ਹੜ੍ਹਾਂ ਦਾ ਧੁੜਕੂ, ਪ੍ਰਸ਼ਾਸਨ ਕਰੇ ਨਾ ਕਰੇ, ਲੋਕਾਂ ਕੀਤੀ ਤਿਆਰੀ

Patiala News

ਕਿਸੇ ਨੇ ਆਪਣੇ ਬੈੱਡ ਸੋਫੇ ਅਤੇ ਹੋਰ ਸਾਮਾਨ ਨੂੰ ਚਾਰ-ਚਾਰ ਫੁੱਟ ਉੱਚਾ ਚੁੱਕਿਆ, ਕਿਸੇ ਨੇ ਘਰਾਂ ਅੰਦਰ ਕੱਢੀਆਂ ਕੰਧਾਂ | Patiala News

ਪਟਿਆਲਾ (ਖੁਸਵੀਰ ਸਿੰਘ ਤੂਰ)। Patiala News : ਪੰਜਾਬ ਸਮੇਤ ਪਹਾੜੀ ਖੇਤਰਾਂ ਵਿੱਚ ਪੈ ਰਹੀ ਬਰਸਾਤ ਕਾਰਨ ਪਟਿਆਲਾ ਦੇ ਲੋਕਾਂ ਨੂੰ ਮੁੜ ਹੜ੍ਹਾਂ ਦਾ ਖਤਰਾ ਸਤਾਉਣ ਲੱਗਾ ਹੈ। ਆਲਮ ਹੈ ਕਿ ਪਟਿਆਲਾ ਦੇ ਲੋਕਾਂ ਵੱਲੋਂ ਆਪਣੇ ਘਰਾਂ ਨੂੰ ਪਾਣੀ ਤੋਂ ਬਚਾਉਣ ਲਈ ਆਪਣੇ ਤੌਰ ’ਤੇ ਸੁਰੱਖਿਆ ਇੰਤਜਾਮ ਸ਼ੁਰੂ ਕਰ ਦਿੱਤੇ ਗਏ ਹਨ। ਦੂਜੇ ਪਾਸੇ ਲੋਕਾਂ ’ਚ ਸਰਕਾਰ ਪ੍ਰਤੀ ਰੋਸ ਹੈ ਕਿ ਬਰਸਾਤਾਂ ਦੇ ਦਿਨ ਸ਼ੁਰੂ ਹੋ ਚੁੱਕੇ ਹਨ ਪਰ ਪਟਿਆਲਾ ਦੀ ਛੋਟੀ ਵੱਡੀ ਨਦੀ ਸਮੇਤ ਹੋਰਨਾਂ ਥਾਵਾਂ ਦੀ ਅਜੇ ਪੂਰੀ ਤਰ੍ਹਾਂ ਸਫਾਈ ਨਹੀਂ ਹੋਈ ਅਤੇ ਸਰਕਾਰ ਨੇ ਪਿਛਲੇ ਹੜ੍ਹਾਂ ਤੋਂ ਹੋਏ ਨੁਕਸਾਨ ਤੋਂ ਕੋਈ ਸਬਕ ਨਹੀਂ ਸਿੱਖਿਆ।

ਪਟਿਆਲਾ ਦੇ ਅਰਬਨ ਸਟੇਟ, ਚਨਾਰ ਬਾਗ, ਗੋਬਿੰਦ ਬਾਗ ਅਤੇ ਛੋਟੀ, ਵੱਡੀ ਨਦੀ ਨਾਲ ਦੇ ਇਲਾਕਿਆਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ

