Punjabi Story: ਉਮਰਾਂ ਦੇ ਦਰਦ

Whole life pain, story, Letrature

Punjabi Story: ਮੈਂ ਆਪਣੇ ਵਿਹੜੇ ਵਿੱਚ ਨਿੰਮ ਥੱਲੇ ਡੂੰਘੇ ਫਿਕਰਾਂ ਵਿੱਚ ਡੁੱਬਿਆ ਬੈਠਾ ਸੀ ਮੈਥੋਂ ਫਿਕਰਾਂ ਦੀ ਪੰਡ ਚੁੱਕੀ ਨ੍ਹੀਂ ਜਾਂਦੀ ਸੀ, ਕਿਉਂਕਿ ਮੇਰੀ ਔਲਾਦ ਏਨੀ ਵਿਗੜ ਚੁੱਕੀ ਸੀ ਕਿ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਅਤੇ ਨਿੱਤ ਨਵੇਂ ਤੋਂ ਨਵੇਂ ਉਲਾਂਭੇ ਖੱਟ ਕੇ ਘਰ ਵੜਦੀ ਸੀ ਮੈਨੂੰ ਪਿੰਡ ਦੇ ਲੋਕਾਂ ਵੱਲੋਂ ਰੋਜ਼ ਉਲਾਂਭੇ ਮਿਲਦੇ ਸਨ ਨਿੱਤ ਕੋਈ ਨਾ ਕੋਈ ਸਿਆਪਾ ਪਾਈ ਰੱਖਦੇ ਸਨ

ਮੇਰੀ ਘਰਵਾਲੀ ਇਨ੍ਹਾਂ ਨੂੰ ਨਿੱਕਿਆਂ-ਨਿੱਕਿਆਂ ਨੂੰ ਛੱਡ ਕੇ ਇਸ ਭਰੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਮੇਰਾ ਸਾਥ ਛੱਡ ਗਈ ਸੀ ਉਸ ਦੇ ਮਰਨ ਮਗਰੋਂ ਮੈਂ ਇਨ੍ਹਾਂ ਨੂੰ ਪਾਲ-ਪੋਸ ਕੇ ਵੱਡਾ ਕੀਤਾ ਅਤੇ ਇਨ੍ਹਾਂ ਦੇ ਵਿਆਹ ਕੀਤੇ ਪਰ ਉਸ ਦੇ ਮਰਨ ਪਿੱਛੋਂ ਮੈਨੂੰ ਇਸ ਸੰਸਾਰ ਵਿੱਚ ਦਿਨ ਕੱਟਣੇ ਔਖੇ ਹੋ ਗਏ ਸਨ ਮੈਂ ਦੁੱਖ-ਸੁਖ ਸਾਂਝਾ ਕਰਦਾ ਤਾਂ ਕਿਸ ਨਾਲ? Punjabi Story

ਬੱਸ ਘਰ ਦੀਆਂ ਕੰਧਾਂ ਹੀ ਮੇਰਾ ਸਾਥ ਨਿਭਾਉਣ ਜੋਗੀਆਂ ਰਹਿ ਗਈਆਂ ਸਨ ਨੂੰਹਾਂ-ਪੁੱਤ ਤਾਂ ਸਿੱਧੇ ਮੂੰਹ ਗੱਲ ਨਹੀਂ ਕਰਦੇ ਸਨ ਮੈਂ ਆਪਣਾ ਸਭ ਕੁਝ ਤਾਂ ਪਹਿਲਾਂ ਹੀ ਲੁਟਾ ਬੈਠਾ ਸੀ ਇੱਕ ਘਰ ਹੀ ਸਿਰ ਲੁਕਾਉਣ ਜੋਗਾ ਰਹਿ ਗਿਆ ਸੀ, ਜੋ ਮੇਰੇ ਨਾਂਅ ਸੀ ਉਸ ‘ਤੇ ਵੀ ਨੂੰਹਾਂ-ਪੁੱਤਾਂ ਨੇ ਅੱਖ ਰੱਖੀ ਹੋਈ ਸੀ ਉਹ ਸੋਚਦੇ ਸਨ ਕਿ ਕਦੋਂ ਇਸ ਦਾ ਜੂੜ ਵੱਢਿਆ ਜਾਵੇ ਤੇ ਅਸੀਂ ਮਗਰੋਂ ਸਭ ਕੁਝ ਹੜੱਪ ਕਰ ਲਈਏ ਅਜੇ ਮੇਰੇ ਮਨ ਅੰਦਰ ਇਹ ਉਬਾਲ ਉੱਠ ਹੀ ਰਿਹਾ ਸੀ ਕਿ ਐਨੇ ਨੂੰ ਗੁਆਂਢ ਵਿੱਚੋਂ ਮੇਰੀ ਤਾਈ ਚਤਿੰਨੋ ਮੇਰੇ ਕੋਲ ਆ ਕੇ ਲੰਮਾ ਜਿਹਾ ਹਉਕਾ ਭਰ ਕੇ ਬੈਠ ਗਈ ਤੇ ਮੇਰਾ ਹਾਲ-ਚਾਲ ਪੁੱਛਣ ਲੱਗੀ ਤੇ ਕਹਿਣ ਲੱਗੀ,

