ਮੌਜੂਦਾ ਰਾਜਨੀਤੀ ’ਚ ਸਿਧਾਂਤ ਅਤੇ ਕਦਰਾਂ-ਕੀਮਤਾਂ ਗਾਇਬ

ਲੋਕ ਸਭਾ ਚੋਣਾਂ ’ਚ ਚੁਣਾਵੀ ਮੈਦਾਨ ਸੱਜ ਗਿਆ ਹੈ, ਸਾਰੀਆਂ ਸਿਆਸੀ ਪਾਰਟੀਆਂ ’ਚ ਇੱਕ-ਦੂਜੇ ’ਤੇ ਦੂਸ਼ਣਬਾਜ਼ੀ ਦਾ ਸਿਲਸਿਲਾ ਹਮੇਸ਼ਾ ਵਾਂਗ ਪਰਵਾਨ ਚੜ੍ਹਨ ਲੱਗਾ ਹੈ। ਰਾਜਨੀਤੀ ’ਚ ਸਵੱਛਤਾ, ਨੈਤਿਕਤਾ ਅਤੇ ਮੁੱਲਾਂ ਦੀ ਸਥਾਪਨਾ ਦੇ ਤਮਾਮ ਦਾਅਵਿਆਂ ਦੇ ਬਾਵਜ਼ੂਦ ਅਨੈਤਿਕਤਾ, ਦਲਬਦਲੀ, ਦੂਸ਼ਣਬਾਜ਼ੀ ਦੀ ਹਿੰਸਕ ਮਾਨਸਿਕਤਾ ਪਸਰੀ ਹੋਈ ਹੈ। ਸਿਆਸੀ ਆਗੂ ਪਾਰਟੀਆਂ ਬਦਲ ਰਹੇ ਹਨ। ਪਾਰਟੀ ਬਦਲਣ ਵਾਲਿਆਂ ਨੂੰ ਟਿਕਟ ਦੇਣ ’ਚ ਕੋਈ ਪਾਰਟੀ ਪਿੱਛੇ ਨਹੀਂ ਰਹੀ, ਕਿਉਂਕਿ ਸਵਾਲ, ਕਿਸੇ ਵੀ ਤਰ੍ਹਾਂ ਚੋਣ ਜਿੱਤਣ ਤੱਕ ਜੋ ਸੀਮਿਤ ਰਹਿ ਗਿਆ ਹੈ। ਸਿਧਾਂਤਾਂ ਅਤੇ ਸਿਆਸੀ ਕਦਰਾਂ-ਕੀਮਤਾਂ ਦੀ ਪਰਵਾਹ ਘੱਟ ਹੀ ਲੋਕਾਂ ਨੂੰ ਰਹਿ ਗਈ ਹੈ। (Lok sabha election 2024)

ਚੁਣਾਵੀ ਰਾਜਨੀਤੀ ਦੇਸ਼ ਦੇ ਮਾਹੌਲ ’ਚ ਕੁੜੱਤਣ ਘੋਲਣ ਦਾ ਕੰਮ ਵੀ ਕਰ ਰਹੀ ਹੈ। ਸਿਹਤਮੰਦ ਅਤੇ ਕਦਰਾਂ-ਕੀਮਤਾਂ ਦੀ ਰਾਜਨੀਤੀ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ। ਰਾਜਨੀਤੀ ਪੂਰੀ ਤਰ੍ਹਾਂ ਜਾਤੀਵਾਦ, ਬਾਹੂਬਲ ਅਤੇ ਧਨਬਲ ਤੱਕ ਸਿਮਟ ਗਈ ਹੈ। ਹਾਲਤ ਇਹ ਹੈ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਉਤਾਰਿਆ ਹੈ, ਉਨ੍ਹਾਂ ’ਚ ਅੱਧੇ ਤੋਂ ਜ਼ਿਆਦਾ ਪਾਰਟੀ ਬਦਲਣ ਵਾਲੇ, ਅਪਰਾਧੀ ਅਤੇ ਦਾਗੀ ਹਨ। ਅਜਿਹੇ ’ਚ ਰਾਜਨੀਤੀ ਦੇ ਪੱਧਰ ’ਚ ਸੁਧਾਰ ਦੀ ਉਮੀਦ ਆਖਰ ਕੌਣ, ਕਿਸ ਤੋਂ ਕਰੇ? ਇਸ ਮੁੱਦੇ ’ਤੇ ਸਿਆਸੀ ਪਾਰਟੀਆਂ ਦੀ ਚੁੱਪ ਤਾਂ ਸਮਝ ਆਉਂਦੀ ਹੈ, ਪਰ ਚੋਣ ਕਮਿਸ਼ਨ ਦੀ ਖਾਮੋਸ਼ੀ ਸਮਝ ਤੋਂ ਪਰੇ ਹੈ।

