Lok Sabha Election 2024
ਦਲ ਬਦਲੂ ਰੁਝਾਨ ਭਾਰਤੀ ਰਾਜਨੀਤੀ ਦਾ ਮੰਨੋ ਇੱਕ ਰਿਵਾਜ਼ ਜਿਹਾ ਬਣ ਗਿਆ ਹੈ। ਇਸ ਵਾਰ ਵੀ ਆਮ ਚੋਣਾਂ ਦੇ ਸਮੇਂ ਆਗੂਆਂ ਦਾ ਇੱਕ ਪਾਰਟੀ ਛੱਡ ਦੂਜੀ ਪਾਰਟੀ ’ਚ ਜਾਣ ਦੀ ਖੇਡ ਜਾਰੀ ਹੈ। ਉਂਜ ਹਰ ਵਾਰ ਚੋਣਾਂ ਦੇ ਇਸ ਦੌਰ ’ਚ ‘ਆਇਆਰਾਮ-ਗਿਆਰਾਮ’ ਦੀ ਖੇਡ ’ਚ ਕਦੇ ਕੋਈ ਪਾਰਟੀ ਬਾਜ਼ੀ ਮਾਰਦੀ ਹੈ ਤੇ ਕਦੇ ਕੋਈ ਪਾਰਟੀ। ਚੋਣਾਂ ’ਚ ਚੋਣ ਜਾਬਤੇ ਦੇ ਚੱਲਦਿਆਂ ਕਈ ਪਾਬੰਦੀਆਂ ਲਾਗੂ ਹੋ ਜਾਂਦੀਆਂ ਹਨ, ਪਰ ਰਾਜਨੀਤੀ ’ਚ ਪਾਰਟੀ ਬਦਲਣ ਦਾ ਦੌਰ ਚੋਣਾਂ ਦੇ ਦੌਰ ’ਚ ਵੀ ਸਭ ਤੋਂ ਜ਼ਿਆਦਾ ਹੁੰਦਾ ਹੈ। ਸੱਤਾ ਦਾ ਸਵਾਦ ਵੀ ਅਜਿਹਾ ਹੁੰਦਾ ਹੈ ਕਿ ਕੋਈ ਵੀ ਸਿਆਸੀ ਪਾਰਟੀ ਇਸ ਤੋਂ ਅਛੂਤੀ ਨਹੀਂ ਰਹਿੰਦੀ। ਇਸ ਲਈ ਅੱਜ-ਕੱਲ੍ਹ ਪਾਰਟੀਆਂ ਬਦਲਣ ਦਾ ਦੌਰ ਖੂਬ ਚੱਲ ਰਿਹਾ ਹੈ। ਇਹ ਗੱਲ ਦੂਜੀ ਹੈ ਕਿ ਜ਼ਿਆਦਾਤਰ ਆਗੂਆਂ ’ਚ ਸੱਤਾਧਾਰੀ ਪਾਰਟੀ ਦਾ ਪੱਲਾ ਫੜਨ ਦੀ ਹੋੜ ਲੱਗੀ ਹੈ। (lok sabha election 2024)
ਪਾਰਟੀਆਂ ਬਦਲਣ ਦਾ ਰੁਝਾਨ ਸਿਆਸੀ ਚਕਾਚੌਂਧ ਦੇ ਵਰਤਮਾਨ ਮਾਹੌਲ ’ਚ ਪਿਛਲੇ ਤਿੰਨ ਦਹਾਕਿਆਂ ’ਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ। ਪਾਰਟੀ ਬਦਲਣ ਵਾਲਿਆਂ ਨੂੰ ਆਪਣਾ ਮੰਚ ਦੇ ਕੇ ਸਿਆਸੀ ਪਾਰਟੀਆਂ ਸਾਧਾਰਨ ਆਦਮੀ ਦੇ ਮਨ ’ਚ ਨਿਰਾਸ਼ਾ ਪੈਦਾ ਕਰਦੀਆਂ ਹਨ। ਇਮਾਨਦਾਰ, ਚੰਗੀ ਸੋਚ ਵਾਲੇ ਦੂਰਦਰਸ਼ੀ ਆਗੂ ਅਲੋਪ ਹੁੰਦੇ ਜਾ ਰਹੇ ਹਨ। ਸਾਰੇ ਸੈਲੀਬ੍ਰਿਟੀ ਆਖ਼ਰ ਸੱਤਾ ਵੱਲ ਹੀ ਕਿਉਂ ਭੱਜਦੇ ਹਨ? ਸਾਬਕਾ ਜੱਜ ਹੋਵੇ, ਸਾਬਕਾ ਅਧਿਕਾਰੀ ਅਤੇ ਅਭਿਨੇਤਾ ਅਤੇ ਖਿਡਾਰੀ ਉਹ ਰਾਜਨੀਤੀ ’ਚ ਆਉਣ ਇਸ ਤੋਂ ਕੋਈ ਇਨਕਾਰ ਨਹੀਂ ਕਰੇਗਾ।
ਵਿਧਾਨ ਸਭਾ ਚੋਣਾਂ | Lok Sabha Election 2024
ਅਜਿਹੇ ’ਚ ਅਹਿਮ ਸਵਾਲ ਇਹ ਹੈ ਕਿ ਕੀ ਅਜਿਹਾ ਕਰਕੇ ਸਿਆਸੀ ਪਾਰਟੀ ਅਤੇ ਉਨ੍ਹਾਂ ਦੇ ਆਗੂ ਸਾਡੀ ਲੋਕਤੰਤਰਿਕ ਵਿਵਸਥਾ ਦੇ ਮੂਲ ਮੰਤਰ ਅਤੇ ਚੋਣ-ਵਿਵਸਥਾ ਅਤੇ ਸੰਵਿਧਾਨ ਦੀ ਮੂਲ ਭਾਵਨਾ ਨਾਲ ਖਿਲਵਾੜ ਨਹੀਂ ਕਰਦੇ? ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਲੱਗਦਾ ਹੈ ਕਿ ਕੋਈ ਫਰਕ ਨਹੀਂ ਪੈਂਦਾ। ਅਜਿਹੇ ਆਗੂਆਂ ਦੀ ਵੀ ਕਮੀ ਨਹੀਂ ਹੈ ਜੋ ਬੀਤੇ ਸਾਲ ਦੇ ਆਖ਼ਰ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਇੱਕ ਪਾਰਟੀ ਦੇ ਚੋਣ ਨਿਸ਼ਾਨ ’ਤੇ ਉਮੀਦਵਾਰ ਸਨ ਤਾਂ ਹੁਣ ਦੂਜੀ ਪਾਰਟੀ ਦਾ ਚੋਣ ਨਿਸ਼ਾਨ ਲੈ ਕੇ ਮੈਦਾਨ ’ਚ ਉੱਤਰੇ ਹਨ। ਅਜਿਹੇ ਆਗੂ ਫਿਰ ਕਿਸੇ ਨਵੀਂ ਪਾਰਟੀ ’ਚ ਨਹੀਂ ਜਾਣਗੇ ਇਸ ਦੀ ਕੀ ਗਾਰੰਟੀ ਹੈ?
