ਥੋਕ ਮਹਿੰਗਾਈ ਵਧ ਕੇ ਹੋਈ 3.36 ਫੀਸਦੀ, 16 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚੀ | Wholesale inflation Rises
ਨਵੀਂ ਦਿੱਲੀ (ਏਜੰਸੀ)। Wholesale inflation Rises : ਇੱਕ ਪਾਸੇ ਰਿਜ਼ਰਵ ਬੈਂਕ ਅਤੇ ਸਰਕਾਰ ਵੱਲੋਂ ਮਹਿੰਗਾਈ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਜਾਰੀ ਹਨ, ਉਥੇ ਹੀ ਦੂਜੇ ਪਾਸੇ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਅਸਮਾਨੀਂ ਚੜ੍ਹ ਗਈਆਂ ਹਨ। ਪਹਿਲਾਂ ਪ੍ਰਚੂਨ ਮਹਿੰਗਾਈ ਨੇ ਮੁਸੀਬਤ ਪੈਦਾ ਕੀਤੀ ਅਤੇ ਹੁਣ ਥੋਕ ਮਹਿੰਗਾਈ ਵੀ ਲਗਾਤਾਰ ਚੌਥੇ ਮਹੀਨੇ ਵਧੀ ਹੈ। ਜੂਨ ’ਚ ਥੋਕ ਕੀਮਤਾਂ ਦੀ ਵਾਧਾ ਦਰ 3.36 ਫੀਸਦੀ ਰਹੀ ਹੈ।
ਇਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਸਬਜ਼ੀਆਂ ਅਤੇ ਨਿਰਮਿਤ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਥੋਕ ਮੁੱਲ ਸੂਚਕ ਅੰਕ ’ਤੇ ਅਧਾਰਿਤ ਮਹਿੰਗਾਈ ਮਈ ’ਚ 2.61 ਫੀਸਦੀ ਸੀ, ਜੋ ਇੱਕ ਮਹੀਨੇ ਬਾਅਦ ਜੂਨ ’ਚ ਵਧ ਕੇ 3.36 ਫੀਸਦੀ ਹੋ ਗਈ। ਪਿਛਲੇ ਸਾਲ ਜੂਨ ’ਚ ਇਹ ਮਨਫੀ 4.18 ਫੀਸਦੀ ਸੀ। ਭਾਵ ਥੋਕ ਮਹਿੰਗਾਈ ਵਧਣ ਦੀ ਬਜਾਏ ਲਗਾਤਾਰ ਘਟ ਰਹੀ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਜਾਰੀ ਕੀਤੇ ਅੰਕੜੇ
ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੂਨ 2024 ਵਿੱਚ ਮਹਿੰਗਾਈ ਵਧਣ ਦਾ ਮੁੱਖ ਕਾਰਨ ਖੁਰਾਕੀ ਵਸਤਾਂ, ਖੁਰਾਕੀ ਵਸਤਾਂ ਦਾ ਨਿਰਮਾਣ, ਕੱਚੇ ਰਸਾਇਣ ਅਤੇ ਕੁਦਰਤੀ ਗੈਸ, ਖਣਿਜ ਤੇਲ, ਹੋਰ ਨਿਰਮਾਣ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਹੈ। ਅੰਕੜਿਆਂ ਮੁਤਾਬਕ ਜੂਨ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 10.87 ਫੀਸਦੀ ਵਧੀ, ਜਦੋਂਕਿ ਮਈ ’ਚ ਇਹ 9.82 ਫੀਸਦੀ ਸੀ।
ਪਿਆਜ਼ ਨੇ ਵੀ ਕੱਢਿਆ ਅੱਖਾਂ ’ਚੋਂ ਪਾਣੀ
ਸਬਜ਼ੀਆਂ ਦੀ ਮਹਿੰਗਾਈ ਦਰ ਜੂਨ ’ਚ 38.76 ਫੀਸਦੀ ਸੀ, ਜੋ ਮਈ ’ਚ 32.42 ਫੀਸਦੀ ਸੀ। ਪਿਆਜ਼ ਦੀ ਮਹਿੰਗਾਈ ਦਰ 93.35 ਫੀਸਦੀ, ਆਲੂ ਦੀ ਮਹਿੰਗਾਈ ਦਰ 66.37 ਫੀਸਦੀ ਰਹੀ। ਜੂਨ ’ਚ ਦਾਲਾਂ ਦੀ ਮਹਿੰਗਾਈ ਦਰ 21.64 ਫੀਸਦੀ ਰਹੀ। ਈਂਧਨ ਅਤੇ ਬਿਜਲੀ ਖੇਤਰ ਵਿੱਚ ਮਹਿੰਗਾਈ ਦਰ 1.03 ਫੀਸਦੀ ਰਹੀ, ਜੋ ਮਈ ਵਿੱਚ 1.35 ਫੀਸਦੀ ਤੋਂ ਥੋੜ੍ਹੀ ਘੱਟ ਹੈ। ਨਿਰਮਿਤ ਉਤਪਾਦਾਂ ਦੀ ਮਹਿੰਗਾਈ ਜੂਨ ’ਚ 1.43 ਫੀਸਦੀ ਰਹੀ, ਜੋ ਮਈ ’ਚ 0.78 ਫੀਸਦੀ ਤੋਂ ਜ਼ਿਆਦਾ ਸੀ।
ਆਮ ਆਦਮੀ ’ਤੇ ਅਸਰ
ਥੋਕ ਮਹਿੰਗਾਈ ਦੇ ਲੰਮੇ ਸਮੇਂ ਤੱਕ ਵਾਧਾ ਰਹਿਣ ਨਾਲ ਜ਼ਿਆਦਾਤਰ ਉਤਪਾਦਕ ਖੇਤਰਾਂ ’ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਜੇਕਰ ਥੋਕ ਕੀਮਤਾਂ ਬਹੁਤ ਲੰਮੇ ਸਮੇਂ ਤੱਕ ਉੱਚੀਆਂ ਰਹਿੰਦੀਆਂ ਹਨ, ਤਾਂ ਉਤਪਾਦਕ ਬੋਝ ਖਪਤਕਾਰਾਂ ’ਤੇ ਪਾ ਦਿੰਦੇ ਹਨ। ਸਰਕਾਰ ਟੈਕਸਾਂ ਰਾਹੀਂ ਹੀ ਥੋਕ ਮਹਿੰਗਾਈ ਨੂੰ ਕੰਟਰੋਲ ਕਰ ਸਕਦੀ ਹੈ। ਮਿਸਾਲ ਦੇ ਤੌਰ ’ਤੇ ਕੱਚੇ ਤੇਲ ’ਚ ਤੇਜ਼ ਵਾਧੇ ਦੀ ਸਥਿਤੀ ’ਚ ਸਰਕਾਰ ਨੇ ਈਂਧਨ ’ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਹਾਲਾਂਕਿ ਸਰਕਾਰ ਇੱਕ ਸੀਮਾ ਦੇ ਅੰਦਰ ਹੀ ਟੈਕਸ ਕਟੌਤੀਆਂ ਨੂੰ ਘਟਾ ਸਕਦੀ ਹੈ।
Also Read : ਟ੍ਰਾਈਸਿਟੀ ਦੇ ਲੋਕ ਮੀਂਹ ਨੂੰ ਤਰਸੇ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