ਮਾਨ ਨੇ ਮਾਝੇ ’ਚ ਗੇੜਾ ਲਾ ਕੇ ਚੋਣ ਮੁਹਿੰਮ ਭਖਾਈ | Bhagwant Maan
ਅੰਮ੍ਰਿਤਸਰ (ਰਾਜਨ ਮਾਨ) ਲੋਕ ਸਭਾ ਚੋਣਾਂ ’ਚ ਜਿੱਤ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਮਾਝੇ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਜੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਮੈਦਾਨ ਵਿੱਚ ਨਹੀਂ ਨਿੱਤਰੇ। ਮਾਝੇ ਦੀਆਂ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ, ਜਦੋਂ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਅਤੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਾਰੀਆਂ ਹੀ ਸਿਆਸੀ ਧਿਰਾਂ ਨੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਅਤੇ ਚੋਣ ਮੁਹਿੰਮ ਨੂੰ ਭਖਾਇਆ ਜਾ ਰਿਹਾ ਹੈ। (Bhagwant Maan)
ਹਾਲ ਦੀ ਘੜੀ ਮਾਝੇ ਵਿੱਚ ਚੋਣ ਪ੍ਰਚਾਰ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਅੱਗੇ ਚਲਦੇ ਨਜ਼ਰ ਆ ਰਹੇ ਹਨ। ਪੰਜਾਬ ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਝੇ ਵਿੱਚ ਇੱਕ ਗੇੜਾ ਦੇ ਦਿੱਤਾ ਗਿਆ ਹੈ, ਜਦੋਂ ਕਿ ਦੂਸਰੀਆਂ ਸਿਆਸੀ ਧਿਰਾਂ ਦੇ ਕਿਸੇ ਵੀ ਵੱਡੇ ਆਗੂ ਵੱਲੋਂ ਮਾਝੇ ਵਿੱਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ ਗਿਆ।
ਕਾਂਗਰਸੀ ਖੇਮੇ ਵਿੱਚ ਦੁਚਿੱਤੀ | Bhagwant Maan
ਮੁੱਖ ਮੰਤਰੀ ਵੱਲੋਂ ਕੱਲ੍ਹ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਰੈਲੀ ਅਤੇ ਰੋਡ ਸ਼ੋਅ ਕਰਕੇ ਵਿਰੋਧੀਆਂ ’ਤੇ ਵੱਡੇ ਹਮਲੇ ਕੀਤੇ ਗਏ। ਗੁਰਦਾਸਪੁਰ ਹਲਕੇ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਉਮੀਦਵਾਰ ਮੈਦਾਨ ਵਿੱਚ ਨਾ ਉਤਾਰੇ ਜਾਣ ਕਾਰਨ ਕਾਂਗਰਸੀ ਖੇਮੇ ਵਿੱਚ ਦੁਚਿੱਤੀ ਬਣੀ ਹੋਈ ਹੈ। ਇੱਕ ਪਾਸੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਪਿੰਡਾਂ-ਸ਼ਹਿਰਾਂ ਵਿੱਚ ਚੋਣ ਮੀਟਿੰਗਾਂ ਕਰ ਰਹੇ ਹਨ, ਦੂਜੇ ਪਾਸੇ ਕਾਂਗਰਸੀ ਆਪਣੇ ਉਮੀਦਵਾਰ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਸਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਇਥੇ ਪਹੁੰਚੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਹਲਕੇ ਵਿੱਚ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਹਲਕੇ ਵਿੱਚ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ।
Bhagwant Maan
ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਦੂਸਰੀ ਵਾਰ ਰੈਲੀਆਂ ਕਰਨ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਜੇ ਨਰਾਜ਼ ਕਾਂਗਰਸੀ ਲੀਡਰਾਂ ਨੂੰ ਮਨਾਉਣ ਵਿਚ ਲੱਗੇ ਹਨ ਅਤੇ ਸ਼ਹਿਰ ਵਿਚ ਮੀਟਿੰਗਾਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੀ ਸ਼ਹਿਰ ਵਿੱਚ ਲੱਗੇ ਹੋਏ ਹਨ। ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਅਜੇ ਉਮੀਦਵਾਰਾਂ ਦੀ ਭਾਲ ਵਿੱਚ ਲੱਗੇ ਹੋਏ ਹਨ। ਭਗਵੰਤ ਮਾਨ ਤੋਂ ਬਿਨਾਂ ਕਿਸੇ ਵੀ ਪਾਰਟੀ ਦਾ ਲੀਡਰ ਅਜੇ ਮਾਝੇ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਆਇਆ।
Also Read : Lok Sabha Election 2024: ਬਿਨਾ ‘ਗੱਠਜੋੜ’ ਹੋਣ ਵਾਲੇ ਚੋਣ ਅਖਾੜੇ ’ਚ ਮੁੱਦੇ ਵੱਖੋ-ਵੱਖਰੇ, ਮਕਸਦ ਸਿਰਫ਼ ‘ਵੋਟ’