(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਗਰਮੀ ਦੇ ਵਾਧੇ ਦੇ ਨਾਲ-ਨਾਲ ਲੋਕ ਸਭਾ ਚੋਣਾਂ ਦਾ ਸਿਆਸੀ ਪਾਰਾ ਵੀ ਦਿਨੋਂ ਦਿਨ ਚੜ੍ਹਦਾ ਜਾ ਰਿਹਾ ਹੈ। ਭਾਵੇਂ ਲੋਕ ਸਭਾ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਹਲਕੇ ਦੇ ਉਮੀਦਵਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਪਰ ਅਸਲ ਦੰਗਲ ਉਦੋਂ ਸ਼ੁਰੂ ਹੋਣਾ ਹੈ ਜਦੋਂ ਕੌਮੀ ਤੇ ਸੂਬਾਈ ਆਗੂ ਮੈਦਾਨ ’ਚ ਉੱਤਰਨਗੇ। ਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਪ੍ਰਚਾਰ ਦੌਰਾਨ ਲੋਕ ਮਸਲਿਆਂ ਦੀ ਥਾਂ ਨਿੱਜੀ ਹਮਲੇ ਕੀਤੇ ਜਾ ਰਹੇ ਹਨ। Lok Sabha Elections 2024
ਲੋਕ ਸਭਾ ਹਲਕੇ ਫ਼ਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ, ਕਾਂਗਰਸ ਦੇ ਡਾ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਦੇ ਬਿਕਰਮਜੀਤ ਸਿੰਘ ਖਾਲਸਾ, ਭਾਜਪਾ ਦੇ ਗੇਜਾ ਰਾਮ ਬਾਲਮੀਕਿ, ਅਕਾਲੀ ਦਲ ਅੰਮ੍ਰਿਤਸਰ (ਮਾਨ) ਰਾਜ ਜਤਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਕੁਲਵੰਤ ਸਿੰਘ ਮਹਿਤੋ, ਆਜ਼ਾਦ ਸਮਾਜ ਪਾਰਟੀ (ਕਾਸ਼ੀ ਰਾਮ) ਦੇ ਉਮੀਦਵਾਰ ਬਹਾਲ ਸਿੰਘ, ਆਜ਼ਾਦ ਉਮੀਦਵਾਰ ਹਰਗੋਬਿੰਦ ਸਿੰਘ, ਹਰਜਿੰਦਰ ਸਿੰਘ, ਕਮਲਜੀਤ ਕੌਰ, ਨਾਇਬ ਸਿੰਘ, ਪ੍ਰਕਾਸ਼ ਪੀਟਰ, ਪਰਮਜੀਤ ਸਿੰਘ, ਪ੍ਰੇਮ ਸਿੰਘ ਮੋਹਨਪੁਰ, ਰੁਲਦਾ ਸਿੰਘ ਸਮੇਤ 15 ਉਮੀਦਵਾਰ ਚੋਣ ਮੈਦਾਨ ’ਚ ਹਨ। Lok Sabha Elections 2024
ਹਲਕੇ ਦੇ ਵੱਡੇ ਮੁੱਦੇ :
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਕਈ ਮੁੱਦੇ ਹਨ ਪਰ 2009 ’ਚ ਹੋਂਦ ’ਚ ਆਏ ਇਸ ਹਲਕੇ ਲਈ ਕਿਸੇ ਨੇ ਵੀ ਇਨ੍ਹਾਂ ਮੁੱਦਿਆਂ ਨੂੰ ਸੰਜੀਦਗੀ ਨਾਲ ਨਹੀਂ ਲਿਆ। ਪਹਿਲਾਂ ਤੇ ਅਹਿਮ ਮੁੱਦਾ ਇਤਿਹਾਸਕ ਤੇ ਧਾਰਮਿਕ ਸਿਰਮੌਰ ਹੋਣ ਕਾਰਨ ਇਸ ਨੂੰ ਟੂਰਿਜ਼ਮ ਦਾ ਦਰਜ਼ਾ ਦਿਵਾਉਣਾ।
