ਸ੍ਰ. ਹਰੀ ਸਿੰਘ ਨਲੂਆ ਦਾ ਜਨਮ ਸੰਨ 1791 ਈ. ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਗੁੱਜਰਾਂਵਾਲਾ ਵਿਖੇ ਹੋਇਆ। ਛੋਟੀ ਉਮਰ ਦੇ ਸਨ ਕਿ ਇਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੀ ਵਿੱਦਿਆ, ਫੌਜੀ ਸਿੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ। ਲਗਭਗ 15 ਸਾਲ ਦੀ ਉਮਰ ਵਿੱਚ ਇਨ੍ਹਾਂ ਨੇ ਸਾਰੇ ਜੰਗੀ ਕਰਤੱਵਾਂ ਵਿੱਚ ਮੁਹਾਰਤ ਹਾਸਲ ਕਰ ਲਈ। (Hari Singh Nalua)
ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ’ਤੇ ਘੋੜ ਸਵਾਰੀ, ਤਲਵਾਰਬਾਜ਼ੀ, ਨੇਜਾਬਾਜ਼ੀ, ਨਿਸ਼ਾਨੇਬਾਜੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਸੰਨ 1805 ਈ: ਵਿੱਚ ਇੱਕ ਬਸੰਤੀ ਦਰਬਾਰ ਦਾ ਇਕੱਠ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਨੇ ਕਰਤੱਵ ਦਿਖਾਉਣ ਲਈ ਕਰਵਾਇਆ ਸੀ। ਹਰੀ ਸਿੰਘ ਨਲੂਆ ਦੇ ਕਰਤੱਵ ਨੂੰ ਦੇਖ ਕੇ ਮਹਾਰਾਜਾ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ । ਤੇ ਫਿਰ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਨਾਲ ਰਹਿੰਦੇ ਸੀ ਇੱਕ ਵਾਰ ਜੰਗਲ ਵਿੱਚ ਮਹਾਰਾਜਾ ਰਣਜੀਤ ਸਿੰਘ ’ਤੇ ਸ਼ੇਰ ਨੇ ਹਮਲਾ ਕਰ ਦਿੱਤਾ ਤਾਂ ਹਰੀ ਸਿੰਘ ਨਲੂਆ ਨੇ ਆਪਣੇ ਘੋੜੇ ਤੋਂ ਛਾਲ ਮਾਰ ਕੇ ਸ਼ੇਰ ਦੇ ਮੂੰਹ ਵਿੱਚ ਹੱਥ ਪਾ ਕੇ ਉਸਦਾ ਚਬਾੜਾ ਪਾੜ ਦਿੱਤਾ ਇਸ ਤਰ੍ਹਾਂ ਹੀ ਰਾਜਾ ਨਲ ਨੇ ਕੀਤਾ ਸੀ ਇਸ ਕਰਕੇ ਹੁਣ ਹਰੀ ਸਿੰਘ ਨੂੰ ਨਲ ਤੋਂ ਨਲੂਆ ਦਾ ਨਾਂਅ ਦਿੱਤਾ ਗਿਆ।
Hari Singh Nalua
1807 ਈ: ਵਿੱਚ ਕਸੂਰ ਦੀ ਫਤਹਿ ਸਮੇਂ ਸਰਦਾਰ ਹਰੀ ਸਿੰਘ ਨੇ ਮਹਾਨ ਵੀਰਤਾ ਦਿਖਾਈ ਜਿਸ ਦੇ ਇਨਾਮ ਵਜੋਂ ਮਹਾਰਾਜਾ ਵੱਲੋਂ ਇਨ੍ਹਾਂ ਜੀ ਨੂੰ ਜਾਗੀਰ ਮਿਲੀ। 1818 ਈ: ਵਿੱਚ ਮੁਲਤਾਨ ਦੀ ਅਖੀਰਲੀ ਫਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿੱਚ ਇਨ੍ਹਾਂ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਇਨ੍ਹਾਂ ਦੀ ਡਿਊਟੀ ਲਾਈ ਗਈ ਸੀ। ਇਨ੍ਹਾਂ ਨੂੰ ਇੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਇਨ੍ਹਾਂ ਨੇ ਮਿਹਨਤ ਕਰਕੇ ਕਸ਼ਮੀਰ ਨੂੰ ਖਾਲਸਾ ਰਾਜ ਵਿੱਚ ਮਿਲਾ ਕੇ ਲਾਹੇਵੰਦ ਸੂਬਾ ਬਣਾ ਲਿਆ। ਇਨ੍ਹਾਂ ਦੇ ਰਾਜ ਪ੍ਰਬੰਧ ’ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਨ੍ਹਾਂ ਨੂੰ ਆਪਣੇ ਨਾਂਅ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ।
