ਸ਼ਹਿਰ ਦੀ ਸਾਫ਼-ਸਫਾਈ ’ਚ ਢਿੱਲ-ਮੱਠ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਕੈਬਨਿਟ ਮੰਤਰੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਹਾਲਤ ਸੁਧਾਰਨ ਲਈ ਨਿਗਮ ਅਧਿਕਾਰੀਆਂ ਨਾਲ ਮੀਟਿੰਗ
(ਰਾਜਨ ਮਾਨ) ਅੰਮ੍ਰਿਤਸਰ। ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਸ਼ਹਿਰ ਵਿਚ ਨਾਜਾਇਜ਼ ਉਸਾਰੀ ਕਰਵਾਉਣ ਲਈ ਜਿੰਮੇਵਾਰ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। Amritsar News
ਉਨਾਂ ਕਿਹਾ ਕਿ ਜਿਸ ਵੀ ਅਧਿਕਾਰੀ ਦੇ ਅਧੀਨ ਪੈਂਦੇ ਇਲਾਕੇ ਵਿਚ ਕੋਈ ਨਾਜਾਇਜ਼ ਉਸਾਰੀ ਉਸ ਲਈ ਉਸ ਨੂੰ ਜਿੰਮੇਵਾਰ ਮੰਨਿਆ ਜਾਵੇਗਾ। ਸ. ਧਾਲੀਵਾਲ ਨੇ ਕਿਹਾ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਵਿਚ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮਤੀਰਥ ਮੰਦਰ ਪਵਿੱਤਰ ਸਥਾਨ ਹੋਣ, ਦੀ ਸਾਫ-ਸਫ਼ਾਈ ਵਿਚ ਢਿੱਲ-ਮੱਠ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਬੇਹੱਦ ਪੇਚੀਦਾ ਅਤੇ ਸੰਕਟ ਵਾਲੀਆਂ ਹਨ। (Amritsar News)
ਸ. ਧਾਲੀਵਾਲ ਨੇ ਕਿਹਾ ਕਿ ਸਾਫ ਸੁਥਰਾ ਆਲਾ ਦੁਆਲਾ, ਸੀਵਰੇਜ, ਪੀਣ ਲਈ ਸਾਫ ਪਾਣੀ ਹਰ ਸ਼ਹਿਰੀ ਦਾ ਬੁਨਿਆਦੀ ਹੱਕ ਅਤੇ ਇਸ ਹੱਕ ਤੋਂ ਉਨਾਂ ਨੂੰ ਵਿਰਵਾ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਭਾਵੇਂ ਇਸ ਲਈ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਇਕਰਾਰਨਾਮੇ ਵੱਡੀ ਰੁਕਾਵਟ ਬਣ ਰਹੇ ਹਨ, ਪਰ ਇਸ ਦੀ ਓਟ ਵਿਚ ਅਸੀਂ ਆਪਣੇ ਫਰਜ਼ਾਂ ਤੋਂ ਭੱਜ ਨਹੀਂ ਸਕਦੇ। ਉਨਾਂ ਕਿਹਾ ਕਿ ਗੁਰੂ ਨਗਰੀ, ਜਿਸਦੇ ਦਰਸ਼ਨਾਂ ਨੂੰ ਸੰਸਾਰ ਭਰ ਵਿਚੋਂ ਲੋਕ ਆਉਂਦੇ ਹਨ, ਵਿਚ ਡਿਊਟੀ ਕਰਨੀ ਸੇਵਾ ਦੇ ਬਰਾਬਰ ਹੈ ਅਤੇ ਸਾਰੇ ਕਰਮਚਾਰੀ ਤੇ ਅਧਿਕਾਰੀ ਆਪਣੀ ਡਿੳੂਟੀ ਇਸ ਭਾਵਨਾ ਨਾਲ ਕਰਨ।