ਦੂਜਾ ਹਲਕੇ ’ਚ ਸਰਕਾਰੀ ਮੈਡੀਕਲ ਕਾਲਜ ਦਾ ਨਾ ਹੋਣਾ। ਤੀਜਾ ਲੋਕ ਸਭਾ ਹਲਕਿਆਂ ’ਚ ਹਸਪਤਾਲ, ਡਿਸਪੈਂਸਰੀ ਆਦਿ ’ਚ ਡਾਕਟਰ, ਸਪੈਸ਼ਲਿਸਟ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦੀ ਕਮੀ, ਐਮੀਨਸ ਸਕੂਲ ਤੇ ਸਰਕਾਰੀ ਸਕੂਲਾਂ ’ਚ ਅਧਿਆਪਕ ਤੇ ਆਮ ਸਟਾਫ਼ ਦੀ ਕਮੀ।
ਚੌਥਾ ਮੁੱਦਾ ਬੇਰੁਜ਼ਗਾਰੀ ਕਿਉਂਕਿ ਲੋਕ ਸਭਾ ਹਲਕੇ ’ਚ ਪੈਂਦੇ ਮੰਡੀ ਗੋਬਿੰਦਗੜ੍ਹ ਜੋ ਕਿ ਲੋਹਾ ਨਗਰੀ ਵੱਲੋਂ ਜਾਣਿਆ ਜਾਂਦਾ ਹੈ ਵਿੱਚ ਕਿਸੇ ਵੀ ਮੈਂਬਰ ਪਾਰਲੀਮੈਂਟ ਵੱਲੋਂ ਕੋਈ ਵੱਡਾ ਪ੍ਰੋਜੈਕਟ ਨਾ ਲਿਆ ਸਕਣਾ। ਇਸ ਤੋਂ ਇਲਾਵਾ ਪ੍ਰਦੂਸ਼ਣ, ਟਰੈਫਿਕ ਦੀ ਸਮੱਸਿਆ, ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਹਾਲਤ ਵੀ ਮਾੜੀ ਹੈ।ਲੋਕ ਸਭਾ ਹਲਕੇ ’ਚ ਪਿੰਡਾਂ ਨੂੰ ਜਾਣ ਤੇ ਆਉਣ ਲਈ ਟਰਾਂਸਪੋਰਟ ਦੇ ਸਾਧਨ ਨਾ ਮਾਤਰ ਹਨ।
3 ਜ਼ਿਲ੍ਹਿਆਂ ’ਚ ਫ਼ੈਲਿਆ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ
ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤਿੰਨ ਜ਼ਿਲ੍ਹਿਆਂ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ ਤੇ ਮਲੇਰਕੋਟਲਾ ਵਿੱਚ ਫੈਲਿਆ ਹੋਇਆ ਹੈ। ਇਸ ਲੋਕ ਸਭਾ ਹਲਕੇ ਵਿੱਚ ਵਿਧਾਨ ਸਭਾ ਦੇ 9 ਹਲਕੇ ਬੱਸੀ ਪਠਾਣਾਂ ਰਾਖਵਾਂ, ਫ਼ਤਹਿਗੜ੍ਹ ਸਾਹਿਬ, ਅਮਲੋਹ (ਜਿਲ੍ਹਾ ਫਤਹਿਗੜ੍ਹ ਸਾਹਿਬ) ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ ਰਾਖਵਾਂ ਰਾਏਕੋਟ ਰਾਖਵਾਂ (ਜ਼ਿਲ੍ਹਾ ਲੁਧਿਅਣਾ), ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ) ਸ਼ਾਮਲ ਹਨ।
‘ਆਪ’ ਦੀ ਤਾਕਤ
ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀਪੀ ਦੀ ਟਿਕਟ ਅਨਾਊਂਸ ਕੀਤੀ ਜਾਣ ਕਾਰਨ ਆਪਣਾ ਚੋਣ ਮੁਹਿੰਮ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਜੀਪੀ ਵੱਲੋਂ ਲੋਕ ਸਭਾ ’ਚ ਪੈਂਦੇ ਹਰ ਇੱਕ ਵਿਧਾਨ ਸਭਾ ਹਲਕੇ ’ਚ ਆਪਣੀ ਹਾਜ਼ਰੀ ਦਰਜ ਕਰਵਾਈ ਜਾ ਚੁੱਕੀ ਹੈ।
ਚੁਣੌਤੀਆਂ :-
‘ਆਪ’ ਵੱਲੋਂ ਇੱਕ ਹਜ਼ਾਰ ਰੁਪਏ ਮਹੀਨਾ ਔਰਤਾਂ ਨੂੰ ਦੇਣ ਦੀ ਗਾਰੰਟੀ ਦਾ ਵਾਅਦਾ ਸਿਰੇ ਨਾ ਚੜ੍ਹਨਾ। ਕਿਸਾਨਾਂ ਨੂੰ ਬਰਸਾਤਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਦਾ ਨੁਕਸਾਨ ਗੁਰਪ੍ਰੀਤ ਸਿੰਘ ਜੀਪੀ ਨੂੰ ਚੁੱਕਣਾ ਪੈ ਸਕਦਾ ਹੈ। ਜੀਪੀ ਵੱਲੋਂ ਕਾਂਗਰਸ ਨੂੰ ਛੱਡ ਆਪ ’ਚ ਜਾਣ ਕਾਰਨ ਵੀ ਕਈ ਲੋਕ ਇਸ ਨੂੰ ਚੰਗਾ ਨਹੀਂ ਸਮਝਦੇ, ਜਿਸ ਦਾ ਖਮਿਆਜ਼ਾ ਵੀ ਉਮੀਦਵਾਰ ਨੂੰ ਭੁਗਤਨਾ ਪੈ ਸਕਦਾ ਹੈ।
ਭਾਜਪਾ ਉਮੀਦਵਾਰ ਦੀ ਤਾਕਤ:- (Lok Sabha Elections 2024)
ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਗੇਜਾ ਰਾਮ ਬਾਲਮੀਕਿ ਲੰਮਾ ਸਮਾਂ ਕਾਂਗਰਸ ਵਿੱਚ ਰਹੇ ਹਨ ਤੇ ਕਾਂਗਰਸ ਵਿੱਚ ਰਹਿੰਦਿਆਂ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਲੰਮਾ ਸਮਾਂ ਚੇਅਰਮੈਨ ਰਹੇ ਹਨ। ਉਨ੍ਹਾਂ ਦੀ ਐੱਸਸੀ ਭਾਈਚਾਰੇ ’ਤੇ ਚੰਗੀ ਪਕੜ ਦੇ ਨਾਲ ਨਾਲ ਆਮ ਲੋਕਾਂ ’ਚ ਵੀ ਚੰਗਾ ਰਾਸੂਖ ਰਖਦੇ ਹਨ। ਜਿੱਥੇ ਉਹ ਲੋਕ ਸਭਾ ਹਲਕੇ ਤੋਂ ਚੰਗੀ ਤਰ੍ਹਾਂ ਜਾਣੂ ਹਨ, ਉੱਥੇ ਹੀ ਉਨ੍ਹਾਂ ਭਾਜਪਾ ਦੇ ਹਰ ਵੱਡੇ ਛੋਟੇ ਲੀਡਰ ਤੇ ਭਾਜਪਾ ਵਰਕਰਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।
ਚੁਣੌਤੀਆਂ :-