Punjabi Story

”ਸੁਣਾ ਪੁੱਤ ਜੈਲਿਆ, ਤੇਰੇ ਅੱਜ-ਕੱਲ੍ਹ ਕਿਹੋ-ਜਿਹੇ ਦਿਨ ਲੰਘਦੇ ਨੇ?” ”ਤਾਈ ਤੈਨੂੰ ਤਾਂ ਪਤਾ ਹੀ ਹੈ, ਜਦੋਂ ਦੀ ਤੇਰੀ ਨੂੰਹ ਗੁਜ਼ਰੀ ਐ, ਉਸ ਤੋਂ ਬਾਅਦ ਮੇਰੇ ਨਾਲ ਕੀ ਬੀਤ ਰਹੀ ਹੈ, ਔਲਾਦ ਆਪ-ਮੁਹਾਰੀ ਹੋਈ ਫਿਰਦੀ ਐ, ਸੁਰ ਵਿੱਚ ਨਹੀਂ ਚਲਦੀ, ਕੰਮ ਦਾ ਡੱਕਾ ਭੰਨ੍ਹ ਕੇ ਦੂਹਰਾ ਨਹੀਂ ਕਰਦੀ, ਖੇਤ-ਬੰਨੇ ਤਾਂ ਕੀ ਜਾਣੈ, ਸਾਰਾ-ਸਾਰਾ ਦਿਨ ਸ਼ੁਕੀਨੀ ਲਾ ਕੇ ਕੁੱਤਿਆਂ ਵਾਂਗੂੰ ਤੁਰੀ ਫਿਰਦੀ ਐ,

ਨਿੰਤ ਨਵੇ ਤੋਂ ਨਵੇਂ ਸੂਟ ਬਦਲਦੀ ਐ, ਨਸ਼ੇ ਦੀ ਆਦੀ ਹੋ ਚੁੱਕੀ ਹੈ ਅਫੀਮ, ਭੁੱਕੀ, ਸਮੈਕ, ਫੈਂਸੀ ਤੇ ਸ਼ਰਾਬ ਦੀਆਂ ਦਿਨ-ਰਾਤ ਫੱਕੀਆਂ ਉਡਾਉਂਦੀ ਐ, ਹੱਥਾਂ ਵਿੱਚ ਮੋਬਾਈਲ ਫੜੇ ਹੁੰਦੇ ਹਨ ਵੱਡੇ-ਛੋਟੇ ਦੀ ਸ਼ਰਮ ਨਹੀਂ ਮੰਨਦੀ ਜੇ ਮੂਹਰੋਂ ਬੋਲੀਏ ਤਾਂ ਡਾਂਗ ਫੜ ਕੇ ਮਗਰ ਪੈ ਜਾਂਦੀ ਹੈ ਤੇਰੀਆਂ ਅੱਖਾਂ ਦੇ ਸਾਹਮਣੇ ਮੈਂ ਦਿਨ-ਰਾਤ ਕਮਾਈ ਕਰਕੇ ਇਨ੍ਹਾਂ ਨੂੰ ਸਭ ਕੁਝ ਬਣਾ ਕੇ ਦਿੱਤਾ ਪੈਰਾਂ ਵਿੱਚ ਫਿੱਡੇ ਛਿੱਤਰ ਪਾ ਕੇ ਹਲ਼ ਵਾਹੁੰਦਾ ਸੀ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਲਤੜ-ਲਤੜ ਕੇ ਖੇਤਾਂ ਨੂੰ ਪਾਣੀ ਦਿੰਦਾ ਸੀ ਮੈਂ ਇਨ੍ਹਾਂ ਦੀ ਖਾਤਰ ਸਰੀਰ ਦੀ ਪ੍ਰਵਾਹ ਨਹੀਂ ਸੀ

