੈ। ਪੁਲਿਸ ਵੱਲੋਂ ਪਿੰਡ ਸਰੋਦ ਨੂੰ ਜਾਂਦੀਆਂ ਸੜਕਾਂ ਨੂੰ ਨਾਕੇ ਲਗਾ ਕੇ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਤੇ ਪੂਰੇ ਲਾਮ ਲਸ਼ਕਰ ਦੇ ਨਾਲ ਸੈਂਕੜਿਆਂ ਦੀ ਤਦਾਦ ਵਿਚ ਪੁਲਿਸ ਕਰਮਚਾਰੀ ਹਾਜ਼ਰ ਸਨ ।