ਭਾਜਪਾ ਵੱਲੋਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਦੇਰ ਨਾਲ ਟਿਕਟ ਅਨਾਊਂਸ ਕਰਨ ਕਾਰਨ ਚੋਣ ਪ੍ਰਚਾਰ ’ਚ ਭਾਜਪਾ ਉਮੀਦਵਾਰ ਆਪਣੇ ਵਿਰੋਧੀਆਂ ਖਾਸਕਰ ’ ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੋਂ ਕਾਫ਼ੀ ਪਿੱਛੇ ਚੱਲ ਰਹੇ ਹਨ। ਕਿਸਾਨਾਂ ਦੇ ਭਾਜਪਾ ਦੇ ਵਿਰੋਧ ਕਾਰਨ ਵੀ ਮੁਸ਼ਕਿਲ ਪੇਸ਼ ਆਵੇਗੀ।
ਕਾਂਗਰਸ ਉਮੀਦਵਾਰ ਦੀ ਤਾਕਤ (Lok Sabha Elections 2024)
ਲੋਕ ਸਭਾ ਮੈਬਰ ਡਾ. ਅਮਰ ਸਿੰਘ ਵੱਲੋਂ ਹਲਕਿਆਂ ਵਿਚ ਵਰਕਰਾਂ ਨਾਲ ਤਾਲਮੇਲ ਸ਼ੁਰੂ ਕੀਤਾ ਗਿਆ ਹੈ ਤੇ ਬਹੁਤ ਸਾਰੇ ਰੁੱਸੇ ਵਰਕਰਾਂ ਨੂੰ ਮਨਾ ਕੇ ਆਪਣੇ ਨਾਲ ਚਲਾਉਣ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਸਰਹਿੰਦ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਵਾਉਂਣ ਲਈ ਕੇਂਦਰ ਤੋਂ 25 ਕਰੋੜ ਦਾ ਪ੍ਰੋਜੈਕਟ ਮਨਜੂਰ ਕਰਵਾਉਣ ਤੋਂ ਇਲਾਵਾ, ਰੇਲਵੇ ਕਰਾਸਿੰਗਾਂ ਕਾਰਨ ਜਾਮ ਘਟਾਉਣ ਲਈ ਮੰਡੀ ਅਹਿਮਦਗੜ੍ਹ 20 ਕਰੋੜ ਦਾ ਓਵਰ ਤੇ ਅੰਡਰ ਬ੍ਰਿਜ ਪਾਸ ਕਰਵਾਏ ਗਏ, ਅੰਬੇਮਾਜਰਾ ਚੌਂਕ ’ਚ 22 ਕਰੋੜ ਦਾ ਫਲਾਈਓਵਰ ਦਾ ਕੰਮ ਸ਼ੁਰੂ ਕਰਵਾਇਆ, ਕੇਂਦਰੀ ਸੜਕ ਫੰਡ ਤਹਿਤ ਰਾਹੇ ਸੜਕ ਦੀ ਮੁਰੰਮਤ ਲਈ 43 ਕਰੋੜ ਮਨਜ਼ੂਰ ਕਰਵਾਏ ਗਏ ਉੱਥੇ ਸੱਚਖੰਡ ਐਕਸਪ੍ਰੈਸ ਤੇ ਹੋਰ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਵਾਉਣ ਤੇ ਕੋਵਿਡ ਦੌਰਾਨ ਮੰਡੀ ਅਹਿਮਦਗੜ੍ਹ ਤੋਂ ਬੰਦ ਹੋਈ ਰੇਲ ਸੇਵਾ ਆਦਿ ਮਨਜ਼ੂਰ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ, ਜਿਸ ਦਾ ਉਸ ਨੂੰ ਲਾਭ ਹੋਵੇਗਾ।
ਚੁਣੌਤੀਆਂ :-
ਮੈਂਬਰ ਪਾਰਲੀਮੈਂਟ ਹੁੰਦਿਆਂ ਡਾ. ਅਮਰ ਸਿੰਘ ਦੀ ਹਾਜ਼ਰੀ ਲੋਕ ਸਭਾ ਹਲਕੇੇ ’ਚ ਘਟ ਰਹੀ। ਇਸ ਦੇ ਨਾਲ ਹੀ ਐੱਮਪੀ ਵੱਲੋਂ ਆਮ ਲੋਕਾਂ ਨੂੰ ਨਾ ਮਿਲਣਾ ਤੇ ਆਪਣੀ ਪਾਰਟੀ ਦੇ ਕੁਝ ਕੁ ਲੋਕਾਂ ਤੱਕ ਹੀ ਸੀਮਤ ਰਹਿਣ ਕਾਰਨ ਇਹ ਆਮ ਲੋਕਾਂ ’ਚ ਆਪਣੀ ਪਹੁੰਚ ਨਹੀਂ ਬਣਾ ਸਕੇ, ਜਿਸਦਾ ਕਿ ਇਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਕਈ ਟਕਸਾਲੀ ਆਗੂ ਤੇ ਕਾਂਗਰਸ ਵਰਕਰਾਂ ਦੀ ਨਾਰਾਜ਼ਗੀ ਵੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ
ਸ਼੍ਰੋਮਣੀ ਅਕਾਲੀ ਦਲ ਦੀ ਤਾਕਤ : (Lok Sabha Elections 2024)
ਸ੍ਰੀ ਖਾਲਸਾ ਗੁਰਚਰਨ ਸਿੰਘ ਟੌਹੜਾ ਦੇ ਨੇੜਲੇ ਹੋਣ ਤੇ ਸਵਰਗੀ ਮੰਤਰੀ ਬਸੰਤ ਸਿੰਘ ਖਾਲਸਾ ਦੇ ਪੁੱਤਰ ਹੋਣ ਕਾਰਨ ਹਲਕੇ ਵਿੱਚ ਜਾਣੇ ਪਹਿਚਾਣੇ ਹਨ ਤੇ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਤੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਬਿਕਰਮਜੀਤ ਸਿੰਘ ਖਾਲਸਾ ਨੂੰ ਟਿਕਟ ਮਿਲਣ ’ਤੇ ਲੋਕ ਸਭਾ ਹਲਕਿਆਂ ਦੇ ਟਕਸਾਲੀ ਆਗੂ ਖੁਸ਼ ਹਨ। ਇਸ ਦੇ ਨਾਲ ਹੀ ਪਾਰਟੀ ਅੰਦਰ ਖਾਲਸਾ ਦੀ ਕੋਈ ਵਿਰੋਧਤਾ ਨਹੀਂ।
ਚੁਣੋਤੀਆਂ :-
ਭਾਜਪਾ ਤੇ ਬੀਐੱਸਪੀ ਦਾ ਅਕਾਲੀ ਦਲ ਨਾਲੋਂ ਇਲਾਇੰਸ ਟੁੱਟਣ ਕਾਰਨ ਵੋਟਾਂ ਦੀ ਵੰਡ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋ ਸਕਦਾ ਹੈ।
ਲੋਕ ਸਭਾ ਚੋਣਾਂ: ਸਾਲ 2019 ’ਚ ਕੁੱਲ ਵੋਟਰ
ਪੁਰਸ਼ : 7 ਲੱਖ 99 ਹਜ਼ਾਰ 731
ਔਰਤਾਂ: 7 ਲੱਖ 30 ਹਜ਼ਾਰ 99
ਹੋਰ: 31
ਕੁੱਲ ਵੋਟਰ: 15 ਲੱਖ 2 ਹਜ਼ਾਰ 861
ਲੋਕ ਸਭਾ ਚੋਣਾਂ: ਸਾਲ 2024 ’ਚ ਕੁੱਲ ਵੋਟਰ
ਪੁਰਸ਼ :- 8 ਲੱਖ 23 ਹਜ਼ਾਰ 339
ਮਹਿਲਾਂ :-7 ਲੱਖ 29 ਹਜ਼ਾਰ 196
ਹੋਰ :- 32
ਕੁੱਲ ਵੋਟਰ :15 ਲੱਖ 52 ਹਜ਼ਾਰ 567
ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਨਤੀਜਾ
ਡਾਕਟਰ ਅਮਰ ਸਿੰਘ ਕਾਂਗਰਸ
ਵੋਟਾਂ ਪਈਆਂ : 4 ਲੱਖ 11 ਹਜ਼ਾਰ 651
ਦਰਬਾਰਾ ਸਿੰਘ ਗੁਰੂ (ਅਕਾਲੀ ਦਲ ਬਾਦਲ) ਵੋਟਾਂ ਪਈਆਂ : 3 ਲੱਖ 17753