Punjabi Story

ਸਮਝੀ ਸੁੱਕ ਕੇ ਲੱਕੜ ਵਰਗਾ ਹੋ ਗਿਆ ਤੈਨੂੰ ਪਤੈ ਮੇਰੇ ਕੋਲ ਘਰ ਦੀ ਜ਼ਮੀਨ ਸਿਰਫ ਦੋ-ਢਾਈ ਕਿੱਲੇ ਸੀ ਮੈਂ ਦਿਨ-ਰਾਤ ਕਮਾਈ ਕਰਕੇ ਬਲਦਾਂ ਨਾਲ ਹਲ਼ ਵਾਹ-ਵਾਹ ਕੇ ਦਸ-ਬਾਰਾਂ ਕਿੱਲੇ ਇਨ੍ਹਾਂ ਨੂੰ ਜ਼ਮੀਨ ਬਣਾ ਕੇ ਦਿੱਤੀ ਹੁਣ ਬਲਦਾਂ ਦੀ ਥਾਂ ਫੋਰਡ ਟਰੈਕਟਰ ਖੜ੍ਹੈ ਪਰ ਇਹ ਬਣੀ-ਬਣਾਈ ਜਾਇਦਾਦ ਨੂੰ ਵੀ ਵਾਢਾ ਧਰੀ ਬੈਠੇ ਨੇ ਕਿੱਲੇ ਵੇਚ-ਵੇਚ ਕੇ ਖਾਈ ਜਾਂਦੇ ਨੇ ਮੇਰੀ ਪੱਗ ਨੂੰ ਦਾਗ ਲਾ ਰਹੇ ਨੇ ਤਾਂ ਹੀ ਮੈਂ ਹੁਣ ਨਾ ਮਰਿਆਂ ਵਿੱਚ ਹਾਂ ਨਾ ਜਿਉਂਦਿਆਂ ਵਿੱਚ ਮੈਨੁੰ ਔਲਾਦ ਨੇ ਕੱਖੋਂ ਹੌਲਾ ਕਰ ਛੱਡਿਐ” ਮੇਰੀ ਦਰਦ ਕਹਾਣੀ ਸੁਣ ਕੇ ਮੇਰੀ ਤਾਈ ਚਤਿੰਨੋ ਵੀ ਫੁੱਟ ਪਈ,

