ਮੀਂਹ ਪਏ ਤੋਂ ਪੰਜ ਦਿਨ ਬਾਅਦ ਵੀ ਨਹੀਂ ਨਿੱਕਲਿਆ ਸੜਕਾਂ ਤੋਂ ਪਾਣੀ
ਮਾਨਸਾ (ਸੁਖਜੀਤ ਮਾਨ)। Mansa News : ਮਾਨਸਾ ਸ਼ਹਿਰ ਦੀਆਂ ਸੜਕਾਂ ਮੀਂਹ ਪਏ ਤੋਂ ਪੰਜ ਦਿਨ ਬਾਅਦ ਵੀ ਛੱਪੜ ਬਣੀਆਂ ਹੋਈਆਂ ਹਨ। ਸ਼ਹਿਰ ਵਾਸੀਆਂ ਨੂੰ ਘਰੋਂ ਨਿਕਲਣ ਲਈ ਰਸਤੇ ਬੰਦ ਹਨ। ਹਾਲਾਤ ਇਹ ਹੈ ਕਿ ਮਾਨਸਾ ਸ਼ਹਿਰ ਦੋ ਹਿੱਸਿਆ ’ਚ ਵੰਡਿਆ ਗਿਆ ਕਿਉਂਕਿ ਅੰਡਰਬ੍ਰਿਜ ’ਚੋਂ ਪਾਣੀ ਨਹੀਂ ਨਿਕਲਿਆ ਤੇ ਫਾਟਕ ਕਾਫੀ ਸਮਾਂ ਬੰਦ ਰਹਿੰਦਾ ਹੈ। ਪ੍ਰਸ਼ਾਸਨ ਦੀ ਇਸ ਜਲ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲਣ ਲਈ ਅੱਜ ਕਿਸਾਨਾਂ ਵੱਲੋਂ ਸੜਕ ਉੱਤੇ ਖੜ੍ਹੇ ਪਾਣੀ ’ਚ ਝੋਨਾ ਲਾ ਕੇ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਵੇਰਵਿਆਂ ਮੁਤਾਬਿਕ ਮਾਨਸਾ ਵਿੱਚ ਪੰਜ ਦਿਨ ਪਹਿਲਾਂ ਭਾਰੀ ਮੀਂਹ ਪਿਆ ਸੀ ਪਰ ਸੜਕਾਂ ਤੇ ਸਥਿਤੀ ਅੱਜ ਵੀ ਇਸ ਤਰ੍ਹਾਂ ਦੀ ਹੈ ਜਿਵੇਂ ਥੋੜ੍ਹਾ ਸਮਾਂ ਪਹਿਲਾਂ ਹੀ ਮੀਂਹ ਪੈ ਕੇ ਹਟਿਆ ਹੋਵੇ। ਸਭ ਤੋਂ ਜਿਆਦਾ ਬੁਰਾ ਹਾਲ ਤਿੰਨ ਕੋਣੀ ਅਤੇ ਅੰਡਰਬ੍ਰਿਜ ਦਾ ਹੈ। ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤਿੰਨ ਕੋਣੀ ਤੇ ਹੈ ਜਿਨ੍ਹਾਂ ਦੇ ਘਰ ਦੇ ਨੇੜੇ ਪਾਣੀ ਹੀ ਪਾਣੀ ਖੜ੍ਹਾ ਹੈ ਪਰ ਉਹਨਾਂ ਵੱਲੋਂ ਵੀ ਨਿਕਾਸੀ ਹਾਲੇ ਤੱਕ ਨਹੀਂ ਕਰਵਾਈ ਗਈ। ਹਾਲਾਤ ਇਹ ਬਣੇ ਹੋਏ ਹਨ ਕਿ ਪਾਣੀ ਤੋਂ ਡਰਦੇ ਲੋਕ ਬਦਲਵੇਂ ਰਸਤਿਓ ਨਿਕਲਣ ਨੂੰ ਤਰਜੀਹ ਦਿੰਦੇ ਹਨ ਜਿਸ ਕਰਕੇ ਸ਼ਹਿਰ ਵਿੱਚ ਵਾਹਨਾਂ ਦਾ ਜਾਮ ਲੱਗਿਆ ਰਹਿੰਦਾ ਹੈ। (Mansa News)
Also Read : Batala News: ਕਿੱਧਰ ਨੂੰ ਜਾ ਰਿਹੈ ਪੰਜਾਬ, ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਦੀ ਮੌਤ
ਪ੍ਰਸ਼ਾਸਨ ਅਤੇ ਸਥਾਨਕ ਨਗਰ ਕੌਂਸਲ ਦੀ ਇਸ ਘੋਰ ਲਾਪਰਵਾਹੀ ਤੋਂ ਅੱਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਸਬੰਧਿਤ ਕਿਸਾਨਾਂ ਨੇ ਸੜਕ ਤੇ ਖੜ੍ਹੇ ਪਾਣੀ ’ਚ ਝੋਨਾ ਲਾ ਕੇ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਮਹਿੰਦਰ ਸਿੰਘ ਭੈਣੀ ਬਾਘਾ ਤੇ ਹੋਰਨਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਕਿਸੇ ਵੀ ਅਧਿਕਾਰੀ ਦੇ ਕੰਨ ਉੱਤੇ ਜੂੰਅ ਨਹੀਂ ਸਰਕੀ ਜਿਸ ਤੋਂ ਅੱਕ ਕੇ ਹੀ ਅੱਜ ਸੜਕ ਤੇ ਝੋਨਾ ਲਾ ਕੇ ਪ੍ਰਦਰਸ਼ਨ ਕਰਨਾ ਪਿਆ।
ਪਾਣੀ ਨਿਕਾਸੀ ਦੇ ਯਤਨ ਕੀਤੇ ਜਾ ਰਹੇ ਹਨ: ਏਡੀਸੀ
ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਏਡੀਸੀ ਮਾਨਸਾ ਨਿਰਮਲ ਓਸੇਪਚਨ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤੇ ਛੇਤੀ ਹੀ ਰਸਤਾ ਸਾਫ ਕਰ ਦਿੱਤਾ ਜਾਵੇਗਾ। ਅੰਡਰਬ੍ਰਿਜ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਮੋਟਰਾਂ ਪਾਣੀ ਵਿੱਚ ਡੁੱਬ ਗਈਆਂ ਹਨ ਤੇ ਉੱਥੋਂ ਵੀ ਪਾਣੀ ਕੱਢਣ ਲਈ ਪ੍ਰਸ਼ਾਸਨ ਵੱਲੋਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।