ਸਮੇਂ ਦੀ ਮੰਗ ਹੈ ਕਿਰਤ ਸ਼ਕਤੀ ਦੀ ਸਮੁੱਚੀ ਵਰਤੋਂ

Labor

Labor Power: ਅਬਾਦੀ ਵਾਧੇ ਦੇ ਭਿਆਨਕ ਨਤੀਜਿਆਂ ਤੋਂ ਇਨਕਾਰ ਨਹੀਂ ਪਰ ਸਰਾਪ ਨੂੰ ਵਰਦਾਨ ਬਣਾ ਦੇਣ ਦੀ ਕਾਬਲੀਅਤ ਦਾ ਸਬੂਤ ਦੇਣਾ ਵੀ ਜ਼ਰੂਰੀ ਹੈ। ਭਰਪੂਰ ਮਾਤਰਾ ’ਚ ਮੁਹੱਈਆ ਮਾਨਸਿਕ ਅਤੇ ਸਰੀਰਕ ਕਿਰਤ ਸ਼ਕਤੀ ਨੂੰ ਵਸੀਲੇ ਦੀ ਦ੍ਰਿਸ਼ਟੀ ਨਾਲ ਰਾਸ਼ਟਰੀ ਸੰਪੱਤੀ ਦੇ ਰੂਪ ’ਚ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਕਿਰਤ ਸ਼ਕਤੀ ਨਾਸ਼ਵਾਨ ਪ੍ਰਕਿਰਤੀ ਦੀ ਹੈ ਇਸ ਲਈ ਸਮਾਂ ਰਹਿੰਦਿਆਂ ਇਸ ਦੀ ਸੰਪੂਰਨ ਵਰਤੋਂ ਕੀਤੀ ਜਾਣੀ ਜ਼ਰੂਰੀ ਹੈ। ਸਮੱਸਿਆਵਾਂ ਦਾ ਰੋਣਾ ਰੋਣਾ ਹੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।

ਇਸ ਸਬੰਧ ਵਿਚ ਸਕਾਰਾਤਮਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਨਿਸ਼ਚਿਤ ਹੀ ਰਾਸ਼ਟਰ ਦੇ ਸਮੁੱਚੇ ਵਿਕਾਸ ’ਚ ਵਸੀਲਿਆਂ ਦੀ ਸਮੁੱਚੀ ਵਰਤੋਂ ਕੀਤੇ ਬਿਨਾਂ ਵਿਕਾਸ ਦੀ ਕਲਪਨਾ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ। ਲਿਹਾਜ਼ਾ ਅਗਵਾਈ ਨੂੰ ਚਾਹੀਦੈ ਕਿ ਉਹ ਸਮੱਸਿਆ ਨੂੰ ਵਰਦਾਨ ਬਣਾਉਣ ਦੀ ਦਿਸ਼ਾ ’ਚ ਸੋਚੇ। ਅਬਾਦੀ ਵਾਧੇ ਨੂੰ ਬੀਤੇ ਦਹਾਕਿਆਂ ਤੋਂ ਲਗਾਤਾਰ ਨਕਾਰਾਤਮਕ ਨਜ਼ਰੀਏ ਨਾਲ ਰੇਖਾਂਕਿਤ ਕੀਤਾ ਜਾਂਦਾ ਰਿਹਾ ਹੈ। ਮਨੁੱਖ ਦੇ ਮਾਨਸਿਕ ਅਤੇ ਸਰੀਰਕ ਕਿਰਤ ਨੂੰ ਪ੍ਰੇਰਿਤ ਕਰਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਦਿਸ਼ਾ ’ਚ ਜ਼ਿਆਦਾ ਨਹੀਂ ਸੋਚਿਆ ਗਿਆ। (Labor Power)

