ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ, 22 ਜੂਨ:
ਭਾਰਤੀ ਮਜ਼ਦੂਰ ਸੰਘ ਦੀਆਂ 60 ਯੂਨੀਅਨਾਂ ਵੱਲੋਂ ਮਿੰਨੀ ਸਕੱਤਰੇਤ ਡੀ.ਸੀ. ਦਫ਼ਤਰ ਵਿਖੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਵਿਸ਼ਾਲ ਧਰਨਾ ਲਗਾਇਆ ਗਿਆ। ਇਹ ਧਰਨਾ ਭਾਰਤੀਯ ਮਜ਼ਦੂਰ ਸੰਘ ਜਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਡਿੱਕੀ ਤੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਨੇ ਕਿਹਾ ਕਿ ਨਗਰ ਨਿਗਮਾਂ, ਨਗਰ ਕੌਂਸਲਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਜਿਸ ਕਰਕੇ ਕਰਮਚਾਰੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਉਨ੍ਹਾਂ ਮੰਗ ਕੀਤੀ ਕਿ 2004 ਤੋਂ ਬਾਅਦ ਕੰਮ ਕਰ ਰਹੇ ਕਰਮਚਾਰੀਆਂ ਦੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਵੇਂ ਭਰਤੀ ਕਰਮਚਾਰੀਆਂ ਦੀ ਇਕੱਲੀ ਬੇਸਿਕ ਪੇ ਦਿੱਤੀ ਜਾ ਰਹੀ ਹੈ ਉਨ੍ਹਾਂ ਨੂੰ ਸਾਰੇ ਭੱਤਿਆਂ ਸਮੇਤ ਤਨਖਾਹ ਦਿੱਤੀ ਜਾਵੇ ਅਤੇ ਪਰਖਕਾਲ ਦੀ ਸੀਮਾ ਸਮਾਂ ਇੱਕ ਸਾਲ ਕੀਤੀ ਜਾਵੇ। ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਜਿਨ੍ਹਾਂ ਕਾਮਿਆਂ ਦਾ ਪ੍ਰਮੋਸ਼ਨ ਚੈਨਲ ਨਹੀਂ ਬਣਿਆ ਜਿਵੇਂ ਕਿ ਬੇਲਦਾਰ, ਸਕਿੱਲਡ ਹੈਲਪਰ, ਬਿਲ ਮੈਸੰਜਰ, ਮੀਟਰ ਰੀਡਰ, ਵਰਕ ਸੁਪਰਵਾਈਜਰ, ਅਤੇ ਦਰੋਗਾ ਆਦਿ ਦਾ ਪ੍ਰਮੋਸ਼ਨ ਚੈਨਲ ਬਣਾਇਆ ਜਾਵੇ। ਸੱਤਵਾਂ ਪੇ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ। ਧਰਨੇ ਤੋਂ ਬਾਅਦ ਮੰਗਾਂ ਪ੍ਰਤੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਮਿਊਂਸਪਲ ਵਰਕਰ ਯੂਨੀਅਨ,ਟੈਕਨੀਕਲ ਇੰਪਲਾਈਜ਼ ਯੂਨੀਅਨ, ਨਗਰ ਪਾਲਿਕਾ ਕਰਮਚਾਰੀ ਮਹਾ ਸੰਘ, ਸਫਾਈ ਸੇਵਕ, ਠੇਕਾ ਸਫਾਈ ਕਰਮਚਾਰੀ ਯੂਨੀਅਨ, ਟੀ.ਆਈ.ਈ.ਟੀ. ਇੰਪਲਾਈਜ਼ ਐਸੋਸੀਏਸ਼ਨ, ਕੰਟਰੈਕਟ ਵਰਕਰਜ਼ ਯੂਨੀਅਨ ਥਾਪਰ ਯੂਨੀਵਰਸਿਟੀ, ਸਫ਼ਾਈ ਮਜ਼ਦੂਰ ਸੰਘ ਮਿਲਟਰੀ ਏਰੀਆ ਪਟਿਆਲਾ, ਸਫ਼ਾਈ ਮਜ਼ਦੂਰ ਸੰਘ ਸਨੌਰ, ਰਿਕਸ਼ਾ ਮਜਦੂਰ ਯੂਨੀਅਨ ਪਟਿਆਲਾ, ਆਂਗਣਵਾੜੀ ਅਤੇ ਸਹਾਇਕ ਸੰਘ ਪਟਿਆਲਾ, ਟੈਕਨੀਕਲ ਯੂਨੀਅਨ ਨਾਭਾ, ਸਫ਼ਾਈ ਮਜ਼ਦੂਰ ਸੰਘ ਰਾਜਪੁਰਾ, ਪੀ.ਡਬਲਿਯੂ.ਡੀ. ਲੇਬਰ ਯੂਨੀਅਨ ਸਮਾਣਾ ਅਤੇ ਹੋਰ ਕਈ ਯੂਨੀਅਨਾਂ ਦੇ ਸਮੂਹ ਕਰਮਚਾਰੀ ਹਾਜ਼ਰ ਸਨ।