ਕੌਮਾਂਤਰੀ ਨਸ਼ਾ ਖੋਰੀ ਦਿਵਸ ਮੌਕੇ ਪਟਿਆਲਾ ‘ਚ ਹੋਇਆ ਸੂਬਾ ਪੱਧਰੀ ਸਮਾਗਮ
ਖੁਸ਼ਵੀਰ ਤੂਰ, ਪਟਿਆਲਾ: ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਅਕਾਲੀ-ਭਾਜਪਾ ਸਰਕਾਰ ਤੇ ਦੋਸ ਲਾਉਦਿਆ ਕਿਹਾ ਹੈ ਕਿ 10 ਸਾਲਾਂ ਵਿੱਚ ਨਸ਼ਿਆਂ ਕਾਰਨ ਪੰਜਾਬ ਦੇ ਹੋਏ ਨੁਕਸਾਨ ਲਈ ਪਿਛਲੀ ਸਰਕਾਰ ਸਿੱਧੇ ਤੌਰ ‘ਤੇ ਜਿੰਮੇਵਾਰ ਹੈ। ਉਹਨਾਂ ਇੱਥੋਂ ਤੱਕ ਕਿਹਾ ਕਿ ਨਸ਼ਿਆਂ ਦੇ ਨਾਜੁਕ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਰਕੇ ਨਸ਼ਿਆਂ ਕਾਰਨ ਫੈਲੀ ਸਮਾਜਿਕ ਅਰਾਜਕਤਾ ਨੇ ਪੰਜਾਬ ਦੇ ਮੱਥੇ ਵੱਡਾ ਕਲੰਕ ਲਾਇਆ ਹੈ। ਸਿਹਤ ਮੰਤਰੀ ਨਸ਼ਾਖੋਰੀ ਤੇ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਸਿਹਤ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਰੇ ਦੇਸ਼ ਲਈ ਅਨਾਜ ਪੈਦਾ ਕਰਨ ਅਤੇ ਦੇਸ਼ ਦੀ ਖੜਗ ਭੁਜਾ ਵਜੋਂ ਜਾਣਿਆ ਜਾਂਦਾ ਪੰਜਾਬ ਨਸ਼ਿਆਂ ਕਾਰਨ ਤਬਾਹੀ ਦੇ ਕੰਢੇ ਪੁਜ ਗਿਆ। ਜੇਕਰ ਪਿਛਲੀ ਸਰਕਾਰ ਸੱਚੇ ਮਨੋ ਠੋਸ ਕਦਮ ਚੁਕਦੀ ਤਾਂ ਇਹਨਾਂ ਮਾੜੇ ਹਾਲਾਤ ਤੋਂ ਬਚਿਆ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਸਾਰ ਹੀ ਮੁੱਖ ਮੰਤਰੀ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਜਿਸ ਨੇ ਕੁਝ ਸਮੇਂ ਵਿੱਚ ਹੀ ਪੰਜਾਬ ਵਿੱਚ ਹੈਰੋਇਨ ਤੇ ਸਮੈਕ ਵਰਗੇ ਘਾਤਕ ਨਸ਼ਿਆਂ ਦੀ ਸਪਲਾਈ ਲਾਈਨ ਦਾ ਲੱਕ ਤੋੜ ਦਿੱਤਾ।
ਨਸ਼ਿਆਂ ਲਈ ਸਿੱਧੇ ਤੌਰ ‘ਤੇ ਅਕਾਲੀ-ਭਾਜਪਾ ਨੂੰ ਜਿੰਮੇਵਾਰ ਠਹਿਰਾਇਆ
ਇਸ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਏ.ਡੀ.ਜੀ.ਪੀ. ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਥਾਪਿਤ ਕੀਤੀ ਐਸ.ਟੀ.ਐਫ. ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਨਾਲ-ਨਾਲ ਰਾਜ ਸਰਕਾਰ ਦੇ ਸਹਿਯੋਗ ਨਾਲ ਹਰੇਕ ਪਿੰਡ, ਗਲੀ ਤੇ ਮੁਹੱਲੇ ਵਿੱਚ ਆਨਰੇਰੀ ਤੌਰ ‘ਤੇ ਡਰੱਗ ਐਬਜੂਜ਼ ਪਰਵੈਸ਼ਨ ਅਫ਼ਸਰ ਤਾਇਨਾਤ ਕੀਤੇ ਜਾਣਗੇ ਜੋ ਜਿਥੇ ਨਸ਼ਾ ਪੀੜਤਾਂ ਦੀ ਪਹਿਚਾਣ ਕਰਕ ਉਹਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਕਰਾਉਣਗੇ ਉਥੇ ਹੀ ਨਸ਼ਾ ਛੁੱਡ ਚੁੱਕੇ ਵਿਅਕਤੀਆਂ ਅਤੇ ਨਸ਼ੇ ਸਪਲਾਈ ਕਰਨ ਵਾਲਿਆਂ ‘ਤੇ ਵੀ ਨਜਰ ਰੱਖਣਗੇ।
