‘ਆਪ’ ਦਾ ਲੱਗਿਆ ਹੋਇਆ ਐ ਸਾਰਾ ਜ਼ੋਰ, ਕੈਬਨਿਟ ਮੰਤਰੀ ਤੱਕ ਬੈਠੇ ਹਨ ਜਲੰਧਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। Jalandhar by Election 2024 : ਜਲੰਧਰ ਪੱਛਮੀ ਜਿਮਨੀ ਚੋਣ ਦਾ ਸ਼ੋਰ-ਸ਼ਰਾਬਾ ਅੱਜ ਬੰਦ ਹੋਣ ਜਾ ਰਿਹਾ ਹੈ। ਜਲੰਧਰ ਪੱਛਮੀ ਵਿਖੇ ਚੋਣ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸੋਮਵਾਰ ਨੂੰ ਸ਼ਾਮ 5 ਵਜੇ ਪ੍ਰਚਾਰ ਦਾ ਦੌਰ ਬੰਦ ਹੋ ਜਾਵੇਗਾ ਅਤੇ ਕੋਈ ਵੀ ਆਪਣੇ ਉਮੀਦਵਾਰ ਲਈ ਪ੍ਰਚਾਰ ਨਹੀਂ ਕਰ ਸਕੇੇਗਾ। ਇਸ ਨਾਲ ਹੀ ਭਲਕੇ 10 ਜੁਲਾਈ ਨੂੰ ਜਲੰਧਰ ਪੱਛਮੀ ਦੇ ਵੋਟਰਾਂ ਵੱਲੋਂ ਉਮੀਦਵਾਰ ਦੇ ਭਵਿੱਖ ਦਾ ਫੈਸਲਾ ਕਰਦੇ ਹੋਏ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ।
Jalandhar by Election 2024
ਜਲੰਧਰ ਪੱਛਮੀ ਭਾਵੇਂ ਜ਼ਿਮਨੀ ਚੋਣ ਹੈ ਪਰ ਇਹ ਚੋਣ ਪੰਜਾਬ ਦੇ ਇਤਿਹਾਸ ਵਿੱਚ ਵੱਡੀ ਚੋਣ ਸਾਬਤ ਹੋਣ ਜਾ ਰਹੀ ਹੈ ਇਸ ਜ਼ਿਮਨੀ ਚੋਣ ਵਿੱਚ ਇੰਨਾ ਜ਼ੋਰ ਪਹਿਲਾਂ ਕਿਸੇ ਵੀ ਪਾਰਟੀ ਜਾਂ ਫਿਰ ਸੱਤਾਧਾਰੀ ਪਾਰਟੀ ਵੱਲੋਂ ਨਹੀਂ ਲਾਇਆ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਰਾਜਧਾਨੀ ਚੰਡੀਗੜ੍ਹ ਨੂੰ ਛੱਡ ਕੇ ਪਿਛਲੇ ਦੋ ਹਫ਼ਤਿਆਂ ਤੋਂ ਜਲੰਧਰ ਵਿਖੇ ਹੀ ਬੈਠੇ ਹਨ ਅਤੇ ਇਸ ਚੋਣ ਪ੍ਰਚਾਰ ਵਿੱਚ ਭਗਵੰਤ ਮਾਨ ਦਾ ਪਰਿਵਾਰ ਵੀ ਵੱਡੇ ਪੱਧਰ ’ਤੇ ਲੱਗਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਚੋਣ ਨੂੰ ਆਪਣੇ ਨਿੱਜੀ ਵੱਕਾਰ ਦਾ ਮਸਲਾ ਮੰਨ ਕੇ ਚੱਲ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਵੀ ਜਲੰਧਰ ਵਿਖੇ ਬੈਠੇ ਹੋਏ ਹਨ।
ਕਾਂਗਰਸ ਪਾਰਟੀ ਅੰਦਰਖਾਤੇ ਕਰ ਰਹੀ ਐ ਵੱਡੇ ਪੱਧਰ ’ਤੇ ਪ੍ਰਚਾਰ, ਸ਼ੋਰ-ਸ਼ਰਾਬੇ ਤੋਂ ਰੱਖਿਆ ਦੂਰ
