ਨਵੀਂ ਦਿੱਲੀ: ਭਾਰਤੀ ਫੌਜ ਮੁਖੀ ਜਨਰਲ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਦੇ ਦੌਰੇ ‘ਤੇ ਜਾਣਗੇ। ਇਹ ਦੌਰਾ ਇਸ ਲਈ ਅਹਿਮ ਹੈ ਕਿਉਂਕਿ ਸਿੱਕਮ ਸਰਹੱਦ ‘ਤੇ ਪਿਛਲੇ ਦੋ ਦਿਨਾਂ ਤੋਂ ਚੀਨ ਦੀ ਦਾਦਾਗਿਰੀ ਸਾਹਮਣੇ ਆਈ ਹੈ। ਕੈਲਾਸ਼ ਮਾਨਸਰੋਵਰ ਦੀ ਯਾਤਰਾ ਚੀਨ ਨੇ ਰੋਕ ਦਿੱਤੀ ਹੈ। ਤੀਰਥਯਾਤਰੀਆਂ ਨੂੰ ਬਾਰਡਰ ਤੋਂ ਵਾਪਸ ਭੇਜ ਦਿੱਤਾ ਹੈ। ਬਾਰਡਰ ‘ਤੇ ਤਣਾਅ ਦੇ ਬਹਾਨੇ ਚੀਨ ਪਿਛਲੇ ਦੋ ਦਿਨਾਂ ਤੋਂ ਭਾਰਤ ਨੂੰ ਧਮਕਾ ਰਿਹਾ ਹੈ।
ਫੌਜ ਮੁਖੀ ਦਾ ਇਹ ਦੌਰਾ ਹਾਲਾਂਕਿ ਪਹਿਲਾਂ ਤੋਂ ਤੈਅ ਸੀ ਪਰ ਚੀਨ ਦੇ ਨਾਲ ਚੱਲ ਰਹੇ ਸਰਹੱਦ ‘ਤੇ ਤਣਾਅ ਦੇ ਤਾਜ਼ਾ ਹਾਲਾਤ ਦਰਮਿਆਨ ਬਹੁਤ ਮਹੱਤਵਪੂਰਨ ਹੋ ਗਿਆ। ਜਨਰਲ ਬਿਪਿਨ ਰਾਵਤ ਸਿੱਕਮ ਬਾਰਡਰ ‘ਤੇ ਫਾਰਵਰਡ ਪੋਸਟ ‘ਤੇ ਜਾਣਗੇ ਅਤੇ ਸੀਨੀਅਰ ਕਮਾਂਡਰਾਂ ਨਾਲ ਸੁਰੱਖਿਆ ਦੇ ਹਾਲਾਤ ਦੀ ਸਮੀਖਿਆ ਕਰਨਗੇ।
ਚੀਨ ਦਾ ਦੋਸ਼: ਭਾਰਤੀ ਫੌਜੀਆਂ ਨੇ ਕਰਾਸ ਕੀਤੀ ਸੀ ਸਰਹੱਦ
ਚੀਨ ਨੇ ਭਾਰਤੀ ਫੌਜ ‘ਤੇਹੀ ਸਿੱਕਮ ਵਿੱਚ ਸਰਹੱਦ ਕਰਾਸ ਕਰਨ ਦਾ ਦੋਸ਼ ਲਾਇਆ ਸੀ। ਉਸ ਨੇ ਭਾਰਤ ਨੂੰ ਫੌਜੀਆਂ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਸੋਮਵਾਰ ਰਾਤ ਦਿੱਤੇ ਬਿਆਨ ਕਿਹਾ ਇੰਡੀਅਨ ਬਾਰਡਰ ਗਾਰਡਜ਼ ਭਾਰਤੀ ਚੀਨ ਸਰਹੱਦ ‘ਤੇ ਸਿੱਕਮ ਵਾਲੇ ਇਲਾਕੇ ਵਿੱਚ ਬਾਊਂਡਰੀ ਕਰਾਸ ਕਰਕੇ ਚੀਨ ਵਿੱਚ ਵੜ ਆਏ।