ਦੱਸਣਯੋਗ ਹੈ ਕਿ ਪਿਛਲੇ ਸਾਲ 11 ਜੁਲਾਈ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਹੜ ਨੇ ਆਪਣਾ ਕਹਿਰ ਢਾਹਿਆ ਸੀ ਤੇ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਸੂਬੇ ਅੰਦਰ ਰੋਜਾਨਾ ਹੀ ਬਰਸਾਤ ਹੋ ਰਹੀ ਹੈ ਜਿਸ ਕਾਰਨ ਬਜ਼ਾਰਾਂ ਤੇ ਖੇਤ ਖਲਿਆਣ ਜਲ ਥਲ ਹੋ ਰਹੇ ਹਨ। ਪਟਿਆਲਾ ਸਹਿਰ ਦੇ ਸਭ ਤੋਂ ਅਮੀਰ ਤੇ ਵੀਆਈਪੀ ਇਲਾਕੇ ਅਰਬਨ ਸਟੇਟ ਦੇ ਲੋਕਾਂ ਨੂੰ ਹੜ੍ਹਾਂ ਦੇ ਡਰ ਨੇ ਮੁੜ ਕੰਬਣ ਲਗਾ ਦਿੱਤਾ ਹੈ ਤੇ ਲੋਕਾਂ ਵੱਲੋਂ ਆਪਣੇ ਪੱਧਰ ਤੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Patiala News
ਪਟਿਆਲਾ : ਲੋਕਾਂ ਵੱਲੋਂ ਹੜ੍ਹ ਤੋਂ ਬਚਾਅ ਲਈ ਜੁਗਾੜ ਲਾ ਕੇ ਉੱਚੇ ਚੁੱਕੇ ਗਏ ਬੈੱਡ ਅਤੇ ਘਰਾਂ ਮੂਹਰੇ ਕੱਢੀਆਂ ਗਈਆਂ ਕੰਧਾਂ ਤਸਵੀਰਾਂ : ਖੁਸ਼ਵੀਰ ਸਿੰਘ ਤੂਰ

ਅਰਬਨ ਸਟੇਟ ਇਲਾਕੇ ਦੇ ਵਸਨੀਕ ਤੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਵੜੈਚ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੂੰ ਹੜਾਂ ਕਾਰਨ ਭਾਰੀ ਨੁਕਸਾਨ ਸਹਿਣਾ ਪਿਆ ਤੇ ਇਸ ਵਾਰ ਉਨ੍ਹਾਂ ਵੱਲੋਂ ਸਰਕਾਰਾਂ ਦੀ ਝਾਕ ਨਾ ਰੱਖਦਿਆਂ ਆਪਣੇ ਘਰ ਅੰਦਰਲੇ ਕੀਮਤੀ ਸਮਾਨ ਬੈੱਡ, ਸੋਫੇ ਤੇ ਹੋਰ ਸਮਾਨ ਨੂੰ ਲੋਹੇ ਦੇ ਤਿੰਨ ਤਿੰਨ ਚਾਰ ਚਾਰ ਫੁੱਟ ਉੱਚੇ ਮੇਜ ਬਣਾ ਕੇ ਉਸਦੇ ’ਤੇ ਰੱਖ ਦਿੱਤਾ ਗਿਆ ਹੈ ਤਾਂ ਜੋ ਜੇਕਰ ਪਾਣੀ ਘਰ ਅੰਦਰ ਵੀ ਆਵੇ ਤਾਂ ਸਮਾਨ ਨੂੰ ਨੁਕਸਾਨ ਨਾ ਪੁੱਜੇ। ਇਸ ਦੇ ਨਾਲ ਹੀ ਇੱਕ ਸਾਬਕਾ ਆਈਏਐਸ ਅਧਿਕਾਰੀ ਵੱਲੋਂ ਆਪਣੇ ਘਰ ਦੇ ਗੇਟ ਦੇ ਪਿੱਛੇ ਕੰਧ ਵੀ ਉਸਾਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਆਪਣੀ ਕੋਠੀ ਦੇ ਅੰਦਰ ਵੀ ਕੰਧਾਂ ਬਣਾ ਕੇ ਪਾਣੀ ਨੂੰ ਰੋਕਣ ਦਾ ਉਪਰਾਲਾ ਕੀਤਾ ਗਿਆ ਹੈ।