ਪਿਛਲੇ ਸਮੇਂ ’ਚ ਤਕਨੀਕੀ ਦੌਰ ਦਾ ਤੇਜ਼ ਗਤੀ ਨਾਲ ਹੁੰਦਾ ਵਿਕਾਸ ਦੇਸ਼ ’ਚ ਬੇਰੁਜ਼ਗਾਰਾਂ ਦੀ ਗਿਣਤੀ ’ਚ ਵਾਧਾ ਕਰਦਾ ਰਿਹਾ। ਵਧਦੀ ਅਬਾਦੀ ਨੂੰ ਇੱਕ ਬੋਝ ਦੇ ਰੂਪ ’ਚ ਦੇਖਦਿਆਂ ਦੇਸ਼ ਦੇ ਸਰਵਪੱਖੀ ਵਿਕਾਸ ’ਚ ਅੜਿੱਕਾ ਮੰਨਿਆ ਗਿਆ। ਪਰ ਇਹ ਇੱਕ ਸਥਾਪਿਤ ਸੱਚ ਹੈ ਕਿ ਜਿਸ ਮਨੁੱਖ ਨੇ ਜਨਮ ਲਿਆ ਹੈ ਉਹ ਆਪਣੇ ਮਾਨਸਿਕ ਅਤੇ ਸਰੀਰਕ ਗੁਣਾਂ ਨਾਲ ਸਮਾਜ ਨੂੰ ਫਾਇਦਾ ਪਹੁੰਚਾ ਸਕਦਾ ਹੈ। ਪਰ ਇਸ ਲਈ ਕਾਰਗਰ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤੇ ਜਾਣ ਦੀ ਬਹੁਤ ਲੋੜ ਹੈ। ਇਹ ਸੱਚ ਹੈ ਕਿ ਵਧਦੀ ਅਬਾਦੀ ਦਾ ਨਕਾਰਾਤਮਕ ਨਤੀਜਾ ਦੇਸ਼ ਤੇ ਸਮਾਜ ਨੇ ਭੁਗਤਿਆ ਹੈ।

ਮਨੁੱਖੀ ਕਿਰਤ ਦੀ ਵਰਤੋਂ

ਪਰ ਇਹ ਅਗਵਾਈ ਦੀ ਨਾਕਾਮੀ ਦਾ ਸੂਚਕ ਹੀ ਹੈ ਕਿ ਵਧਦੀ ਹੋਈ ਆਬਾਦੀ ਮਨੁੱਖੀ ਵਸੀਲਿਆਂ ਦੀ ਬਜਾਏ ਸਮੱਸਿਆ ਦੇ ਰੂਪ ’ਚ ਦੇਖੀ ਅਤੇ ਸਮਝੀ ਗਈ। ਵਿਕਾਸ ਦੀ ਰਫ਼ਤਾਰ ਨੂੰ ਹੋਰ ਜ਼ਿਆਦਾ ਰਫ਼ਤਾਰ ਅਸੀਂ ਪ੍ਰਦਾਨ ਕਰ ਸਕਦੇ ਸੀ ਬਸ਼ਰਤੇ ਕਿ ਮਨੁੱਖੀ ਕਿਰਤ ਦੀ ਵਰਤੋਂ ਦੇ ਸੰਦਰਭ ’ਚ ਕਾਰਗਰ ਨੀਤੀਆਂ ਲਾਗੂ ਕੀਤੀਆਂ ਹੁੰਦੀਆਂ। ਬੀਤੇ ਦੌਰ ’ਚ ਸੰਸਾਰ ਪ੍ਰਸਿੱਧ ਅੰਕਸ਼ਾਸਤਰੀ ਮਾਲਥਸ ਨੇ ਅਰਥਸ਼ਾਸਤਰ ਦੇ ਅੰਤਰਗਤ ਅਬਾਦੀ ਵਾਧੇ ਨੂੰ ਪੂਰਨ ਰੂਪ ਨਾਲ ਨਕਾਰਾਤਮਕ ਦਿਖਾਉਂਦੇ ਹੋਏ ਇਸ ਨੂੰ ਯਕੀਨੀ ਰੂਪ ਨਾਲ ਨੁਕਸਾਨਦੇਹ ਦਿਖਾਇਆ ਸੀ।