ਜਲੰਧਰ ਪੱਛਮੀ ਵਿਖੇ ਹਰ ਗਲੀ ਮੁਹੱਲੇ ਵਿੱਚ ਇੱਕ-ਇੱਕ ਕੈਬਨਿਟ ਮੰਤਰੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ।ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆਪਣੀ ਪੂਰੀ ਤਾਕਤ ਇਥੇ ਝੋਕੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਵੱਡੇ ਪੱਧਰ ’ਤੇ ਲੀਡਰ ਇਸ ਚੋਣ ਨੂੰ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਹਨ ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਜੰਮ ਕੇ ਘੇਰਿਆ ਜਾ ਰਿਹਾ ਹੈ। ਬੀਤੇ ਹਫ਼ਤੇ ਤੋਂ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਵੀ ਕਾਫ਼ੀ ਜ਼ਿਆਦਾ ਗੰਭੀਰ ਦੋਸ਼ ਲਾਏ ਸਨ, ਜਿਸ ਕਾਰਨ ਇਹ ਚੋਣ ਸਿਰਫ ਦੋ ਪਾਰਟੀਆਂ ਜਾਂ ਫਿਰ ਉਮੀਦਵਾਰਾਂ ਦੇ ਵਿਚਾਲੇ ਨਹੀਂ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ੀਤਲ ਅੰਗੁਰਾਲ ਵਿੱਚ ਨਿੱਜੀ ਤੌਰ ’ਤੇ ਵੀ ਰਹੀ ਹੈ।
Also Read : New Criminal Laws: ਨਵੇਂ ਅਪਰਾਧਿਕ ਕਾਨੂੰਨਾਂ ਦਾ ਸਰੂਪ ਤੇ ਪ੍ਰਾਸੰਗਿਕਤਾ
ਭਾਜਪਾ ਤੇ ਆਪ ਦੀ ਆਪਸੀ ਲੜਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਅੰਦਰਖਾਤੇ ਆਪਣੇ ਪ੍ਰਚਾਰ ਨੂੰ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੋਂ ਹਰ ਘਰ ਤੱਕ ਪਹੁੰਚ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ
ਸ਼੍ਰੋਮਣੀ ਅਕਾਲੀ ਦਲ ‘ਗੇਮ ਵਿੱਚੋਂ ਬਾਹਰ’, ਪਹਿਲੀ ਵਾਰ ਜ਼ਿਮਨੀ ਚੋਣ ਵਿੱਚ ਨਹੀਂ ਕੀਤਾ ਪ੍ਰਚਾਰ
ਸ਼੍ਰੋਮਣੀ ਅਕਾਲੀ ਦਲ ਲਈ ਜਲੰਧਰ ਪੱਛਮੀ ਜ਼ਿਮਨੀ ਚੋਣ ਨਮੋਸ਼ੀ ਵਾਂਗ ਵੀ ਦੇਖੀ ਜਾ ਰਹੀ ਹੈ, ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਜ਼ਿਮਨੀ ਚੋਣ ਹੋਵੇੇਗੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਉਸ ਤੋਂ ਹੱਥ ਪਿਛਾਂਹ ਖਿੱਚਿਆ ਹੋਵੇ ਅਤੇ ਜਿਮਨੀ ਚੋਣ ਵਿੱਚ ਪ੍ਰਚਾਰ ਹੀ ਨਾ ਕੀਤਾ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਲਗਭਗ ਸਾਰੇ ਹੀ ਵੱਡੇ ਆਗੂਆਂ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਪ੍ਰਚਾਰ ਮੈਦਾਨ ਵਿੱਚੋਂ ਆਪਣੇ ਆਪ ਨੂੰ ਬਾਹਰ ਰੱਖਿਆ ਹੋਇਆ ਹੈ।