”ਕਿਹਾ ਜਮਾਨਾ ਆ ਗਿਐ, ਜੇ ਕੁਝ ਆਪਣੇ ਪੱਲੇ ਵਿੱਚ ਹੈ ਤਾਂ ਖਾ ਲੈ, ਨਹੀਂ ਤਾਂ ਧੱਕੇ ਮਾਰ-ਮਾਰ ਕੇ ਬਾਹਰ ਕੱਢੀ ਜਾਂਦੇ ਨੇ ਤੇਰੇ ਸਾਹਮਣੇ ਵੇਖ ਸਾਡਾ ਕੀ ਹਾਲ ਏ? ਅਸੀਂ ਇਨ੍ਹਾਂ ਖਾਤਰ ਭੁੱਖੇ-ਤਿਹਾਏ ਰਹਿ ਕੇ ਕੱਟਦੇ ਹਾਂ ਲੀੜਾ, ਕੱਪੜਾ ਗਿੱਠ ਸਾਨੂੰ ਨ੍ਹੀਂ ਸੁਆ ਕੇ ਦਿੰਦਾ ਇੱਥੇ ਹੀ ਬੱਸ ਨਹੀਂ, ਤੇਰੇ ਤਾਏ ਦੀ ਤੇ ਮੇਰੀ ਮੰਜੀ ਪਸ਼ੂਆਂ ਵਾਲੇ ਵਾੜੇ ਡਾਹ ਛੱਡੀ ਐ, ਜੇ ਜੀਅ ਕਰਿਆ ਤਾਂ ਰੋਟੀ ਫੜਾ ਆਉਂਦੇ ਨੇ, ਨਹੀਂ ਤਾਂ ਭੁੱਖਿਆਂ-ਤਿਹਾਇਆਂ ਨੂੰ ਰਾਤ ਕੱਟਣੀ ਪੈਂਦੀ ਐ, ਅਜੇ ਤਾਂ ਰੱਬ ਦਾ ਐਨਾਂ ਸ਼ੁਕਰ ਐ, ਤੇਰੇ ਤਾਏ ਨੇ ਮੇਰੇ ਨਾਂਅ ਇੱਕ ਕਿੱਲਾ ਜ਼ਮੀਨ ਲਵਾ ਰੱਖੀ ਐ, ਜਿਸ ਦੇ ਹਿੱਸੇ-ਠੇਕੇ ਵਿੱਚੋਂ ਅਸੀਂ ਆਪਣਾ ਪੇਟ ਪਾਲ਼ੀ ਜਾਨੇ ਆਂ ਜੇ ਸਾਡੇ ਪੱਲੇ ਕਿੱਲਾ ਜ਼ਮੀਨ ਨਾ ਹੁੰਦੀ ਤਾਂ ਸਾਡਾ ਹਾਲ ਵੀ ਮੌਲੇ ਬਲਦ ਵਰਗਾ ਹੋ ਜਾਣਾ ਸੀ ਜੋ  ਪਹਿਲਾਂ ਸਾਰੀ ਉਮਰ ਜ਼ਮੀਂਦਾਰ ਦੇ ਘਰ ਕਮਾਈ ਕਰ-ਕਰਕੇ ਹੱਡ ਗਾਲ਼ ਲੈਂਦਾ ਹੈ ਤੇ ਜਦੋਂ ਮੌਲਾ ਹੋ ਜਾਂਦੈ,

Punjabi Story

ਸਾਡੇ ਵਾਂਗੂੰ ਤਾਂ ਉਸਨੂੰ ਵੀ ਬਾਹਰਲੇ ਘਰ ਡੰਡੇ ਮਾਰ-ਮਾਰ ਕੇ ਛੱਡ ਆਉਂਦੇ ਨੇ ਧੁੱਪੇ-ਛਾਵੇਂ ਤਾਂ ਕੀ ਕਰਨਾ ਜੇ ਜੀ ਕਰਿਆ ਤਾਂ ਟੋਕਰੀ ਕੱਖਾਂ ਦੀ ਪਾ ਆਉਂਦੇ ਨੇ, ਨਹੀਂ ਤਾਂ ਭੁੱਖਾ-ਤਿਹਾਇਆ ਰਹਿ-ਰਹਿ ਸੁੱਕ-ਸੁੱਕ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਉਹੀ ਹਾਲ ਸਾਡਾ ਐ, ਪੁੱਤ ਜੈਲਿਆ ਇਹੋ-ਜਿਹੀ ਔਲਾਦ ਤੋਂ ਕੀ ਕਰਵਾਉਣਾਂ ਸੀ? ਜੋ ਢਿੱਡੋਂ ਜੰਮੀ ਸੂਲੀ ਢੰਗ ਰਹੀ ਐ ਸਾਡਾ ਤਾਂ ਰੱਬ ਵੀ ਨਾ ਬਣਿਆ, ਪੁੱਤਾਂ ਨਾਲੋਂ ਤਾਂ ਇੱਕ ਧੀ ਹੀ ਦੇ ਦਿੰਦਾ, ਜਿਹੜੀ ਦੁੱਖ-ਸੁਖ ਵੇਲੇ ਮਾਂ-ਪਿਓ ਦੀ ਸਾਰ ਤਾਂ ਲੈ ਲੈਂਦੀ ਜੋ ਮਾਂ-ਪਿਓ ਦੇ ਰਿਸ਼ਤੇ ਨੂੰ ਸਮਝਦੀ ਐ ਮਾਂ-ਪਿਓ ਨੂੰ ਦੁੱਖੀ ਸੁਣ ਕੇ ਧੀ ਦਾ ਤਾਂ ਫਿਰ ਵੀ ਕਾਲਜਾ ਮੱਚਦੈ, ਜਿਹੜੀ ਦੁੱਖ-ਸੁੱਖ ਵੇਲੇ ਗਲ ਨਾਲ ਲਾ ਕੇ ਰੱਖਦੀ ਐ” ਮੇਰੀ ਤਾਈ ਲੋਹੇ ਵਾਂਗੂੰ ਐਨੀ ਗਰਮ ਹੋਈ ਬੈਠੀ ਸੀ ਕਿ ਮੈਨੂੰ ਗੱਲ ਕਰਨ ਦਾ ਮੌਕਾ ਨਾ ਦਿੰਦੀ