ਦੇਸ਼ ਦੇ ਨੀਤੀ ਘਾੜਿਆਂ ਨੇ ਮੁਹੱਈਆ ਮਾਨਸਿਕ ਅਤੇ ਸਰੀਰਕ ਕਿਰਤ ਦੀ ਸਮੁੱਚੀ ਵਰਤੋਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਬਜਾਏ ਤਕਨੀਕੀ ਵਿਕਾਸ ’ਤੇ ਜ਼ੋਰ ਦਿੱਤਾ। ਨਤੀਜੇ ਵਜੋਂ ਇਹ ਤੱਥ ਸਥਾਪਿਤ ਹੋਇਆ ਕਿ ਦੇਸ਼ ’ਚ ਫੈਲੀਆਂ ਤਮਾਮ ਸਮੱਸਿਆਵਾਂ ਦਾ ਇੱਕੋ-ਇੱਕ ਕਾਰਨ ਵਧਦੀ ਹੋਈ ਅਬਾਦੀ ਹੀ ਹੈ। ਇਸ ਓਟ ’ਚ ਅਗਵਾਈ ਦੀ ਅਸਮਰੱਥਾ ਦਬ ਜਿਹੀ ਗਈ। ਤੱਤਕਾਲੀ ਸ਼ਾਸਕਾਂ ਨੇ ਆਮ ਲੋਕਾਂ ’ਚ ਇਹ ਧਾਰਨਾ ਸਥਾਪਿਤ ਕਰ ਦਿੱਤੀ ਕਿ ਦੇਸ਼ ’ਚ ਫੈਲੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਵਧਦੀ ਅਬਾਦੀ ਹੀ ਹੈ। ਦਰਅਸਲ ਸਮੱਸਿਆ ਨੂੰ ਮੌਕਾ ਬਣਾਉਣ ਦੀ ਦਿਸ਼ਾ ’ਚ ਅਗਵਾਈ ਨੇ ਦ੍ਰਿੜ ਇੱਛਾ-ਸ਼ਕਤੀ ਦਾ ਸਬੂਤ ਨਹੀਂ ਦਿੱਤਾ।

ਅਬਾਦੀ ਵਾਧਾ ਨੁਕਸਾਨਦੇਹ

ਕਾਲਾਂਤਰ ’ਚ ਆਧੁਨਿਕ ਵਿਚਾਰਧਾਰਾ ਵਾਲੇ ਅਰਥਸ਼ਾਤਰੀਆਂ ਨੇ ਅਬਾਦੀ ਵਾਧੇ ਨੂੰ ਨਵੇਂ ਰੂਪ ’ਚ ਪਰਿਭਾਸ਼ਿਤ ਕੀਤਾ। ਉਨ੍ਹਾਂ ਨੇ ਅਬਾਦੀ ਵਾਧੇ ਨੂੰ ਉਸ ਹੱਦ ਤੱਕ ਫਾਇਦੇਮੰਦ ਦੱਸਿਆ ਜਿਸ ਹੱਦ ਤੱਕ ਕਿਸੇ ਰਾਸ਼ਟਰ ਦੇ ਕੁੱਲ ਉਤਪਾਦ ’ਚ ਵਾਧਾ ਹੁੰਦਾ ਹੋਵੇ। ਜਦੋਂ ਕਿ ਅਬਾਦੀ ਵਾਧੇ ਨਾਲ ਰਾਸ਼ਟਰ ਦੇ ਨਾਗਰਿਕਾਂ ਦੀ ਔਸਤ ਉਤਪਾਦਨ ਆਮਦਨ ਸਮਰੱਥਾ ਘੱਟ ਤੋਂ ਘੱਟ ਹੁੰਦੀ ਹੋਵੇ ਉਦੋਂ ਅਬਾਦੀ ਵਾਧਾ ਨੁਕਸਾਨਦੇਹ ਸਾਬਿਤ ਹੁੰਦਾ ਹੈ। ਇਹ ਮੰਦਭਾਗਾ ਹੈ ਕਿ ਇਸ ਆਧਾਰ ’ਤੇ ਦੇਸ਼ ’ਚ ਮੁਹੱਈਆ ਮਨੁੱਖੀ ਵਸੀਲਿਆਂ ਦਾ ਮੁਲਾਂਕਣ ਕੀਤੇ ਜਾਣ ਦੇ ਗੰਭੀਰ ਯਤਨ ਨਹੀਂ ਹੋ ਸਕੇ। ਤੱਤਕਾਲੀ ਅਗਵਾਈ ’ਚ ਦੇਸ਼ ’ਚ ਫੈਲੀਆਂ ਵੱਖ-ਵੱਖ ਸਮੱਸਿਆਵਾਂ ਦੀ ਜੜ੍ਹ ’ਚ ਵਧਦੀ ਅਬਾਦੀ ਨੂੰ ਦੋਸ਼ੀ ਦੱਸਦਿਆਂ ਬਹੁਤ ਹੀ ਹੁਸ਼ਿਆਰੀ ਦਾ ਸਬੂਤ ਦਿੱਤਾ। ਉਦਯੋਗੀਕਰਨ ਦੇ ਦੌਰ ’ਚ ਬੇਰੁਜ਼ਗਾਰੀ ਦੀ ਸਮੱਸਿਆ ਸਾਹਮਣੇ ਆਈ।

