ਪੰਜਾਬ ’ਚ ਸਾਰੇ ਮੰਤਰੀਆਂ ਦੀ ਕੁਰਸੀ ਸਲਾਮਤ, ਨਹੀਂ ਹੋਵੇਗਾ ਕੈਬਨਿਟ ’ਚ ਕੋਈ ਫੇਰਬਦਲ

Ministers in Punjab

ਪਹਿਲੇ ਮੰਤਰੀ ਕਰਦੇ ਰਹਿਣਗੇ ਕੰਮ, ਪਾਰਟੀ ਦੀ ਇਹੋ ਜਿਹੀ ਨਹੀਂ ਕੋਈ ਤਿਆਰੀ : ਬਰਸਟ | Ministers in Punjab

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਸਰਕਾਰ ਦੀ ਕੈਬਨਿਟ ’ਚ ਕੋਈ ਫੇਰਬਦਲ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਕੈਬਨਿਟ ਮੰਤਰੀ ਤੋਂ ਉਨ੍ਹਾਂ ਦਾ ਵਿਭਾਗ ਖੋਹਿਆ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਇਸ ਮਾਮਲੇ ਵਿੱਚ ਸਪੱਸ਼ਟ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਚੱਲ ਰਹੀਆਂ ਸਾਰੀਆਂ ਚਰਚਾਵਾਂ ਨੂੰ ਵੀ ਅਫ਼ਵਾਹ ਕਰਾਰ ਦਿੱਤਾ ਗਿਆ ਹੈ। (Ministers in Punjab)

ਅਸਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਮਿਲਣ ਲਈ ਗਏ ਹੋਏ ਸਨ ਅਤੇ ਉਨ੍ਹਾਂ ਨਾਲ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਸੰਗਠਨ ਮੰਤਰੀ ਸੰਦੀਪ ਪਾਠਕ ਵੀ ਨਾਲ ਹੋਣ ਕਰਕੇ ਇਹ ਅਫ਼ਵਾਹ ਫੈਲ ਗਈ ਸੀ ਕਿ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਮੰਤਰੀ ਮੰਡਲ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਇਨ੍ਹਾਂ ਅਫ਼ਵਾਹਾਂ ਨੂੰ ਹੀ ਆਧਾਰ ਬਣਾ ਕੇ ਕੁਝ ਮੀਡੀਆ ਹਾਊਸ ਨੇ ਖ਼ਬਰ ਨੂੰ ਵੀ ਪ੍ਰਮੁੱਖਤਾ ਨਾਲ ਚਲਾਇਆ। ਜਿਸ ਕਾਰਨ ਹੀ ਆਮ ਆਦਮੀ ਪਾਰਟੀ ਨੂੰ ਸਾਹਮਣੇ ਆ ਕੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਨ ਦੇ ਨਾਲ ਚਰਚਾਵਾਂ ਨੂੰ ਅਫ਼ਵਾਹ ਦੱਸਿਆ ਗਿਆ ਹੈ।

ਅਰਵਿੰਦ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ

ਜਾਣਕਾਰੀ ਅਨੁਸਾਰ ਦੇਸ਼ ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਵਾਪਸ ਜੇਲ੍ਹ ’ਚ ਚਲੇ ਗਏ ਸਨ ਅਤੇ ਚੋਣ ਨਤੀਜਿਆਂ ਤੋਂ ਬਾਅਦ ਭਗਵੰਤ ਮਾਨ ਜੇਲ੍ਹ ਵਿੱਚ ਹੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਏ ਸਨ, ਜਿੱਥੇ ਕਿ ਪੰਜਾਬ ਵਿੱਚ ਅਨੁਮਾਨ ਤੋਂ ਘੱਟ ਆਏ ਨਤੀਜਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਤੈਅ ਮੰਨੀ ਜਾ ਰਹੀ ਸੀ। ਭਗਵੰਤ ਮਾਨ ਦੇ ਜੇਲ੍ਹ ਵਿੱਚ ਪੁੱਜਣ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਤਾਂ ਇਸ ਅਫ਼ਵਾਹ ਨੇ ਜ਼ਰ ਫੜ ਲਿਆ ਕਿ ਜੇਲ੍ਹ ਅੰਦਰ ਅਰਵਿੰਦ ਕੇਜਰੀਵਾਲ ਨਾਲ ਮੰਤਰੀ ਮੰਡਲ ਫੇਰਬਦਲ ਨੂੰ ਲੈ ਕੇ ਵੱਡੇ ਪੱਧਰ ’ਤੇ ਚਰਚਾ ਹੋਈ ਹੈ। ਜਿਸ ਕਾਰਨ ਹੀ ਭਗਵੰਤ ਮਾਨ ਵੱਲੋਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਗਈ ।

Also Read : ਜੰਮੂ ਕਸ਼ਮੀਰ ’ਚ ਅੱਤਵਾਦੀ ਹਮਲੇ ਦੀ ਮੁੱਖ ਮੰਤਰੀ ਮਾਨ ਨੇ ਕੀਤੀ ਨਿਖੇਧੀ

ਇਨ੍ਹਾਂ ਅਫ਼ਵਾਹਾਂ ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸੰਗਠਨ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੌਜ਼ੂਦਾ ਸਰਕਾਰ ਵਿੱਚ ਕੈਬਨਿਟ ਮੰਤਰੀ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਇਸ ਤਰ੍ਹਾਂ ਦੀ ਕੋਈ ਵੀ ਪਲੈਨਿੰਗ ਆਮ ਆਦਮੀ ਪਾਰਟੀ ਵੱਲੋਂ ਨਹੀਂ ਕੀਤੀ ਜਾ ਰਹੀ ਹੈ, ਜਿਸ ਤਰੀਕੇ ਨਾਲ ਕੁਝ ਮੀਡੀਆ ਹਾਊਸ ਵੱਲੋਂ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਰਕਾਰ ਦੇ ਵਿਚਾਰ ਅਧੀਨ ਇਹੋ ਜਿਹਾ ਕੁਝ ਨਹੀਂ ਹੈ, ਜਿਸ ਵਿੱਚ ਮੰਤਰੀਆਂ ਦੇ ਫੇਰਬਦਲ ਦੀ ਕੋਈ ਸੰਭਾਵਨਾ ਹੋਵੇ।