ਬੈਡਮਿੰਟਨ ‘ਚ ਬੁਲੰਦੀਆਂ

Rise,badminton, Editorial

ਬੈਡਮਿੰਟਨ ਦੀ ਦੁਨੀਆਂ ‘ਚ ਭਾਰਤ ਦੇ ਤਾਜ ‘ਚ ਇੱਕ ਹੋਰ ਹੀਰਾ ਜੜਿਆ ਗਿਆ ਹੈ ਸ੍ਰੀਕਾਂਤ ਕਿਦਾਂਬੀ ਨੇ ਇੱਕ ਹਫ਼ਤੇ ਬਾਦ ਦੋ ਸੁਪਰ ਸੀਰੀਜ਼ ਜਿੱਤ ਕੇ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਆਸਟਰੇਲੀਆ ਓਪਨ ਸੁਪਰ ਸੀਰੀਜ਼ ਜਿੱਤ ਕੇ ਉਹ ਸਾਇਨਾ ਤੋਂ ਬਾਅਦ ਸਭ ਤੋਂ ਵੱਧ ਮਜ਼ਬੂਤ ਭਾਰਤੀ ਖਿਡਾਰੀ ਬਣ ਗਏ ਹਨ ਪਿਛਲੇ ਹਫ਼ਤੇ ਉਹਨਾਂ ਇੰਡੋਨੇਸ਼ੀਆਈ ਸੁਪਰ ਸੀਰੀਜ਼ ਖਿਤਾਬ ਆਪਣੇ ਨਾਂਅ ਕੀਤਾ ਸੀ

ਉਹਨਾਂ ਸੰਨ 2014 ‘ਚ ਚਾਈਨਾ ਓਪਨ ਤੇ 2015 ‘ਚ ਇੰਡੀਆ ਓਪਨ ਸੀਰੀਜ਼ ਜਿੱਤੇ ਸਨ ਸਾਇਨਾ ਨੇਹਵਾਲ ਦੇ ਨਾਂਅ ਅੱਠ ਸੁਪਰ ਸੀਰੀਜ਼ ਖਿਤਾਬ ਹਨ ਬੈਡਮਿੰੰਟਨ ਤੇ ਟੈਨਿਸ ‘ਚ ਭਾਰਤ ਦੇਸ਼ ਨੇ ਬੁਲੰਦੀਆਂ ਨੂੰ ਛੋਹਿਆ ਹੈ ਭਾਰਤੀ ਖਿਡਾਰੀਆਂ ਨੇ ਆਪਣੇ ਮੁਕਾਬਲੇਬਾਜ਼ ਵਿਸ਼ਵ ਚੈਂਪੀਅਨ ਖਿਡਾਰੀਆਂ ਨੂੰ ਮਾਤ ਦਿੱਤੀ ਹੈ ਭਾਵੇਂ ਦੇਸ਼ ਅੰਦਰ ਕ੍ਰਿਕਟ ਤੇ ਹਾਕੀ ਦਾ ਜਲਵਾ ਜ਼ਿਆਦਾ ਰਿਹਾ ਪਰ ਬੈਡਮਿੰਟਨ ‘ਚ ਤਾਜ਼ਾ ਜਿੱਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਹੋਰਨਾਂ ਖੇਡਾਂ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇ ਤਾਂ ਭਾਰਤ ਕੋਲ ਚੰਗੇ ਖਿਡਾਰੀਆਂ ਦੀ ਕਮੀ ਨਹੀਂ

ਦੇਸ਼ ਅੰਦਰ ਵਧੀਆ ਖੇਡ ਕਲਚਰ ਪੈਦਾ ਕੀਤੇ ਜਾਣ ਦੀ ਜ਼ਰੂਰਤ ਹੈ  ਅਣਗਿਣਤ ਖਿਡਾਰੀ ਹਨ ਜੋ ਸਹੂਲਤਾਂ, ਮਾਰਗ ਦਰਸ਼ਨ ਦੀ ਘਾਟ, ਲੋੜੀਂਦੀ ਪਹੁੰਚ ਤੇ ਨਿਰਪੱਖ ਪ੍ਰਸ਼ਾਸਨਿਕ ਢਾਂਚੇ ਕਾਰਨ ਆਪਣੇ ਟੇਲੈਂਟ ਨੂੰ ਸਾਬਤ ਕਰਨ ਤੋਂ ਰਹਿ ਜਾਂਦੇ ਹਨ ਪਿੰਡ ਪੱਧਰ ‘ਤੇ ਪ੍ਰਬੰਧ ਤਾਂ ਦੂਰ ਅਜੇ ਤੱਕ ਵੱਡੇ -ਛੋਟੇ ਸ਼ਹਿਰਾਂ ‘ਚ ਵੀ ਪੂਰਾ ਪ੍ਰਬੰਧ ਨਹੀਂ ਹੋ ਸਕਿਆ ਓਲੰਪਿਕ ‘ਚ 2-4 ਤਮਗੇ ਹਾਸਲ ਹੋਣੇ 121 ਕਰੋੜ ਭਾਰਤੀਆਂ ਲਈ ਨਿਰਾਸ਼ਾ ਵਾਲੀ ਗੱਲ ਹੈ

