8 ਟਿੱਪਰ ਟਰੱਕ, 6 ਟਰੈਕਟਰ, 1 ਪੋਕਲੇਨ ਤੇ ਤਿੰਨ ਜੇਸੀਬੀ ਮਸ਼ੀਨਾਂ ਜ਼ਬਤ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਾਈਨਿੰਗ ਵਿਭਾਗ ਨੇ ਕਾਰਵਾਈ ਕਰਦਿਆਂ ਦੋ ਵੱਖ-ਵੱਖ ਥਾਵਾਂ ’ਤੇ ਰੇਡ ਕੀਤੀ ਹੈ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਕਰਨ ਦੇ ਮਾਮਲੇ ’ਚ 8 ਟਿੱਪਰ ਟਰੱਕ, 6 ਟਰੈਕਟਰ, 1 ਪੋਕਲੇਨ ਤੇ ਤਿੰਨ ਜੇਸੀਬੀ ਮਸ਼ੀਨਾਂ ਜ਼ਬਤ ਕੀਤੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਦੜਵਾ ਥਾਣਾ ਘਨੌਰ ਵਿਖੇ ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਜਿੰਦਰ ਘਈ ਦੀ ਟੀਮ ਨੇ ਰੇਡ ਕੀਤੀ ਤੇ 4 ਟਿੱਪਰ ਟਰੱਕ ਤੇ ਇੱਕ ਜੇਸੀਬੀ ਮਸ਼ੀਨ ਜ਼ਬਤ ਕੀਤੀ ਗਈ। (Patiala News)
ਇਸ ਵਿਰੁੱਧ ਐਫਆਈਆਰ ਮਿਨਰਲ ਡਿਵੈਲਪਮੈਂਟ ਅਤੇ ਰੈਗੂਲੇਸ਼ਨ ਐਕਟ 1957 ਦੀ ਧਾਰਾਵਾਂ 4 (1) ਤੇ 21 (1) ਤਹਿਤ ਥਾਣਾ ਘਨੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਇਸ ਥਾਂ ’ਤੇ ਕਰੀਬ ਇੱਕ ਫੁੱਟ ਡੂੰਘੀ ਮਾਈਨਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਮੌਕੇ ਮੌਜੂਦ ਲੋਕ ਸਰਕਾਰੀ ਗੱਡੀ ਨੂੰ ਦੇਖਕੇ ਮੌਕੇ ਤੋਂ ਭੱਜ ਗਏ ਤੇ ਮਾਈਨਿੰਗ ਵਿਭਾਗ ਵੱਲੋਂ ਪੁਲਿਸ ਪਾਰਟੀ ਨੂੰ ਬੁਲਾਕੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ। (Patiala News)
ਇਹ ਵੀ ਪੜ੍ਹੋ : Moose wala Murder Case : ਗੋਲਡੀ ਬਰਾੜ ਦੀ ਅਮਰੀਕਾ ’ਚ ਮੌਤ ਦਾ ਦਾਅਵਾ!
ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਹ ਸਾਰੀ ਮਸ਼ੀਨਰੀ ਸੈਣੀ ਕੈਰੀਅਰ ਫਰਮ ਦੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਮਾਈਨਿੰਗ ਟੀਮ ਵੱਲੋਂ ਪਿੰਡ ਸਮਸ਼ਪੁਰ ਨੇੜੇ ਬਹਾਦਰਗੜ੍ਹ ਵਿਖੇ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਦਾ ਮਾਮਲਾ ਬੇਨਕਾਬ ਕੀਤਾ ਗਿਆ ਹੈ। ਇਸ ਦੌਰਾਨ ਟੀਮ ਨੇ 5 ਤੋਂ 6 ਏਕੜ ਜਮੀਨ ਵਿੱਚ 4 ਤੋਂ 5 ਫੁਟ ਡੂੰਘੀ ਸਧਾਰਨ ਮਿੱਟੀ ਦੀ ਨਿਕਾਸੀ ਰੋਕੀ ਮੌਕੇ ’ਤੇ ਇੱਥੇ 9 ਟਰੈਕਟਰ ਟਰਾਲੀਆਂ ਮਿਟੀ ਭਰ ਰਹੀਆਂ ਸਨ। (Patiala News)
4 ਟਿੱਪਰ ਤੇ 3 ਜੇਸੀਬੀ ਮਸ਼ੀਨਾਂ ਦੇਖੀਆਂ ਪਰ ਦੋ ਮਸ਼ੀਨਾਂ ਤੇ ਟਰੈਕਟਰਾਂ ਨੂੰ ਇਨ੍ਹਾਂ ਦੇ ਡਰਾਇਵਰ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀ ਮਿਨਰਲ ਡਿਵੈਲਪਮੈਂਟ ਅਤੇ ਰੈਗੂਲੇਸ਼ਨ ਐਕਟ 1957 ਦੀ ਧਾਰਾਵਾਂ 4 (1) ਤੇ 21 (1) ਤਹਿਤ ਜਮੀਨ ਮਾਲਕ ਤੇ ਹੋਰ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗ਼ੈਰਕਾਨੂੰਨੀ ਮਾਈਨਿੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। (Patiala News)