ਉਹਨਾਂ ਦੱਸਿਆ ਕਿ ਰਾਜ ਦੇ 30 ਲੱਖ ਦੇ ਕਰੀਬ ਛੋਟੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 8 ਵੀਂ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਵਿੱਚੋਂ ਵਲੰਟੀਅਰ ਵੀ ਬਣਾਏ ਜਾਣਗੇ। ਜਿਹਨਾਂ ਨੂੰ ਵਿਸ਼ੇਸ਼ ਸਿਖਲਾਈ ਉਪਰੰਤ ਜਿਥੇ ਉਹ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਗੇ
ਨਸ਼ਿਆਂ ਦੇ ਖਾਤਮੇ ਲਈ ਲੜਾਈ ਵਿੱਚ ਹਰੇਕ ਵਰਗ ਨੂੰ ਸ਼ਾਮਲ ਹੋਣ ਦਾ ਸੱਦਾ
ਸਮਾਗਮ ਮੌਕੇ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਨੂੰ ਇਸ ਲੜਾਈ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਜੇ ਅਸੀ ਹਾਲੇ ਵੀ ਨਾ ਸੰਭਲੇ ਤਾ ਸਮਾਜ ਦਾ ਤਾਣਾ ਉਲਝ ਕੇ ਰਹਿ ਜਾਵੇਗਾ। ਡਾਇਰੈਕਟਰ ਸਿਹਤ ਭਲਾਈ ਡਾਕਟਰ ਰਾਜੀਵ ਭੱਲਾ ਤੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਮੁਖੀ ਡਾ. ਬੀ.ਐਸ. ਸਿੱਧੂ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਕਿਹਾ ਕਿ ਸ਼ਰਾਬ, ਤੰਬਾਕੂ ਤੇ ਸਿਗਰਟ ਭਿਆਨਕ ਨਸ਼ਿਆਂ ਵੱਲ ਜਾਣ ਦਾ ਇਕ ਰਾਹ ਹਨ।
ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਨਜ਼ਰ ਰੱਖਣ ਕਿ ਕਿਤੇ ਉਹਨਾਂ ਦਾ ਕੋਈ ਦੋਸਤ ਨਸ਼ਿਆਂ ਦਾ ਆਦੀ ਤਾਂ ਨਹੀਂ ਅਤੇ ਉਹਨਾਂ ਕਿਹਾ ਕਿ ਨਸ਼ਿਆਂ ਦੇ ਆਦੀ ਵਿਅਕਤੀ ਨਾਲ ਨਫ਼ਰਤ ਦੀ ਬਜਾਏ ਉਸਦਾ ਇਲਾਜ ਕਰਾਓ। ਇਸ ਰਾਜ ਪੱਧਰੀ ਸਮਾਗਮ ਮੌਕੇ ਨਸ਼ਾ ਛੱਡ ਚੁੱਕੇ ਕਈ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਐਡੀਸ਼ਨਲ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ਼੍ਰੀ ਸੀ. ਨਿਵਾਸਨ, ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਸਿਵਲ ਸਰਜਨ ਡਾ. ਬਲਜਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਹੀ ਹਾਜਰ ਸਨ।
ਓ.ਪੀ.ਡੀ. ‘ਚ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਧੀ
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਾਲ 2016 ਵਿੱਚ 1 ਲੱਖ 49 ਹਜਾਰ 409 ਵਿਅਕਤੀ ਹਸਪਤਾਲਾਂ ਦੀ ਓ.ਪੀ.ਡੀ. ਵਿੱਚ ਨਸ਼ਿਆਂ ਦਾ ਇਲਾਜ ਕਰਾਉਣ ਲਈ ਆਏ ਸਨ ਪਰ ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਤੋੜਨ ਕਾਰਨ ਅਪ੍ਰੈਲ ਤੇ ਮਈ 2017 ਦੌਰਾਨ 2 ਮਹੀਨਿਆਂ ਵਿੱਚ ਹੀ ਓ.ਪੀ.ਡੀ. ਵਿੱਚ ਮਰੀਜਾਂ ਦੀ ਗਿਣਤੀ 27366 ‘ਤੇ ਪੁੱਜ ਗਈ ਹੈ ਜੋ ਕਿ 35 ਤੋਂ 40 ਫੀਸਦੀ ਦੇ ਕਰੀਬ ਵਾਧਾ ਹੈ। ਉਨ੍ਹਾਂ ਕਿਹਾ ਕਿ ਇਹ ਨਸ਼ਿਆਂ ਦੇ ਆਦੀ ਬਣ ਚੁੱਕੇ ਵਿਅਕਤੀਆਂ ਨੂੰ ਨਫਰਤ ਦੀ ਬਜਾਏ ਉਹਨਾਂ ਦੇ ਰਾਹ ਦਸੇਰਾ ਬਣਕੇ ਉਹਨਾਂ ਦਾ ਇਲਾਜ ਕਰਾਉਣ ਦੀ ਲੋੜ ਹੈ।