ਬੇਰੁਜ਼ਾਗਰਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ

ਤਕਨੀਕੀ ਵਿਕਾਸ ਕਾਰਨ ਜਿਵੇਂ-ਜਿਵੇਂ ਦੇਸ਼ ’ਚ ਆਧੁਨਿਕਤਾ ਆਉਂਦੀ ਗਈ ਉਵੇਂ-ਉਵੇਂ ਇਹ ਧਾਰਨਾ ਹੋਰ ਜਿਆਦਾ ਪੁਸ਼ਟ ਹੁੰਦੀ ਗਈ ਕਿ ਤੇਜ਼ ਰਫ਼ਤਾਰ ਨਾਲ ਵਧਦੀ ਹੋਈ ਅਬਾਦੀ ਸਾਡੇ ਵਿਕਾਸ ਦੇ ਵਧਦੇ ਗੇੜ ਨੂੰ ਰੋਕਦੀ ਜਾ ਰਹੀ ਹੈ। ਸਮਾਂ ਰਹਿੰਦੇ ਜੇਕਰ ਮਨੁੱਖੀ ਵਸੀਲਿਆਂ ਦੀ ਸਮੁੱਚੀ ਵਰਤੋਂ ਲਈ ਕਾਰਗਰ ਨੀਤੀਆਂ ਲਾਗੂ ਕੀਤੀਆਂ ਜਾਂਦੀਆਂ ਤਾਂ ਇਹ ਯਕੀਨੀ ਸੀ ਕਿ ਇਹ ਅਬਾਦੀ ਵਰਦਾਨ ਦੇ ਰੂਪ ’ਚ ਸਿੱਧ ਹੁੰਦੀ। ਅੱਜ ਸਥਿਤੀ ਇਹ ਹੈ ਕਿ ਤਕਨੀਕੀ ਤਰੱਕੀ ਦੀ ਰਫ਼ਤਾਰ ’ਤੇ ਰੋਕ ਅਸੰਭਵ ਹੈ। ਆਧੁਨਿਕੀਕਰਨ ਦੇ ਚੱਲਦਿਆਂ ਦੇਸ਼ ’ਚ ਬੇਰੁਜ਼ਾਗਰਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ ਹੁੰਦਾ ਜਾ ਰਿਹਾ ਹੈ। ਦੇਸ਼-ਪ੍ਰਦੇਸ਼ ਦੀਆਂ ਸਰਕਾਰਾਂ ਸਸਤੀ ਹਰਮਨਪਿਆਰਤਾ ਪ੍ਰਾਪਤ ਕਰਨ ਲਈ ਨਾਗਰਿਕਾਂ ਨੂੰ ਖੈਰਾਤ ਵੰਡਣ ਦੀ ਹੋੜ ’ਚ ਲੱਗੀਆਂ ਹੋਈਆਂ ਹਨ। ਲੋਕ-ਹਿੱਤ ਦੀਆਂ ਯੋਜਨਾਵਾਂ ਲਾਗੂ ਕਰਦੇ-ਕਰਦੇ ਲੋਕਾਂ ਨੂੰ ਕਿਰਤ ਵੱਲੋਂ ਮੋੜਿਆ ਜਾ ਰਿਹਾ ਹੈ।

