ਪੁਲਿਸ ਦੀ ਸਖ਼ਤੀ : 26 ਸਕੂਲੀ ਬੱਸਾਂ ਦੇ ਕੀਤੇ ਚਲਾਣ, 2 ਕੀਤੀਆਂ ਬੰਦ

Bathinda News
 ਬਠਿੰਡਾ : ਸਕੂਲ ਵੈਨ ਅੰਦਰ ਚੈਕਿੰਗ ਕਰਦੇ ਹੋਏ ਸਬ ਇੰਸਪੈਕਟਰ ਅਮਰੀਕ ਸਿੰਘ। ਤਸਵੀਰ : ਸੱਚ ਕਹੂੰ ਨਿਊਜ਼

(ਸੁਖਜੀਤ ਮਾਨ) ਬਠਿੰਡਾ। ਹਰਿਆਣਾ ਵਿੱਚ ਸਕੂਲੀ ਵੈਨ ਦੇ ਹੋਏ ਹਾਦਸੇ ਮਗਰੋਂ ਪੰਜਾਬ ਵਿੱਚ ਸਕੂਲੀ ਵੈਨਾਂ ਦੀ ਚੈਕਿੰਗ ਤੇਜ ਹੋ ਗਈ ਹੈ। ਕਿਸੇ ਘਟਨਾ ਮਗਰੋਂ ਪੁਲਿਸ ਕੁਝ ਦਿਨ ਹੀ ਅਜਿਹੀ ਮੁਹਿੰਮ ਜਾਰੀ ਰੱਖਦੀ ਹੈ ਫਿਰ ਉਹੀ ਵੈਨਾਂ ਸੜਕਾਂ ‘ਤੇ ਮੁੜ ਦੌੜਨ ਲੱਗਦੀਆਂ ਹਨ। ਪੁਲਿਸ ਵੱਲੋਂ ਅੱਜ ਵੀ ਕਾਫੀ ਚੈਕਿੰਗ ਕੀਤੀ ਗਈ, ਜਿਸ ਤਹਿਤ 26 ਸਕੂਲੀ ਬੱਸਾਂ ਦੇ ਚਲਾਣ ਕੀਤੇ ਗਏ ਅਤੇ 2 ਬੰਦ ਕਰ ਦਿੱਤੀਆਂ ।
ਵੇਰਵਿਆਂ ਮੁਤਾਬਿਕ ਟ੍ਰੈਫਿਕ ਪੁਲਿਸ ਬਠਿੰਡਾ ਵੱਲੋਂ ਪਰਵੇਸ਼ ਚੋਪੜਾ ਡੀ.ਐੱਸ.ਪੀ ਟ੍ਰੈਫਿਕ ਬਠਿੰਡਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਸੈਂਟ ਜੌਸਫ ਕਾਨਵੈਂਟ ਸਕੂਲ ਬਠਿੰਡਾ,ਸੈਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ, ਦਿੱਲੀ ਪਬਲਿਕ ਸਕੂਲ ਬਠਿੰਡਾ ਵਿੱਚ ਜਾ ਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।ਟੀਮਾਂ ਵੱਲੋਂ ਅਧੂਰੇ ਦਸਤਾਵੇਜ ਵਾਲੀਆਂ 26 ਸਕੂਲ ਬੱਸਾਂ ਦੇ ਚਲਾਣ ਕੀਤੇ ਗਏ ਅਤੇ 2 ਬੱਸਾਂ ਨੂੰ ਬੰਦ ਕੀਤਾ ਗਿਆ। Bathinda News

ਡੀ.ਐੱਸ.ਪੀ ਟ੍ਰੈਫਿਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜਮੀ ਹੈ।ਇਸ ਲਈ ਵੈਨ/ਬੱਸ ਵਿੱਚ ਮੁੱਢਲੀਆ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ ਕੈਮਰਾ ਆਦਿ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ , ਫਿਟਨੈਸ ਸਰਟੀਫਿਕੇਟ, ਹੈਲਪਰ, ਸਪੀਡ ਗਵਰਨਰ ਆਦਿ ਸਹੂਲਤਾਂ ਹੋਣੀਆਂ ਲਾਜਮੀ ਹਨ।ਉਹਨਾ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾਂ/ਬੱਸਾਂ ਅੰਦਰ ਇਹਨਾਂ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਬੰਧਿਤ ਸਕੂਲ ਦੇ ਧਿਆਨ ਵਿੱਚ ਲਿਆਉਣ। Bathinda News

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ : ਪੁੱਤ ਖੇਤਾਂ ‘ਚ, ਮਾਵਾਂ ਧਰਨੇ ’ਚ ਡਟੀਆਂ

ਉਹਨਾਂ ਕਿਹਾ ਕਿ ਜਿਲ੍ਹਾ ਬਠਿੰਡਾ ਦੇ ਹਰ ਇੱਕ ਸਕੂਲ ਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਜੇਕਰ ਕੋਈ ਇਹਨਾਂ ਨਿਯਮਾਂ ਦੀ ਪਾਲਣਾਂ ਨਹੀਂ ਕਰਦਾ ਤਾਂ ਉਸ ਸਕੂਲ ਦੇ ਪ੍ਰਬੰਧਕਾਂ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਵਾਹਨਾਂ ਨੂੰ ਜਬਤ ਕੀਤਾ ਜਾਵੇਗਾ, ਇਸਦੇ ਨਾਲ ਹੀ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਕਿ ਸੇਫ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਨੂੰ ਬਖਸ਼ਿਆਂ ਨਹੀ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ।ਇਸ ਮੌਕੇ ਇੰਸਪੈਕਟਰ ਗੁਰਦੀਪ ਸਿੰਘ ਇੰਚਾਰਜ ਟ੍ਰੈਫਿਕ ਬਠਿੰਡਾ, ਸਹਾਇਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜਮ ਮੌਜੂਦ ਸਨ।