ਚੰਡੀਗੜ, (ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਅਨਾਜ ਵੰਡ ਘਪਲੇ ਵਿੱਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮਾਮਲੇ ਵਿੱਚ ਘਾਲਾ-ਮਾਲਾ ਕਰਨ ਵਾਲੇ ਦੋਸ਼ੀ 22 ਕਰਮਚਾਰੀਆਂ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਪਹਿਲਾਂ ਹੀ ਸ਼ੁਰੂ ਹੋ ਗਈ ਹੈ। ਇਹ ਭਰੋਸਾ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਬੋਲਦੇ ਹੋਏ ਵਿਧਾਇਕ ਬਿਕਰਮ ਸਿੰਘ ਪਾਹਰਾ ਵਲੋਂ ਲਿਆਂਦੇ ਧਿਆਨ ਦੁਆਊ ਮਤੇ ‘ਤੇ ਦੁਆਇਆ। (Captain Amarinder Singh)
ਉਨ੍ਹਾਂ ਕਿਹਾ ਕਿ ਨਵੀਂ ਆਟਾ-ਦਾਲ ਸਕੀਮ ਹੇਠ ਲੋੜਵੰਦ ਗਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਅਨਾਜੀ ਵਸਤਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਘਪਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸਦਨ ਵਿੱਚ ਦੱਸਿਆ ਕਿ ਜਾਂਚ ਅਧਿਕਾਰੀ ਦੀ ਰਿਪੋਰਟ ਵਿੱਚ ਪਾਏ ਗਏ ਦੋਸ਼ੀ 22 ਕਰਮਚਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਡਿਪਟੀ ਡਾਇਰੈਕਟਰ (ਜਿਸ ਦੀ ਜ਼ਿਲ੍ਹਾਂ ਕੰਟਰੋਲਰ ਦੇ ਪਦ ‘ਤੇ ਅਹੁਦਾ ਘਟਾਈ ਕੀਤੀ ਗਈ ਹੈ) ਅਤੇ ਜ਼ਿਲ੍ਹਾਂ ਖੁਰਾਕ ਸਪਲਾਈ ਕੰਟਰੋਲਰ ਵੀ ਸ਼ਾਮਲ ਹਨ। (Captain Amarinder Singh)
ਭ੍ਰਿਸ਼ਟਾਚਾਰ ਨੂੰ ਰੱਤੀ ਭਰ ਵੀ ਸ਼ਹਿਣ ਨਾ ਕਰਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਅੰਦਾਜ਼ਨ 10 ਕਰੋੜ ਰੁਪਏ ਦੀ 45000 ਕੁਇੰਟਲ ਕਣਕ ਦੇ ਘਪਲੇ ਵਿੱਚ ਕਥਿਤ ਭੂਮਿਕਾ ਵਾਸਤੇ ਚਾਰ ਸਹਾਇਕ ਖੁਰਾਕ ਸਪਲਾਈ ਅਧਿਕਾਰੀਆਂ ਅਤੇ 14 ਇੰਸਪੈਕਟਰਾਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਰੀਆਂ ਸਰਕਾਰੀ ਸਕੀਮਾਂ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਨ੍ਹਾਂ ਸਕੀਮਾਂ ਦੇ ਲਾਭ ਹੱਕਦਾਰ ਲੋਕਾਂ ਤੱਕ ਪਹੁੰਚ ਸਕਣ। (Captain Amarinder Singh)