ਪਟਿਆਲਾ ਲੋਕ ਸਭਾ ਸੀਟ: ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦਾ ਹੋਇਆ ਐਲਾਨ, ਅਗਲੇ ਦਿਨਾਂ ’ਚ ਭਖੇਗਾ ਅਖਾੜਾ

Lok-Sabha-Patiala

ਅਕਾਲੀ ਦਲ, ਕਾਂਗਰਸ, ਬਸਪਾ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੋਣਗੇ ਸਰਗਰਮ | Patiala Lok Sabha

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਵੇਂ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਜਲਦੀ ਐਲਾਨ ਹੋਣ ਕਾਰਨ ਉਹ ਪਹਿਲਾ ਹੀ ਲੋਕਾਂ ਦੀ ਕਚਹਿਰੀ ’ਚ ਆਪਣੀ ਹਾਜ਼ਰੀ ਦਰਜ਼ ਕਰਵਾ ਰਹੇ ਹਨ। ਪਿਛਲੇ ਦਿਨੀਂ ਅਕਾਲੀ ਦਲ ਤੇ ਕਾਂਗਰਸ ਵੱਲੋਂ ਆਪਣਾ ਉਮੀਦਵਾਰ ਐਲਾਨ ਕਰਨ ਤੋਂ ਬਾਅਦ ਅਗਲੇ ਦਿਨਾਂ ’ਚ ਪਟਿਆਲਾ ਸੀਟ ’ਤੇ ਚੋਣ ਪ੍ਰਚਾਰ ’ਚ ਤੇਜ਼ੀ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। (Patiala Lok Sabha)

ਆਪ ਉਮੀਦਵਾਰ ਦਾ ਅਜੇ ਚੋਣ ਪ੍ਰਚਾਰ ਠੰਢਾ, ਭਾਜਪਾ ਦੇ ਪਰਨੀਤ ਕੌਰ ਭਖਾ ਰਹੇ ਨੇ ਆਪਣੀ ਮੁਹਿੰਮ | Patiala Lok Sabha

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾ ਡਾ. ਬਲਬੀਰ ਸਿੰਘ ਨੂੰ ਉਮੀਦਵਾਰ ਐਲਾਨ ਕੇ ਬਾਜੀ ਮਾਰੀ ਗਈ ਸੀ, ਪਰ ਡਾ. ਬਲਬੀਰ ਸਿੰਘ ਦਾ ਚੋਣ ਪ੍ਰਚਾਰ ਬਹੁਤੀ ਤੇਜ਼ੀ ਨਹੀਂ ਫੜ ਰਿਹਾ। ਭਾਵੇਂ ਕਿ ਉਹ ਵੱਖ-ਵੱਖ ਹਲਕਿਆਂ ਵਿੱਚ ਆਪਣੇ ਵਿਧਾਇਕਾਂ ਤੇ ਸਿਰ ਤੇ ਮੀਟਿੰਗਾਂ ਕਰ ਰਹੇ ਹਨ, ਪਰ ਉਹ ਸਿੱਧੇ ਤੌਰ ’ਤੇ ਲੋਕਾਂ ਵਿੱਚ ਘੱਟ ਹਾਜਰੀ ਦਰਜ਼ ਕਰਵਾ ਰਹੇ ਹਨ, ਜੋਂ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਜਪਾ ਉਮੀਦਵਾਰ ਪਰਨੀਤ ਕੌਰ ਵੱਲੋਂ ਚੋਣ ਪ੍ਰਚਾਰ ਵਿੱਚ ਤੇਜ਼ੀ ਕੀਤੀ ਹੋਈ ਹੈ ਤੇ ਉਹ ਰੋਜ਼ਾਨਾ ਹੀ ਲੋਕਾਂ ਪਾਰਟੀ ’ਚ ਸ਼ਾਮਲ ਕਰਵਾ ਰਹੇ ਹਨ। (Patiala Lok Sabha)

ਵੱਡੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਰਨੀਤ ਕੌਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ, ਬਾਵਜੂਦ ਇਸਦੇ ਉਹ ਭਾਜਪਾ ਦੇ ਸਮਾਗਮਾਂ ਵਿੱਚ ਨਿੱਠ ਕੇ ਸ਼ਿਰਕਤ ਕਰ ਰਹੇ ਹਨ। ਨਾਭਾ, ਸਮਾਣਾ, ਸ਼ੁਤਰਾਣਾ ਵਿਖੇ ਉਨ੍ਹਾਂ ਨੂੰ ਕਿਸਾਨੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਪਰਨੀਤ ਕੌਰ ਦੀ ਧੀ ਜੈਇੰਦਰ ਕੌਰ ਵੱਲੋਂ ਵੱਖਰੇ ਤੌਰ ’ਤੇ ਵੱਖ-ਵੱਖ ਹਲਕਿਆਂ ’ਚ ਆਪਣੀ ਮਾਂ ਦੇ ਹੱਕ ’ਚ ਮੀਟਿੰਗਾਂ ਸਮੇਤ ਭਾਜਪਾ ’ਚ ਜੁਆਇਨਿੰਗ ਕਰਵਾਈ ਜਾ ਰਹੀ ਹੈ। ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਵੱਲੋਂ ਟਿਕਟ ਐਲਾਨ ਹੋਣ ਤੋਂ ਬਾਅਦ ਹੀ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਵਿਚਰਨ ਤੋਂ ਬਾਅਦ ਲੋਕਾਂ ਨਾਲ ਰਾਬਤਾ ਵਧਾ ਦਿੱਤਾ ਗਿਆ ਹੈ।

ਕਾਂਗਰਸ ਪਾਰਟੀ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਕਈ ਕਾਂਗਰਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ ਅਤੇ ਕਈਆਂ ਵੱਲੋਂ ਵਿਰੋਧ ਦੀ ਸੁਰ ਅਪਣਾਉਂਦਿਆਂ ਆਪਣੀਆਂ ਅਗਲੀਆਂ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਹਨ। ਬਹੁਜਨ ਸਮਾਜ ਪਾਰਟੀ ਵੱਲੋਂ ਜਗਜੀਤ ਸਿੰਘ ਛੜਬੜ ਨੂੰ ਪਟਿਆਲਾ ਸੀਟ ’ਤੇ ਉਤਾਰਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਵੀ ਜਨਤਾ ਦੇ ਦੁਆਰ ਅਲਖ ਜਗਾ ਦਿੱਤੀ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੋਫੈਸਰ ਮਹਿੰਦਰਪਾਲ ਨੂੰ ਪਟਿਆਲਾ ਲੋਕ ਸਭਾ ਸੀਟ ’ਤੇ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਅਗਲੇ ਦਿਨਾਂ ’ਚ ਸਾਰੇ ਉਮੀਦਵਾਰਾਂ ਦੇ ਚੋਣ ਮੈਦਾਨ ’ਚ ਕੁੱਦਣ ਤੋਂ ਬਾਅਦ ਪ੍ਰਚਾਰ ’ਚ ਗਰਮਾਹਟ ਆਵੇਗੀ ਤੇ ਪਿੰਡਾਂ-ਸ਼ਹਿਰਾਂ ਅੰਦਰ ਚੋਣ ਵਾਅਦਿਆਂ ਦੀ ਝੜੀ ਲੱਗੇਗੀ।

ਅਕਾਲੀ ਉਮੀਦਵਾਰ ਨੇ ਸੁਝਾਵਾਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

ਪਟਿਆਲਾ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਨੇ ਹੈਲਪਲਾਈਨ ਨੰਬਰ 9501287100 ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਇਸ ਵਟਸਐਪ ਨੰਬਰ ’ਤੇ ਆਪਣੇ ਸੁਝਾਅ ਦੇ ਸਕਦੇ ਹਨ ਤਾਂ ਜੋ ਇਸ ਸਬੰਧੀ ਬਣਾਏ ਗਏ ਮਤਾ ਪੱਤਰ ਵਿੱਚ ਸਭ ਕੁਝ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਪਟਿਆਲਾ ਹਲਕੇ ਦਾ ਵਿਕਾਸ ਕਰਨਾ ਉਨ੍ਹਾਂ ਦੀ ਪਹਿਲ ਰਹੀ ਹੈ।

Also Read : ਸਰਕਾਰੀ ਹਸਪਤਾਲ ਜਾਂ ਮੁਹੱਲਾ ਕਲੀਨਿਕ ‘ਚ ਜਾ ਰਹੇ ਹੋ ਦਵਾਈ ਲੈਣ ਤਾਂ ਇਹ ਖ਼ਬਰ ਜ਼ਰੂਰ ਦੇਖੋ