Punjabi Story

ਮੈਂ ਵਿੱਚੋਂ ਉਸ ਦੀ ਗੱਲ ਟੋਕ ਕੇ ਕਿਹਾ, ”ਤੂੰ ਤਾਂ ਤਾਈ ਹੁਣ ਸਾਰਾ ਗੁੱਭ-ਗੁਬਾਹਟ ਕੱਢ ਲਿਆ ਮੈਨੂੰ ਵੀ ਵਾਰੀ ਦੇ-ਦੇ, ਮੈਂ ਵੀ ਆਪਣੀ ਹੱਡਬੀਤੀ ਤੈਨੂੰ ਦੱਸ ਦਿਆਂ” ਤਾਈ ਕਹਿਣ ਲੱਗੀ, ”ਪੁੱਤ ਜੈਲਿਆ, ਹੁਣ ਤੂੰ ਵੀ ਆਪਣੇ ਮਨ ਦੀ ਭੜਾਸ ਕੱਢ ਲੈ” ਮੈਂ ਆਖਿਆ, ”ਦੇਖ ਤਾਈ ਮੇਰੇ ਘਰੇ ਵੀ ਕਿੰਨਾ ਰੰਗ-ਭਾਗ ਲੱਗਾ ਹੋਇਐ ਪਰ ਨੂੰਹਾਂ-ਪੁੱਤਾਂ ਨੇ ਏਕਾ ਕਰਕੇ ਮੈਥੋਂ ਘਰ ਵਿੱਚ ਦੀ ਸਾਰੀ ਜਾਇਦਾਦ ਖੋਹ ਲਈ ਜਿਹੜੇ ਘਰ ਵਿੱਚ ਮੇਰਾ ਐਨਾ ਮਾਣ-ਤਾਣ ਹੁੰਦਾ ਸੀ, ਅਜੇ ਤਾਂ ਰੱਬ ਦਾ ਸ਼ੁਕਰ ਹੈ ਕਿ ਤੇਰੇ ਵਾਂਗੂੰ ਮੈਂ ਵੀ ਆਪਣੇ ਨਾਂਅ ਮਕਾਨ ਲਵਾਈ ਬੈਠਾਂ,