Also Read : Holiday: ਪੰਜਾਬ ’ਚ ਇਸ ਦਿਨ ਲਈ ਹੋਇਆ ਛੁੱਟੀ ਦਾ ਐਲਾਨ

ਇਸੇ ਤਰ੍ਹਾਂ ਹੀ ਛੋਟੀ ਅਤੇ ਵੱਡੀ ਨਦੀ ਦੇ ਨਾਲ ਲੱਗਦੀਆਂ ਕਲੋਨੀਆਂ ਦੇ ਲੋਕਾਂ ਵੱਲੋਂ ਵੀ ਆਪਣਾ ਸਮਾਨ ਘਰਾਂ ਦੀ ਛੱਤ ’ਤੇ ਰੱਖ ਦਿੱਤਾ ਗਿਆ ਹੈ। ਇਸ ਦੌਰਾਨ ਰਮਾ ਦੇਵੀ ਨੇ ਦੱਸਿਆ ਕਿ ਪਿਛਲੇ ਸਾਲ ਉਨਾਂ ਦੇ ਬੈਡ, ਕੁਰਸੀਆਂ, ਕੱਪੜੇ ਲੱਤੇ ਤੇ ਹੋਰ ਸਮਾਨ ਪਾਣੀ ’ਚ ਹੀ ਖਰਾਬ ਹੋ ਗਿਆ ਸੀ ਤੇ ਇਸ ਵਾਰ ਉਨ੍ਹਾਂ ਵੱਲੋਂ ਪਹਿਲਾਂ ਹੀ ਆਪਣਾ ਸਮਾਨ ਘਰ ਦੀ ਛੱਤ ’ਤੇ ਤਰਪਾਲਾਂ ਨਾਲ ਲਪੇਟ ਕੇ ਰੱਖ ਦਿੱਤਾ ਗਿਆ ਹੈ ਤਾਂ ਜੋ ਇਸ ਵਾਰ ਬਚਾ ਹੋ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਜਦਕਿ ਉਨ੍ਹਾਂ ਦੇ ਘਰਾਂ ਅੰਦਰ ਚਾਰ ਚਾਰ ਫੁੱਟ ਤੋਂ ਵੱਧ ਪਾਣੀ ਭਰ ਗਿਆ ਸੀ। ਇਸ ਮੌਕੇ ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਗਮ ਦੇ ਮੁਲਾਜ਼ਮਾਂ ਵੱਲੋਂ ਆਪਣਾ ਸਮਾਨ ਸੰਭਾਲ ਕੇ ਰੱਖਣ ਲਈ ਆਖਿਆ ਗਿਆ ਹੈ।

ਘੱਗਰ ਦੇ ਉਫਾਨ ਤੋਂ ਅੱਜ ਵੀ ਡਰਦੇ ਨੇ ਕਿਸਾਨ

ਇੱਥੇ ਹੀ ਬਸ ਨਹੀਂ ਇਸ ਦੇ ਨਾਲ ਹੀ ਘੱਗਰ ਦਰਿਆ ਵੀ ਪਟਿਆਲਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਦੇ ਸਾਹ ਫੁਲਾ ਰਿਹਾ ਹੈ। ਉਨ੍ਹਾਂ ਨੂੰ ਝੋਨੇ ਦੇ ਖੇਤਾਂ ’ਚ ਪਾਣੀ ਭਰਨ ਦਾ ਡਰ ਵੀ ਸਤਾਉਣ ਲੱਗਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਹਿੰਗੇ ਭਾਅ ਦੀ ਲੇਬਰ ਨਾਲ ਆਪਣਾ ਝੋਨਾ ਲਾ ਦਿੱਤਾ ਗਿਆ ਹੈ ਪਰ ਡਰ ਹੈ ਕਿ ਕਿਤੇ ਪਿਛਲੀ ਵਾਰ ਦੀ ਤਰ੍ਹਾਂ ਘੱਗਰ ਫਿਰ ਤਬਾਹੀ ਨਾ ਮਚਾ ਦੇਵੇ। ਜ਼ਿਲ੍ਹੇ ’ਚ ਘੱਗਰ ਦਰਿਆ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਹੋਰ ਨਦੀਆਂ ਨਾਲੇ ਵੀ ਹੜ੍ਹਾਂ ਦਾ ਕਾਰਨ ਬਣਦੇ ਹਨ। ਕਿਸਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਪਰਮਾਤਮਾ ਅੱਗੇ ਰੋਜਾਨਾ ਹੀ ਅਰਦਾਸ ਕਰਦੇ ਹਨ ਕਿ ਇਸ ਵਾਰ ਉਨ੍ਹਾਂ ਦੇ ਖੇਤਾਂ ’ਚ ਪਾਣੀ ਨਾ ਆਵੇ ਤਾਂ ਜੋ ਸੁਖੀ ਸਾਂਦੀ ਉਨ੍ਹਾਂ ਦੀ ਫਸਲ ਪੂਰ ਚੜ੍ਹ ਜਾਵੇ।