ਚੰਗੇ ਲੋਕ ਰਾਜਨੀਤੀ ’ਚ ਜੇਕਰ ਸਿਰਫ ਅਹੁਦਾ ਪਾਉਣ ਲਈ ਹੀ ਆਉਣ ਤਾਂ ਉਸ ਨੂੰ ਕੀ ਮੰਨਿਆ ਜਾਵੇ? ਅਜਿਹੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਹਨ ਜੋ ਅੱਜ ਇੱਥੇ ਤੇ ਕੱਲ੍ਹ ਉੁਥੇ ਦੀ ਉਦਾਹਰਨ ਪੇਸ਼ ਕਰ ਚੁੱਕੀਆਂ ਹਨ। ਅਜਿਹੀ ਸੈਲੀਬ੍ਰਿਟੀਜ਼ ਨੂੰ ਪਾਰਟੀ ’ਚ ਸ਼ਾਮਲ ਹੁੰਦਿਆਂ ਹੀ ਟਿਕਟ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਸਿਆਸੀ ਪਾਰਟੀਆਂ ਨੂੰ ਇਸ ਗੱਲ ’ਤੇ ਵਿਚਾਰ ਤਾਂ ਕਰਨਾ ਹੀ ਚਾਹੀਦੈ ਕਿ ਆਖ਼ਰ ਕੌਣ, ਕਿਸ ਇਰਾਦੇ ਨਾਲ ਪਾਰਟੀ ’ਚ ਆ ਰਿਹਾ ਹੈ।
ਭਾਰਤ ਇੱਕ ਲੋਕਤੰਤਰਿਕ ਦੇਸ਼
ਆਖਰ ਇਸ ਨੂੰ ਕਿਉਂ ਸਹੀ ਮੰਨਿਆ ਜਾਂਦਾ ਹੈ? ਇਹ ਸਹੀ ਇਸ ਲਈ ਨਹੀਂ ਹੈ ਕਿ ਪਾਰਟੀਆਂ ਵਿਸ਼ੇਸ਼ ਰਾਜਨੀਤਿਕ ਵਿਚਾਰਧਾਰਾ ਦੇ ਆਧਾਰ ’ਤੇ ਬਣਦੀਆਂ ਹਨ। ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ। ਇੱਥੇ ਸਰਕਾਰਾਂ ਚੋਣਾਂ ਜ਼ਰੀੇਏ ਚੁਣੀਆਂ ਜਾਂਦੀਆਂ ਹਨ। ਸੱਤਾ ਹਾਸਲ ਕਰਨ ਲਈ ਆਗੂ ਪਾਰਟੀ ਬਦਲਣ ’ਚ ਦੇਰ ਨਹੀਂ ਲਾਉਂਦੇ ਹਨ। ਬਿਨਾਂ ਸਿਧਾਂਤ ਦੇ ਦੂਜੀ ਪਾਰਟੀ ’ਚ ਇਸ ਤਰ੍ਹਾਂ ਜੰਮ ਜਾਂਦੇ ਹਨ, ਜਿਵੇਂ ਉਹ ਸ਼ੂੁਰੂ ਤੋਂ ਇਸ ਪਾਰਟੀ ’ਚ ਹੋਣ। ਆਗੂਆਂ ਦਾ ਟੀਚਾ ਸਿਰਫ ਸੱਤਾ ਪ੍ਰਾਪਤੀ ਹੈ।