ਸ. ਧਾਲੀਵਾਲ ਨੇ ਆ ਰਹੇ ਬਰਸਾਤ ਦੇ ਸੀਜ਼ਨ ਵਿਚ ਸ਼ਹਿਰ ਵਿਚ ਵੱਡੇ ਪੱਧਰ ਉਤੇ ਬੂਟੇ ਲਗਾਉਣ ਦੀ ਤਿਆਰੀ ਕਰਨ ਦਾ ਸੱਦਾ ਦਿੰਦੇ ਇਹ ਵੀ ਕਿਹਾ ਕਿ ਇਸ ਵਾਰ ਬਹੁਤ ਮਹਿੰਗੀ ਕੀਮਤ ਵਾਲੇ ਖਜੂਰਾਂ ਦੇ ਬੂਟੇ ਨਹੀਂ ਲੱਗਣਗੇ, ਸਗੋਂ ਪੰਜਾਬ ਦੇ ਪੌਣ ਪਾਣੀ ਵਿਚ ਅਸਾਨੀ ਨਾਲ ਤੁਰਨ ਵਾਲੇ ਪੌਦੇ ਲਗਾਏ ਜਾਣਗੇ। ਉਨਾਂ ਕਿਹਾ ਕਿ ਖਜੂਰ ਦੇ ਬੂਟੇ ਕਿਸਨੇ, ਕਿੰਨੀ ਕੀਮਤ ਵਿਚ ਅਤੇ ਕਿਉਂ ਲਗਾਏ, ਇਸ ਦੀ ਜਾਂਚ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Rain: ਹਲਕੇ ਮੀਂਹ ਨਾਲ ‘ਭਾਰੀ’ ਰਾਹਤ, ਹਾੜ ਦੀ ਗਰਮੀ ਦੇ ਸਤਾਏ ਲੋਕਾਂ ਲਿਆ ਸੁੱਖ ਦਾ ਸਾਹ
ਸ. ਧਾਲੀਵਾਲ ਨੇ ਕਿਹਾ ਕਿ ਕੋਈ ਵੀ ਕੰਮ ਕਾਗਜ਼ਾਂ ਵਿਚ ਨਹੀਂ ਹੋਵੇਗਾ, ਸਗੋਂ ਧਰਾਤਲ ਪੱਧਰ ਉਤੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਟਰੈਕਟਰ ਜਾਂ ਹੋਰ ਸੰਦ ਸ਼ਹਿਰ ਦੇ ਸਫਾਈ ਪ੍ਰਬੰਧ ਵਿਚ ਲੱਗੇ ਹਨ, ਉਹ ਵੀ ਕੰਮ ਕਰਦੇ ਹੋਏ ਨਜ਼ਰ ਆਉਣ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜੋ ਵੀ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ, ਉਹ ਪੂਰੇ ਕੀਤੇ ਜਾਣੇ ਹਨ ਅਤੇ ਇਸ ਲਈ ਸਾਰੇ ਅਧਿਕਾਰੀ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਦੀ ਪਾਲਣਾ ਹਰ ਹਾਲਤ ਯਕੀਨੀ ਬਣਾਉਣ।
ਅੱਜ ਦੀ ਮੀਟਿੰਗ ਵਿਚ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਡਾ ਸੁਖਬੀਰ ਸਿੰਘ, ਵਿਧਾਇਕ ਡਾ. ਅਜੇ ਗੁਪਤਾ, ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਚੇਅਰਮੈਨ ਸ. ਜਸਪ੍ਰੀਤ ਸਿੰਘ, ਸ. ਇਕਬਾਲ ਸਿੰਘ ਭੁੱਲਰ, ਸ. ਤਲਬੀਰ ਸਿੰਘ ਗਿੱਲ, ਸ. ਅਰਵਿੰਦਰ ਸਿੰਘ ਭੱਟੀ, ਸ. ਗੁਰਪ੍ਰੀਤ ਸਿੰਘ ਕਟਾਰੀਆ, ਬਲਜਿੰਦਰ ਸਿੰਘ ਥਾਂਦੇ, ਸ. ਜਰਨੈਲ ਸਿੰਘ ਢੋਟ ਅਤੇ ਹੋਰ ਆਗੂ ਵੀ ਹਾਜ਼ਰ ਸਨ।