ਇਹ ਅਧਿਕਾਰ ਖਾਲਸਾ ਰਾਜ ਵਿੱਚ ਸਿਰਫ਼ ਇਨ੍ਹਾਂ ਨੂੰ ਹੀ ਮਿਲਿਆ। ਹਰੀ ਸਿੰਘ ਨਲੂਆ ਨੇ ਹੋਰ ਵੀ ਬਹੁਤ ਸਾਰੇ ਮੈਦਾਨ ਫਤਿਹ ਕੀਤੇ । ਹਰੀ ਸਿੰਘ ਨਲੂਆ ਨੇ ਜਮਰੌਦ ਦਾ ਕਿਲ੍ਹਾ ਵੀ ਬਣਵਾਇਆ। ਜਦੋਂ ਅਫਗਾਨਾਂ ਨੂੰ ਇਹ ਪਤਾ ਲੱਗਾ ਕੇ ਹਰੀ ਸਿੰਘ ਨਲੂਆ ਜਮਰੌਦ ਵਿੱਚ ਨਹੀਂ ਹੈ ਤਾਂ ਅਫਗਾਨਾਂ ਨੇ ਜਮਰੌਦ ’ਤੇ ਹਮਲਾ ਕਰ ਦਿੱਤਾ ਹਰੀ ਸਿੰਘ ਨਲੂਆ ਠੀਕ ਨਾ ਹੋਣ ਦੇ ਬਾਵਜੂਦ ਵੀ ਜਮਰੌਦ ਦੇ ਮੈਦਾਨ ਲਈ ਚਾਲੇ ਪਾ ਦਿੰਦੇ ਨੇ ਜਿਵੇਂ ਹੀ ਪਠਾਣ ਹਰੀ ਸਿੰਘ ਨਲੂਆ ਨੂੰ ਯੁੱਧ ਦੇ ਮੈਦਾਨ ਵਿੱਚ ਦੇਖਦੇ ਨੇ ਉਨ੍ਹਾਂ ਦੇ ਸਰੀਰ ਕੰਬਣ ਲੱਗ ਜਾਂਦੇ ਹਨ ਤੇ ਕਈ ਯੁੱਧ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਹਨ ਜਦੋਂ ਸਾਰੇ ਅਫਗਾਨ ਦੌੜ ਕੇ ਲੁਕ ਗਏ ਤਾਂ ਸ. ਹਰੀ ਸਿੰਘ ਨਲੂਆ ਨੇ ਸੋਚਿਆ ਕਿ ਹੁਣ ਖਾਲਸਾ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿੱਚ ਲਿਜਾ ਕੇ ਆਰਾਮ ਦਿਵਾਇਆ ਜਾਏ। ਪਰ ਸ. ਨਿਧਾਨ ਸਿੰਘ ਪੰਜ ਹੱਥਾ, ਜਿੱਤ ਦੇ ਜੋਸ਼ ਵਿੱਚ ਅਫਗਾਨਾਂ ਦੇ ਪਿੱਛੇ ਦੱਰ੍ਹੇ ਦੇ ਅੰਦਰ ਚਲਾ ਗਿਆ।
Hari Singh Nalua
ਜਦੋਂ ਸ. ਹਰੀ ਸਿੰਘ ਨੇ ਸ. ਨਿਧਾਨ ਸਿੰਘ ਨੂੰ ਗੁਫਾ ਦੇ ਅੰਦਰ ਜਾਂਦੇ ਵੇਖਿਆ ਤਾਂ ਝੱਟ ਉਸ ਨੂੰ ਬੁਲਾਉਣ ਲਈ ਗੁਫਾ ਵੱਲ ਵਧੇ ਸ. ਹਰੀ ਸਿੰਘ ਨਲੂਆ ਦਾ ਅੰਗਰੱਖਿਅਕ ਸਰਦਾਰ ਅਜਾਇਬ ਸਿੰਘ ਗੁਫਾ ਵੱਲ ਵਧਿਆ ਤਾਂ ਗੁਫਾ ਵਿੱਚ ਲੁਕੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰ ਦਿੱਤੀ। ਉਹ ਉੱਥੇ ਹੀ ਢੇਰੀ ਹੋ ਗਿਆ। ਇਸੇ ਸਮੇਂ ਸ. ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫਾ ਵਿਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿਚੋਂ ਦੋ ਗੋਲੀਆਂ ਨਲੂਆ ਦੇ ਲੱਗੀਆਂ। ਇੰਨੇ ਨੂੰ ਬਾਕੀ ਸਵਾਰ ਵੀ ਉੱਥੇ ਪਹੁੰਚੇ ਅਤੇ ਵੈਰੀਆਂ ਨੂੰ ਚੁਣ-ਚੁਣ ਮਾਰਿਆ।
Also Read : ਆਓ! ਜਾਣੀਏ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕਿਰਤ ‘ਮਹਾਨ ਕੋਸ਼’ ਬਾਰੇ
ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜੂਦ ਬੜੇ ਹੌਂਸਲੇ ਨਾਲ ਘੋੜੇ ਨੂੰ ਕਿਲ੍ਹਾ ਜਮਰੌਦ ਵੱਲ ਮੋੜ ਲਿਆ ਤੇ ਸਿੱਧੇ ਕਿਲ੍ਹੇ ਵਿੱਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਨਾਲ ਹਰੀ ਸਿੰਘ ਨਲੂਆ ਨੂੰ ਘੋੜੇ ਤੋਂ ਉਤਾਰਿਆ। ਸਰਦਾਰ ਹਰੀ ਸਿੰਘ ਨਲੂਆ ਨੇ ਆਪਣੀ ਹਾਲਤ ਨਾਜ਼ੁਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ ਇਹ ਆਖਿਆ ਕਿ ਮੇਰੀ ਮੌਤ ਦੀ ਖਬਰ ਗੁਪਤ ਰੱਖਣੀ, ਇਸ ਨਾਲ ਖਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ। ਇਹ ਸਮਾਂ 30 ਅਪਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲੂਆ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ-ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਸਸਕਾਰ ਕਰ ਦਿੱਤਾ। ਇਸ ਤਰ੍ਹਾਂ ਇੱਕ ਮਹਾਨ ਜਰਨੈਲ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਤਰਸੇਮ ਸਿੰਘ, ਸਮਾਜਿਕ ਸਿੱਖਿਆ ਮਾਸਟਰ
ਮੋ. 94639-96552