ਉਨ੍ਹਾਂ ਲਈ ਨਾ ਤਾਂ ਕੋਈ ਲੋਕਮਤ ਦਾ ਮਹੱਤਵ ਹੈ, ਨਾ ਹੀ ਜਨਤੰਤਰ ਦਾ। ਉਨ੍ਹਾਂ ਦਾ ਨਾ ਕੋਈ ਮੁੱਲ ਹੈ ਅਤੇ ਨਾ ਹੀ ਸਿਧਾਂਤ। ਉਹ ਸੱਤਾ ਦੀ ਇੱਛਾ ’ਚ ਸਾਮ, ਦਾਮ, ਦੰਡ, ਭੇਦ ਸਭ ਅਪਣਾਉਂਦੇ ਹਨ। ਆਗੂਆਂ ਨੂੰ ਚੋਣਾਂ ਲਈ ਟਿਕਟ ਨਾ ਮਿਲਣਾ ਪਾਰਟੀ ਬਦਲਣ ਦਾ ਮੁੱਖ ਕਾਰਨ ਹੈ। ਜਦੋਂ ਕਿਸੇ ਪਾਰਟੀ ਦੇ ਕਿਸੇ ਮੈਂਬਰ ਨੂੰ ਜਾਂ ਉਸ ਦੇ ਸਾਥੀ ਨੂੰ ਪਾਰਟੀ ਟਿਕਟ ਨਹੀਂ ਮਿਲਦੀ ਹੈ, ਤਾਂ ਉਹ ਉਸ ਪਾਰਟੀ ਨੂੰ ਛੱਡ ਦਿੰਦਾ ਹੈ। ਆਗੂ ਆਪਣੇ ਸਵਾਰਥ ਲਈ ਪਾਰਟੀ ਬਦਲਦੇ ਹਨ।
ਹਮਾਮ ’ਚ ਸਾਰੇ ਨੰਗੇ
ਉਨ੍ਹਾਂ ਨੂੰ ਸੱਤਾ ਦੀ ਤਾਕਤ ਅਤੇ ਪੈਸਿਆਂ ਦੀ ਚਮਕ ਅਜਿਹਾ ਕਰਨ ਲਈ ਪੇ੍ਰਰਿਤ ਕਰਦੀ ਹੈ। ਜਿਨ੍ਹਾਂ ਨੇ ਸੱਚੀਂ ਸਮਾਜ ਜਾਂ ਦੇਸ਼ ਦੀ ਸੇਵਾ ਕਰਨੀ ਹੁੰਦੀ ਹੈ ਉਹ ਪਾਰਟੀ ਬਲਦਣ ’ਤੇ ਧਿਆਨ ਨਹੀਂ ਦਿੰਦੇ। ਇਸ ਹਮਾਮ ’ਚ ਸਾਰੇ ਨੰਗੇ ਹਨ। ਸਾਮ, ਦਾਮ, ਦੰਡ, ਭੇਦ ਨਾਲ ਸੱਤਾ ਹਥਿਆਉਣ ਦੀ ਇੱਛਾ ਤੋਂ ਕੋਈ ਪਾਰਟੀ ਅਛੂਤੀ ਨਹੀਂ ਹੈ। ਵਰਤਮਾਨ ’ਚ ਰਾਜਨੀਤੀ ਪੈਸਾ ਕਮਾਉਣ ਦਾ ਸਭ ਤੋਂ ਸੌਖਾ ਅਤੇ ਸੁਰੱਖਿਅਤ ਸਾਧਨ ਹੈ। ਸਾਡੇ ਦੇਸ਼ ਦੇ ਜ਼ਿਆਦਾਤਾਰ ਆਗੂਆਂ ਦਾ ਕੋਈ ਸਿਆਸੀ ਸਿਧਾਂਤ ਨਹੀਂ ਹੈ ਅਤੇ ਸਿਧਾਂਤਹੀਣ ਆਗੂ ਹੀ ਆਪਣੀ ਸੁਵਿਧਾ ਅਨੁਸਾਰ ਪਾਰਟੀ ਬਦਲਦੇ ਰਹਿੰਦੇ ਹਨ।
Also Read : ਸੋਨੇ ਦੇ ਵਧੇ ਰੇਟ ਨੇ ਵਪਾਰੀਆਂ ਤੇ ਖਰੀਦਦਾਰਾਂ ਦੇ ਚਿਹਰੇ ਕੀਤੇ ਪੀਲੇ
ਇਹ ਵੀ ਕੌੜਾ ਸੱਚ ਹੈ ਕਿ ਅੱਜ ਬਹੁਤ ਸਾਰੇ ਆਗੂ ਲੋਕ ਸੇਵਾ ਦੇ ਬਹਾਨੇ ਤਰ੍ਹਾਂ-ਤਰ੍ਹਾਂ ਦੇ ਕਾਰੋਬਾਰ ’ਚ ਸ਼ਾਮਲ ਹਨ। ਅਜਿਹਾ ਵੀ ਨਹੀਂ ਹੈ ਕਿ ਉਨ੍ਹਾਂ ਦੇ ਸਾਰੇ ਵਪਾਰ ਨਿਯਮਾਂ-ਅਨੁਸਾਰ ਅਤੇ ਸਾਫ-ਸੁਥਰੇ ਹਨ। ਨਜਾਇਜ਼ ਧੰਦਿਆਂ ਅਤੇ ਨਿਯਮਾਂ ਖਿਲਾਫ਼ ਕੰਮ ਕਰਨ ਲਈ ਕਈ ਆਗੂ ਮਸ਼ਹੂਰ ਹਨ। ਉਹ ਕਾਨੂੰਨ ਦੀ ਪਕੜ ਤੋਂ ਬਚਣ ਲਈ ਹਰ ਸਮੇਂ ਸੱਤਾਧਿਰ ’ਚ ਰਹਿਣਾ ਚਾਹੁੰਦੇ ਹਨ। ਇਸ ਲਈ ਜੋ ਪਾਰਟੀ ਸੱਤਾ ’ਚ ਆਵੇ, ਉਸ ਨਾਲ ਹੋ ਜਾਂਦੇ ਹਨ।
ਦੇਸ਼ ’ਚ ਲਗਾਤਾਰ ਪਾਰਟੀ ਬਦਲਣ ਦੀਆਂ ਘਟਨਾਵਾਂ ਨਾਲ ਆਗੂਆਂ ਦੇ ਨਿੱਜੀ ਹਿੱਤ ਦੀ ਚਰਚਾ ਵੀ ਵਿਆਪਕ ਤੌਰ ’ਤੇ ਹੁੰਦੀ ਹੈ। ਅਸਰ ਵੱਖ-ਵੱਖ ਪੱਧਰ ਦੀਆਂ ਚੋਣਾਂ ’ਚ ਵੋਟ ਫੀਸਦੀ ’ਚ ਗਿਰਾਵਟ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ। ਬਿਨਾਂ ਸ਼ੱਕ ਇਹ, ਘਟਨਾਕ੍ਰਮ ਭਾਰਤੀ ਰਾਜਨੀਤੀ ’ਚ ਨੈਤਿਕ ਕਦਰਾਂ-ਕੀਮਤਾਂ ਦੀ ਗਿਰਾਵਟ ਦਾ ਚਿੱਤਰ ਵੀ ਉਲੀਕਦਾ ਹੈ। ਜੋ ਦੱਸਦਾ ਹੈ ਕਿ ਸੱਤਾ ’ਚ ਆਉਣ ਦੀ ਬੈਚੇਨੀ ਲੋਕ-ਨੁਮਾਇੰਦਿਆਂ ਨੂੰ ਕਿਸੇ ਵੀ ਹੱਦ ਤੱਕ ਲਿਜਾ ਸਕਦੀ ਹੈ। ਫਾਰਮ ਹਾਊਸਾਂ ਅਤੇ ਗੈਸਟ ਹਾਊਸਾਂ ’ਚ ਘੇਰ ਕੇ ਲਿਜਾਏ ਜਾਂਦੇ ਵਿਧਾਇਕ ਇਸ ਸਥਿਤੀ ਨੂੰ ਹੀ ਉਜਾਗਰ ਕਰਦੇ ਹਨ। ਜੋ ਸਿਆਸੀ ਪੰਡਿਤਾਂ ਲਈ ਅਧਿਐਨ ਦਾ ਵਿਸ਼ਾ ਹੋਣਾ ਚਾਹੀਦਾ ਹੈ। ਵਿਰੋਧੀ ਧਿਰ ’ਚ ਬੈਠਣ ’ਚ ਵਿਧਾਇਕਾਂ ’ਚ ਬੇਚੈਨੀ ਕਿਉਂ ਹੁੰਦੀ ਹੈ ਅਤੇ ਉਹ ਸਵਾਰਥਾਂ ਲਈ ਜਨਤਾ ਦੇ ਵਿਸ਼ਵਾਸ ਨਾਲ ਧੋਖਾ ਕਿਉਂ ਕਰਦੇ ਹਨ?
