ਵਾਰਡ ਨੰਬਰ 16 ਤੇ 18 ਦਾ ਕੀਤਾ ਦੌਰਾ | SDM Sunam
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) SDM Sunam : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ ਵੱਲੋਂ ਸੁਨਾਮ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਗਿਆ। ਉਹਨਾਂ ਇਸ ਦੌਰਾਨ ਸ਼ਹਿਰ ਦੇ ਵਾਰਡ ਨੰ. 16 ਅਤੇ 18 ਵਿੱਚ ਸਪਲਾਈ ਹੋ ਰਹੇ ਪਾਣੀ ਵਿੱਚ ਗੰਦੇ ਪਾਣੀ ਦੇ ਰਲੇਵੇਂ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਉਸ ਜਗ੍ਹਾ ਦੀ ਜਲਦੀ ਤੋਂ ਜਲਦੀ ਸ਼ਨਾਖਤ ਕਰਕੇ ਇਸ ਦਾ ਪੱਕਾ ਹੱਲ ਕਰਨ ਲਈ ਹੁਕਮ ਕੀਤੇ ਗਏ ।
ਸਿੰਗਲਾ ਨੇ ਦੱਸਿਆ ਕਿ ਉਹਨਾਂ ਨੂੰ ਜਿਵੇਂ ਹੀ ਇਸਦੀ ਸ਼ਿਕਾਇਤ ਮਿਲੀ ਤਾਂ ਉਹਨਾਂ ਨੇ ਤੁਰੰਤ ਮੌਕੇ ਦਾ ਨਿਰੀਖਣ ਕਰਨ ਦਾ ਫੈਸਲਾ ਲਿਆ ਤਾਂ ਜੋ ਖਾਮੀ ਪਾਏ ਜਾਣ ਤੇ ਤੁਰੰਤ ਇਸ ਦਾ ਢੁਕਵਾਂ ਹੱਲ ਹੋ ਸਕੇ। ਜ਼ਿਕਰਯੋਗ ਹੈ ਕਿ ਸੱਚ ਕਹੂੰ ਵੱਲੋਂ ਲੋਕਾਂ ਦੀ ਇਸ ਸਮੱਸਿਆ ਸਬੰਧੀ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਤੋਂ ਤੁਰੰਤ ਬਾਦ ਪ੍ਰਸ਼ਾਸਨ ਵੱਲੋਂ ਐਕਸਨ ਲਿਆ ਗਿਆ ਹੈ।
ਇਸ ਤੋਂ ਇਲਾਵਾ ਸੁਨਾਮ ਦੇ ਜਿਹੜੇ ਖੇਤਰਾਂ ਵਿੱਚ ਪਿਛਲੇ ਸੀਜ਼ਨ ਵਿੱਚ ਡੇਂਗੂ ਲਾਰਵਾ ਪਾਇਆ ਗਿਆ ਸੀ, ਉਨ੍ਹਾਂ ਏਰੀਆਂ ਵਿੱਚ ਜਾ ਕੇ ਸ਼੍ਰੀ ਸਿੰਗਲਾ ਨੇ ਲੋਕਾਂ ਨੂੰ ਸਮਝਾਇਆ ਕਿ ਡੇਂਗੂ ਲਾਰਵਾ ਪੈਦਾ ਹੋਣ ਤੋਂ ਰੋਕਣ ਲਈ ਆਪਣੇ ਘਰ ਦੇ ਆਲੇ ਦੁਆਲੇ ਅਤੇ ਆਪਣੇ ਘਰਾਂ ਵਿੱਚ, ਕੂਲਰਾਂ ਵਿੱਚ, ਛੱਤਾਂ ਤੇ ਪਈਆਂ ਅਜਿਹੀਆਂ ਵਸਤੂਆਂ, ਜਿਨ੍ਹਾਂ ਵਿੱਚ ਬਾਰਿਸ਼ ਦਾ ਪਾਣੀ ਖੜਦਾ ਹੋਵੇ, ਉਨ੍ਹਾਂ ਵਿੱਚ ਪਾਣੀ ਜਮ੍ਹਾਂ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਲਾਰਵਾ ਪੈਦਾ ਨਾ ਹੋਵੇ। ਇਸ ਸਬੰਧ ਵਿੱਚ ਉਪ ਮੰਡਲ ਮੈਜਿਸਟਰੇਟ ਸੁਨਾਮ ਪ੍ਰਮੋਦ ਸਿੰਗਲਾ ਨੇ ਈ.ਓ. ਸੁਨਾਮ ਨੂੰ ਸਾਰੇ ਏਰੀਏ ਵਿੱਚ ਲਗਾਤਾਰ ਫੋਗਿੰਗ ਕਰਵਾਉਣ ਦੀ ਹਦਾਇਤ ਕੀਤੀ
ਉਨ੍ਹਾਂ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਸਵੱਛ ਭਾਰਤ ਮਿਸ਼ਨ ਤਹਿਤ ਸੁਨਾਮ ਸ਼ਹਿਰ ਦੀ ਰੈਕਿੰਗ ਵਿੱਚ ਵਾਧਾ ਕਰਨ ਲਈ ਸਾਫ-ਸਫਾਈ ਦੇ ਪ੍ਰਬੰਧ ਹੋਰ ਵੀ ਸੁਚਾਰੂ ਢੰਗ ਨਾਲ ਕੀਤੇ ਜਾਣ ਅਤੇ ਸੁੱਕੇ ਤੇ ਗਿੱਲੇ ਕੂੜੇ ਦੀ ਸ਼ੈਗਰੀਗੇਸ਼ਨ ਕਰਵਾਈ ਜਾਵੇ। ਐਸਡੀਐਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਫਾਈ ਦਾ ਧਿਆਨ ਰੱਖਣ ਅਤੇ ਗਿੱਲੇ-ਸੁੱਕੇ ਕੂੜੇ ਨੂੰ ਅਲੱਗ ਅਲੱਗ ਕਰਕੇ ਹੀ ਕੂੜੇ ਦਾਨ ਵਿੱਚ ਪਾਇਆ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵਲੋਂ ਬੂਟੇ ਲਗਾਉਣ ਤੇ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਹਰੇਕ ਨਾਗਰਿਕ ਨੂੰ ਯੋਗਦਾਨ ਪੌਂਡ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਦਰੱਖਤ ਲਗਾਏ ਜਾਣ । ਇਸ ਮੋਕੇ ਤੇ ਸ੍ਰੀ ਬਾਲ ਕ੍ਰਿਸ਼ਨ ਕਾਰਜ ਸਾਧਕ ਅਫਸਰ ਤੇ ਸਟਾਫ ਹਾਜ਼ਰ ਸੀ।