Also Read : ਪਾਰਕ ’ਚੋਂ ਭੇਦਭਰੇ ਹਾਲਾਤਾਂ ’ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

ਕੁੱਲ ਮਿਲਾ ਕੇ ਦੇਸ਼ ’ਚ ਮੁਹੱਈਆ ਮਨੁੱਖੀ ਵਸੀਲਿਆਂ ਦੀ ਸਮੁੱਚੀ ਵਰਤੋਂ ਕਰਨ ਦੀਆਂ ਕਾਰਗਰ ਨੀਤੀਆਂ ਨੂੰ ਲਾਗੂ ਕਰਨ ਦੀ ਬਜਾਇ ਨਾਗਰਿਕਾਂ ਨੂੰ ਨਿਕੰਮੇ ਕਰਨ ਦਾ ਸਿਲਸਿਲਾ ਚੱਲ ਪਿਆ ਹੈ। ਨਿਸ਼ਚਿਤ ਰੂਪ ਨਾਲ ਆਉਣ ਵਾਲੇ ਦੌਰ ’ਚ ਇਸ ਦੇ ਨਕਾਰਾਤਮਕ ਨਤੀਜੇ ਕਥਿਤ ਮੁਲਕ ਦੇ ਮਾਲਕਾਂ ਨੂੰ ਨਿਕੰਮੇ ਬਣਾ ਦੇਣਗੇ। ਸਸਤੀ ਹਰਮਨਪਿਆਰਤਾ ਪ੍ਰਾਪਤ ਕਰਨ ਲਈ ਅਜਿਹੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਨਾਲ ਕਿ ਨਾਗਰਿਕਾਂ ਨੂੰ ਬੈਠੇ-ਬਿਠਾਏ ਫਾਇਦਾ ਮਿਲਦੇ ਰਹਿਣ ਦੀ ਆਦਤ ਜਿਹੀ ਪੈ ਜਾਵੇ। ਕੁੱਲ ਮਿਲਾ ਕੇ ਜੋ ਹੋ ਰਿਹਾ ਹੈ ਕਿ ਉਹ ਕਿਸੇ ਵੀ ਨਿਗ੍ਹਾ ਨਾਲ ਤਰਕਸੰਗਤ ਨਹੀਂ ਹੈ। ਅਜਿਹੇ ’ਚ ਲੋੜ ਇਸ ਗੱਲ ਦੀ ਹੈ ਕਿ ਯਥਾਰਥਵਾਦੀ ਸੋਚ ਦੇ ਆਧਾਰ ’ਤੇ ਦੇਸ਼ ’ਚ ਮੁਹੱਈਆ ਸਰੀਰਕ ਅਤੇ ਮਾਨਸਿਕ ਕਿਰਤ ਸ਼ਕਤੀ ਦੀ ਸਮੁੱਚੀ ਵਰਤੋਂ ਯਕੀਨੀ ਕੀਤੀ ਜਾਵੇ।

ਰਾਜੇਂਦਰ ਬਜ
(ਇਹ ਲੇਖਕ ਦੇ ਆਪਣੇ ਵਿਚਾਰ ਹਨ)