ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵਿੱਚ ਚੱਲ ਰਹੇ ਸਬਮਰਸੀਬਲ ਪੰਪ ਪਰਖ ਕੇਂਦਰ ਨੂੰ ਰਾਸ਼ਟਰ ਪੱਧਰ ਦੇ ਪਰਖ ਬੋਰਡ ਵੱਲੋਂ ਮਾਨਤਾ ਦੇ ਦਿੱਤੀ ਗਈ ਹੈ। ਜਿਸ ਨਾਲ ਯੂਨੀਵਰਸਿਟੀ ਦੀਆਂ ਪਾਣੀ ਪਰਖ ਸੰਬੰਧੀ ਸੇਵਾਵਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਦੱਸ ਦਈਏ ਕਿ ਯੂਨੀਵਰਸਿਟੀ ਦੇ ਸਬਰਸੀਬਲ ਪੰਪ ਪਰਖ ਕੇਂਦਰ ਦੇ ਇੰਚਾਰਜ ਦੀ ਜ਼ਿੰਮੇਵਾਰੀ ਡਾ. ਸੁਨੀਲ ਗਰਗ ਕੋਲ ਹੈ। ਜਿਸ ਦੇ ਤਕਨੀਕੀ ਪ੍ਰਬੰਧਕ ਵਜੋਂ ਡਾ. ਸੰਜੇ ਸਤਪੁਤੇ ਅਤੇ ਮਿਆਰ ਪ੍ਰਬੰਧਕ ਵਜੋਂ ਡਾ. ਨਿਲੇਸ ਬਿਵਾਲਕਰ ਇਸ ਟੀਮ ਦਾ ਹਿੱਸਾ ਹਨ। ਕੌਮੀ ਪੱਧਰ ਦੇ ਪਰਖ ਬੋਰਡ ਵੱਲੋਂ ਮਿਲੀ ਇਹ ਮਾਨਤਾ ਪੀ.ਏ.ਯੂ. ਦੀਆਂ ਸੇਵਾਵਾਂ ਨੂੰ ਇੱਕ ਵਾਰ ਫਿਰ ਕਿਸਾਨੀ ਲਈ ਸਰਵੋਤਮ ਸਿੱਧ ਕਰਨ ਵਾਲੀ ਹੈ। (Ludhiana News)
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਕੇਂਦਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਮਾਹਿਰਾਂ ਦੀ ਲਗਨ, ਮਿਹਨਤ, ਸਮਰਪਣ ਦੇ ਸਦਕਾ ਸੰਭਵ ਹੋਇਆ ਹੈ ਅਤੇ ਇਸ ਨਾਲ ਯੂਨੀਵਰਸਿਟੀ ਦੀ ਖੇਤੀ ਖੋਜ ਦੀ ਝਲਕ ਮਿਲਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਯੂਨੀਵਰਸਿਟੀ ਦੀ ਭਰੋਸੇਯੋਗਤਾ ਵਧੇਗੀ ਬਲਕਿ ਕਿਸਾਨਾਂ ਅਤੇ ਉਦਯੋਗਾਂ ਦੀ ਸੇਵਾ ਕਰਨ ਦਾ ਸੰਸਥਾ ਦਾ ਹੌਂਸਲਾ ਦੁੱਗਣਾ ਹੋਵੇਗਾ। ਡਾ. ਗੋਸਲ ਨੇ ਕਿਹਾ ਕਿ ਇਹ ਮਾਨਤਾ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਿਲਦੀ ਹੈ ਅਤੇ ਇਸ ਗੱਲ ਦਾ ਪ੍ਰਮਾਣ ਹੈ ਕਿ ਯੂਨੀਵਰਸਿਟੀ ਕੋਲ ਬਿਹਤਰ ਪਰਖ ਸੁਵਿਧਾਵਾਂ ਮੌਜੂਦ ਹਨ। (Ludhiana News)
ਇਹ ਵੀ ਪੜ੍ਹੋ : Weather Update: ਸਾਵਧਾਨ! ਪੰਜਾਬ ’ਚ ਸਕੂਲਾਂ ਲਈ ਐਡਵਾਈਜ਼ਰੀ ਜਾਰੀ
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮਾਨਤਾ ਨੂੰ ਕਿਸਾਨਾਂ, ਉਦਯੋਗਿਕ ਭਾਈਵਾਲਾਂ ਅਤੇ ਹੋਰ ਧਿਰਾਂ ਵਿਚ ਸੰਸਥਾ ਦਾ ਵਿਸ਼ਵਾਸ ਦ੍ਰਿੜ ਕਰਾਉਣ ਵਾਲੀ ਕਿਹਾ। ਉਹਨਾਂ ਕਿਹਾ ਕਿ ਇਕ ਮੋਹਰੀ ਸੰਸਥਾ ਵਜੋਂ ਯੂਨੀਵਰਸਿਟੀ ਦੇ ਮਾਨਦੰਡਾਂ ਨੂੰ ਮਾਨਤਾ ਮਿਲਣੀ ਸੰਸਥਾ ਦੀ ਖੋਜ ਦੇ ਨਾਲ-ਨਾਲ ਭਵਿੱਖ ਦੀਆਂ ਖੇਤੀ ਯੋਜਨਾਵਾਂ ਲਈ ਕਸੌਟੀ ਵਾਂਗ ਹੈ। ਵਾਈਸ ਚਾਂਸਲਰ ਅਤੇ ਨਿਰਦੇਸ਼ਕ ਖੋਜ ਨੇ ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਖੇਤੀ ਇੰਜਨੀਅਰਿੰਗ ਸੰਬੰਧੀ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਫਸਲ ਵਿਕਾਸ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇ ਪੀ ਸਿੰਘ ਨੂੰ ਇਸ ਪ੍ਰਾਪਤੀ ਲਈ ਦਿਲੀ ਵਧਾਈ ਦਿੱਤੀ। (Ludhiana News)