Political Integrity
ਆਗੂਆਂ ਵਿਚਕਾਰ ਪਾਰਟੀ ਬਦਲਣਾ ਜਿੰਨਾ ਸਹਿਜ਼ ਅਤੇ ਸਰਲ ਹੋ ਗਿਆ ਹੈ, ਵੋਟਰ ਲਈ ਆਗੂ ਓਨਾ ਹੀ ਬੇਵਿਸ਼ਵਾਸਾ ਹੁੰਦਾ ਜਾ ਰਿਹਾ ਹੈ। ਜਦੋਂਕਿ ਅਜ਼ਾਦੀ ਦੇ ਬਾਅਦ ਤੋਂ ਆਗੂਆਂ ਦੀ ਛਵੀ ’ਤੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਲੋਕ ਸੇਵਾ ਦਾ ਭਾਵ ਹੀ ਆਗੂਆਂ ਦੇ ਏਜੰਡੇ ’ਚੋਂ ਗਾਇਬ ਹੁੰਦਾ ਜਾ ਰਿਹਾ ਹੈ। ਕਿਸੇ ਵੀ ਪੱਧਰ ਦੀ ਚੋਣ ਜਿੱਤਣ ਤੋਂ ਬਾਅਦ ਅਗੂਆਂ ਦੇ ਰਹਿਣ-ਸਹਿਣ ’ਚ ਜੋ ਬਦਲਾਅ ਆਉਂਦਾ ਹੈ, ਉਹ ਵੋਟਰ ਦੀ ਨਿਗ੍ਹਾ ਤੋਂ ਬਚ ਨਹੀਂ ਸਕਦਾ।ਅਜਿਹੀਆਂ ਢੇਰਾਂ ਉਦਾਹਰਨਾਂ ਮੌਜੂਦ ਹਨ ਕਿ ਨਾਮੀ ਲੋਕਾਂ ਨੇ ਰਾਜਨੀਤੀ ’ਚ ਪ੍ਰਵੇਸ਼ ਕੀਤਾ, ਟਿਕਟ ਵੀ ਮਿਲੀ ਅਤੇ ਚੋਣਾਂ ਜਿੱਤੇ ਵੀ।
ਉਸ ਤੋਂ ਬਾਅਦ ਜਨਤਾ ਨਾਲ ਜੁੜ ਹੀ ਨਹੀਂ ਸਕੇ ਅਤੇ ਅਗਲੀਆਂ ਚੋਣਾਂ ’ਚ ਇਨ੍ਹਾਂ ਦੀ ਟਿਕਟ ਕੱਟੀ ਗਈ। ਦੇਸ਼ ’ਚ ਲੰਮੇ ਸਮੇਂ ਤੋਂ ਚੋਣ ਸੁਧਾਰਾਂ ’ਤੇ ਚਰਚਾ ਚੱਲ ਰਹੀ ਹੈ ਪਰ ਚਰਚਾ ਇਸ ’ਤੇ ਵੀ ਹੋਣੀ ਚਾਹੀਦੀ ਹੈ ਕਿ ਟਿਕਟ ਕਿਸੇ ਹੋਰ ਨੂੰ ਕਿਉਂ ਦਿੱਤੀ ਜਾਵੇ? ਪਾਰਟੀ ਦੇ ਨਿਹਚਾਵਾਨ ਵਰਕਰਾਂ ਦੀ ਅਣਦੇਖੀ ਕਰਕੇ ਚੰਦ ਘੰਟੇ ਪਹਿਲਾਂ ਪਾਰਟੀ ’ਚ ਸ਼ਾਮਲ ਹੋਣ ਵਾਲੇ ਨੂੰ ਟਿਕਟ ਦੇਣਾ ਕਿੱਥੋਂ ਤੱਕ ਸਹੀ ਹੈ? ਪਾਰਟੀਆਂ ਨੂੰ ਵਿਚਾਰ ਕਰਨਾ ਹੀ ਪਵੇਗਾ ਕਿ ਰਾਜਨੀਤੀ ਦੇ ਮਾਇਨੇ ਚੋਣ ਜਿੱਤਣਾ ਮਾਤਰ ਹੀ ਹੈ ਜਾਂ ਫਿਰ ਉਹ ਵਿਚਾਰਧਾਰਾ ਲਈ ਸਮਰਪਿਤ ਵਰਕਰਾਂ ਨੂੰ ਮੌਕਾ ਦੇ ਕੇ ਰਾਜਨੀਤੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਨ। ਵਰਤਮਾਨ ’ਚ ਦਲਬਦਲ ਕਾਨੂੰਨ ਦਾ ਪ੍ਰਭਾਵ ਨਾ ਦੇ ਬਰਾਬਰ ਹੈ। ਇਸ ਕਾਨੂੰਨ ਦੀ ਹਰ ਵਾਰ ਉਲੰਘਣਾ ਹੁੰਦੀ ਹੈ ਤੇ ਅਵਾਜ਼ ਵੀ ਨਹੀਂ ਆਉਂਦੀ। ਇਸ ਕਾਨੂੰਨ ਦੀਆਂ ਖਾਮੀਆਂ ਵੀ ਕਈ ਵਾਰ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੈ।
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)