ਅਮਰੀਕਾ ਚੀਨ, ਰੂਸ ਸਮੇਤ ਯੂਰਪੀ ਮੁਲਕਾਂ ਨੇ ਇੱਕ ਦੋ ਖੇਡਾਂ ਵੱਲ ਧਿਆਨ ਦੇਣ ਦੀ ਬਜਾਇ ਸਾਰੀਆਂ ਖੇਡਾਂ ‘ਤੇ ਹੀ ਜ਼ੋਰ ਦਿੱਤਾ ਹੈ ਜਿਸ ਕਰਕੇ ਓਲੰਪਿਕ ‘ਚ ਉਹਨਾਂ ਦੇ ਨਾਂਅ ਤਮਗਾ ਸੂਚੀ ‘ਚ ਚੋਟੀ ‘ਤੇ ਹੁੰਦੇ ਹਨ ਸਾਡੇ ਦੇਸ਼ ਅੰਦਰ ਕਲਚਰ ਉਲਟ ਹੈ ਜੇਕਰ ਕੋਈ ਇੱਕ ਖੇਡ ‘ਚ ਤਮਗੇ ਜਿੱਤਦੇ ਹਾਂ ਤਾਂ ਬੱਚਾ-ਬੱਚਾ ਉਸ ਖੇਡ ਵੱਲ ਹੋ ਜਾਂਦਾ ਹੈ ਕੰਪਨੀਆਂ ਆਪਣੇ ਇਸ਼ਤਿਹਾਰਾਂ ਲਈ ਜਿਸ ਖਿਡਾਰੀ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਉਂਦੀਆਂ ਹਨ ਤਾਂ ਸਾਰਾ ਦੇਸ਼ ਉਸੇ ਖਿਡਾਰੀ ਦਾ ਦੀਵਾਨਾ ਹੋ ਜਾਂਦਾ ਹੈ

ਚੰਗਾ ਹੋਵੇ ਸਰਕਾਰਾਂ ਤੇ ਖੇਡ ਸੰਸਥਾਵਾਂ ਸਾਰੀਆਂ ਖੇਡਾਂ ਨੂੰ ਤਰਜ਼ੀਹ ਦੇਣ ਤਾਂ ਕਿ ਕ੍ਰਿਕਟ, ਹਾਕੀ ਜਿਹਾ ਸਨਮਾਨ ਬੈਡਮਿੰਟਨ ਤੇ ਟੈਨਿਸ ਨੂੰ ਮਿਲ ਸਕੇ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦਾ ਨਾਂਅ  ਉੱਚਾ ਕਰਨ ਵਾਲੇ ਹਰ ਵਿਅਕਤੀ ਦਾ ਜ਼ਿਕਰ ਸਿਆਸੀ ਮੰਚਾਂ ‘ਤੇ ਵੀ ਕਰਨ ਲੱਗੇ ਹਨ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ‘ਚ ਸ੍ਰੀਕਾਂਤ ਦੀ ਸ਼ਲਾਘਾ ਕਰਕੇ ਪੂਰੇ ਦੇਸ਼ ਦਾ ਧਿਆਨ ਇਸ ਬੈਡਮਿੰਟਨ ਖਿਡਾਰੀ ਵੱਲ ਖਿੱਚਿਆ ਸਾਰੀਆਂ ਖੇਡਾਂ ਨੂੰ ਮਾਣ-ਸਨਮਾਨ ਤੇ ਆਰਥਿਕ ਸਹਾਇਤਾ ਤਰੱਕੀ ਵੱਲ ਲੈ ਕੇ ਜਾਏਗੀ