ਮਨੁੱਖੀ ਕੜੀ ਬਣਾ ਕੇ ਕਰਨਗੇ ਪ੍ਰਦਰਸ਼ਨ (Amritsar News)
(ਰਾਜਨ ਮਾਨ) ਅੰਮ੍ਰਿਤਸਰ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਅਤੇ ਪ੍ਰਦੂਸ਼ਣ ਰੋਕਥਾਮ ਕਮੇਟੀ ਅੰਮ੍ਰਿਤਸਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚੋਂ ਲੰਘਦੇ ਤੁੰਗ ਢਾਬ ਨਾਲੇ ਵਿੱਚ ਵਹਿੰਦੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮਨੁੱਖੀ ਜਾਨਾਂ ਨੂੰ ਪੈਦਾ ਹੋ ਰਹੇ ਵੱਡੇ ਖ਼ਤਰੇ ਨੂੰ ਲੈ ਕੇ 4 ਮਈ ਨੂੰ ਹੋਲੀ ਸਿਟੀ ਕਾਲੋਨੀ ਦੇ ਬਾਹਰ ਅਟਾਰੀ ਦਿੱਲੀ ਮੁੱਖ ਸੜਕ ਤੇ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। Amritsar News
ਗੁਰੂ ਨਗਰੀ ਵਿੱਚ ਵੱਗਦਾ “ਮੌਤ” ਦੇ ਨਾਲੇ ਨੇ ਸੈਂਕੜੇ ਮਨੁੱਖੀ ਜਾਨਾਂ ਨੂੰ ਆਪਣੇ ਜ਼ਹਿਰੀਲੇ ਪ੍ਰਦੂਸ਼ਣ ਦੀ ਲਪੇਟ ਵਿੱਚ ਲਿਆ ਹੋਇਆ ਹੈ। ਹੋਲੀ ਸਿਟੀ ਵਾਸੀਆਂ ਵੱਲੋਂ ਪ੍ਰਦੂਸ਼ਣ ਰੋਕਥਾਮ ਕਮੇਟੀ ਅਤੇ ਨਾਲੇ ਦੇ ਨਾਲ ਲੱਗਦੀਆਂ ਦਰਜਨਾਂ ਕਾਲੋਨੀਆਂ ਦੇ ਵਾਸੀਆਂ ਦੇ ਸਹਿਯੋਗ ਕੱਲ੍ਹ ਦਿੱਲੀ ਅਟਾਰੀ ਮੁੱਖ ਮਾਰਗ ਉਪਰ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: ਲੁਟੇਰਿਆਂ ਨੇ ਦੁਕਾਨਦਾਰ ’ਚ ਦਾਖਲ ਹੋ ਕੇ ਕੀਤੀ ਲੁੱਟ
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਸਰਪ੍ਰਸਤ ਸਾਬਕਾ ਜੁਆਇੰਟ ਡਿਪਟੀ ਡਾਇਰੈਕਟਰ ਆਈ ਬੀ ਐਚ ਐਸ ਘੁੰਮਣ, ਪ੍ਰਧਾਨ ਰਾਜਨ ਮਾਨ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਸਾਬਕਾ ਜਨਰਲ ਮੈਨੇਜਰ ਇੰਡਸਟਰੀ ਨੇ ਕਿਹਾ ਕਿ ਆਪਣੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਤੋਂ ਦੁਖੀ ਲੋਕ ਆਪਣੀ ਕੋਈ ਸੁਣਵਾਈ ਨਾ ਹੋਣ ਕਾਰਨ ਸੜਕਾਂ ’ਤੇ ਨਿਕਲਣ ਲਈ ਮਜ਼ਬੂਰ ਹੋਏ ਹਨ। Amritsar News
ਉਹਨਾਂ ਕਿਹਾ ਕਿ ਹੁਣ ਤੱਕ ਕਈ ਸਰਕਾਰਾਂ ਆਈਆਂ ਹਨ ਅਤੇ ਹਰ ਵਾਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਚਲੇ ਜਾਂਦੇ ਰਹੇ ਹਨ। ਉਹਨਾਂ ਕਿਹਾ ਹੁਣ ਲੋਕਾਂ ਕੋਲ ਆਪਣੇ ਹੱਕ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਉਹਨਾਂ ਨਾਲੇ ਦੇ ਕੰਢੇ ਵੱਸਦੇ ਲੱਖਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਪਰਿਵਾਰਾਂ ਸਮੇਤ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਘਰਾਂ ਤੋਂ ਨਿਕਲਣ ਅਤੇ ਉਹਨਾਂ ਦਾ ਸਾਥ ਦੇਣ।
ਉਹਨਾਂ ਕਿਹਾ ਕਿ ਹੱਥਾਂ ਵਿੱਚ ਕਾਲੀਆਂ ਝੰਡੀਆਂ ਤੇ ਬੈਨਰ ਫੜਕੇ ਇਕ ਵੱਡੀ ਮਨੁੱਖੀ ਕੜੀ ਬਣਾਈ ਜਾਵੇਗੀ। ਉਹਨਾਂ ਕਿਹਾ ਜਿਹੜੇ ਲੋਕ ਹੋਲੀ ਸਿਟੀ ਦੇ ਗੇਟ ਉਪਰ ਨਹੀਂ ਪਹੁੰਚ ਸਕਦੇ ਉਹ ਨਾਲੇ ਦੇ ਕੰਡੇ ਆਪਣੇ ਘਰਾਂ ਦੇ ਨੇੜੇ ਪੈਂਦੇ ਖੇਤਰ ਵਿਚ ਸੜਕ ’ਤੇ ਆ ਕੇ ਮਨੁੱਖੀ ਕੜੀ ਬਣਾਉਣ ਤਾਂ ਜੋ ਅੰਨ੍ਹੇ ਬੋਲੇ ਹੋ ਚੁੱਕੇ ਹਾਕਮਾਂ ਨੂੰ ਨੀਂਦ ਤੋਂ ਜਗਾਇਆ ਜਾ ਸਕੇ। ਇਸ ਸਬੰਧੀ ਅੱਜ ਮੀਟਿੰਗ ਕਰਕੇ ਸਾਰਾ ਪ੍ਰੋਗਰਾਮ ਉਲੀਕਿਆ ਗਿਆ।