ਮੈਨੂੰ ਮੇਰੇ ਮਾਂ-ਪਿਓ ਮਰਨ ਲੱਗੇ ਕਹਿ ਗਏ ਸਨ ਕਿ ਪੁੱਤ ਅੱਗੇ ਸਮਾਂ ਬਹੁਤ ਮਾੜਾ ਆ ਰਿਹੈ, ਤੂੰ ਵੀ ਕੁਝ ਨਾ ਕੁਝ ਆਪਣੇ ਨਾਂਅ ਲਵਾ ਲੈ, ਨਹੀਂ ਤਾਂ ਮਗਰੋਂ ਤੇਰਾ ਬੁਰਾ ਹਾਲ ਹੋਊ, ਇਸ ਕਰਕੇ ਘਰ ਵਿੱਚ ਮੇਰੀ ਮਾੜੀ-ਮੋਟੀ ਇੱਜਤ ਹੋਈ ਜਾਂਦੀ ਐ, ਨਹੀਂ ਤਾਂ ਮੈਨੂੰ ਵੀ ਤੁਹਾਡੇ ਵਾਂਗੂੰ ਬਾਹਰਲੇ  ਵਾੜੇ ਦਾ ਮੂੰਹ ਦੇਖਣਾ ਪੈਂਦਾ ਤਾਈ ਤੈਨੂੰ ਤਾਂ ਪਤਾ ਹੀ ਹੈ ਉਹ ਵੀ ਸਮਾਂ ਸੀ, ਜਦੋਂ ਮਾਂ-ਪਿਓ ਨੂੰ ਰੱਬ ਵਾਂਗ ਪੂਜਿਆ ਜਾਂਦਾ ਸੀ, ਤੇ ਹੁਣ ਮਾਂ-ਪਿਓ ਦਾ ਬੁਰਾ ਹਾਲ ਹੁੰਦਾ ਹੈ

ਪੂਜਾ ਕਰਨੀ ਤਾਂ ਦੂਰ ਦੀ ਗੱਲ ਲੱਤਾ-ਬਾਹਾਂ ਭੰਨ੍ਹ ਕੇ ਮੰਜੇ ‘ਤੇ ਸੁੱਟ ਦਿੰਦੇ ਨੇ, ਪਰ ਮਰਿਆਂ ਮਗਰੋਂ ਲੱਡੂ, ਜਲੇਬੀਆਂ, ਗੁਲਾਬ ਜਾਮਣਾਂ ਤੇ ਰਸਗੁੱਲਿਆਂ ਨਾਲ ਡਕਾਉਂਦੇ ਨੇ ਪਰ ਲੋਕਾਂ ਨੂੰ ਤਾਂ ਪਤਾ ਹੀ ਹੁੰਦੈ ਕਿ ਇਨ੍ਹਾਂ ਜਿਉਂਦਿਆਂ ਦੀ ਘਰ ਵਿੱਚ ਕਿੰਨੀ ਕੁ ਸੇਵਾ ਹੁੰਦੀ ਸੀ ਤੇ ਕਿਵੇਂ ਅੱਡੀਆਂ ਰਗੜ-ਰਗੜ ਕੇ ਮਰੇ ਨੇ ਮਗਰੋਂ ਨੱਕ ਰੱਖਣ ਖਾਤਰ ਮਰਿਆਂ ਦਾ ਮਾਣ-ਤਾਣ ਕਰਦੇ ਹਨ” ਤਾਈ ਮੇਰੀਆਂ ਗੱਲਾਂ ਸੁਣ ਕੇ ਮੂੰਹ ਵਿੱਚ ਉਂਗਲਾਂ ਪਾ ਕੇ ਕਹਿਣ ਲੱਗੀ, ”ਵੇ ਪੁੱਤ ਜੈਲਿਆ, ਬੱਸ ਗੱਲ ਇੱਥੇ ਹੀ ਠੱਪਦੇ, ਆਪਾਂ ਜਿੰਨਾ ਚਿਰ ਇਸ ਜੱਗ  ‘ਤੇ ਜੀਵਾਂਗੇ, ਮੁੱਲ ਦੀ ਰੋਟੀ ਖਾਣੀ ਹੀ ਪਊ, ਖਬਰੇ ਇਨ੍ਹਾਂ ਦੇ ਪਿਛਲੇ ਜਨਮ ਦਾ ਲੈਣੇ-ਦੇਣੇ ਦਾ ਸਰਬੰਧ ਇਸ ਤਰ੍ਹਾਂ ਪੂਰਾ ਹੁੰਦਾ ਹੋਵੇ?”

ਜੇ.ਐਸ.ਬਲਿਆਲਵੀ , ਕੁਲਾਰਾਂ (ਪਟਿਆਲਾ), ਮੋ. 99886-68608