Lok sabha election 2024

ਲੋਕ ਸਭਾ ਚੋਣਾਂ ਦੀ ਅਗਵਾਈ ਚੋਣ ਦਾ ਇਤਿਹਾਸਕ ਅਤੇ ਮਹੱਤਵਪੂਰਨ ਮੌਕਾ ਹੈ, ਇਸ ਮੌਕੇ ’ਤੇ ਲਾਓਤਜੁ ਤਾਓ ਤੇ ਚਿੰਗ ਦੀ ਕਿਤਾਬ ‘ਦ ਤਾਓ ਆਫ਼ ਲੀਡਰਸ਼ਿਪ’ ਰਾਜਨੀਤੀ ਅਤੇ ਸਿਆਸੀ ਆਗੂਆਂ ਲਈ ਇੱਕ ਰੌਸ਼ਨੀ ਹੈ। ਇਹ ਇੱਕ ਅਦਭੁੰਤ, ਅਦੁੱਤੀ ਅਤੇ ਨਿਵੇਕਲੀ ਕ੍ਰਿਤੀ ਹੈ ਜੋ ਨਵੇਂ ਯੁੱਗ ਲਈ ਅਗਵਾਈ ਦੀ ਰਚਨਾਤਮਕ ਵਿਊ ਰਚਨਾ ਪੇਸ਼ ਕਰਦੀ ਹੈ। ਅੱਜ ਜਦੋਂ ਕਿ ਦੇਸ਼ ਅਤੇ ਦੁਨੀਆ ’ਚ ਚਾਰੇ ਪਾਸੇ ਅਗਵਾਈ ਦੇ ਸਵਾਲ ’ਤੇ ਇੱਕ ਸੰਘਣਾ ਹਨ੍ਹੇਰਾ ਛਾਇਆ ਹੋਇਆ ਹੈ, ਨਿਰਾਸ਼ਾ ਅਤੇ ਗੈਰ-ਜਿੰਮੇਵਾਰੀ ਦੇ ਸਿਖਰ ਨੇ ਰਾਜਨੀਤੀ ਅਤੇ ਅਗਵਾਈ ਨੂੰ ਮੁਸ਼ਕਿਲ ਦੌਰ ’ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਮਾਜ ਅਤੇ ਰਾਸ਼ਟਰ ਦੇ ਸਮੁੱਚੇ ਪਰਿਦ੍ਰਿਸ਼ ’ਤੇ ਜਦੋਂ ਅਸੀਂ ਨਿਗ੍ਹਾ ਮਾਰਦੇ ਹਾਂ ਤਾਂ ਸਾਨੂੰ ਜਿਨ੍ਹਾਂ ਉਲਟ ਅਤੇ ਮੁਸ਼ਕਿਲ ਹਾਲਾਤਾਂ ਨਾਲ ਰੂ-ਬ-ਰੂ ਹੋਣਾ ਪੈਂਦਾ ਹੈ, ਉਨ੍ਹਾਂ ਭਿਆਨਕ ਹਾਲਾਤਾਂ ਵਿਚਕਾਰ ਠੀਕ ਤਰ੍ਹਾਂ ਰਾਹ ਦਿਖਾਉਣ ਵਾਲਾ ਕੋਈ ਆਗੂ ਨਜ਼ਰ ਨਹੀਂ ਆਉਂਦਾ।

ਇਹ ਮੰਨ ਲੈਣ ’ਚ ਕੋਈ ਹਰਜ਼ ਨਹੀਂ ਹੋਣਾ ਚਾਹੀਦਾ ਕਿ ਲੋਕਤੰਤਰ ਧੁੰਦਲਾ ਹੁੰਦਾ ਸਭ ਦੇਖ ਰਹੇ ਹਨ, ਪਰ ਖਾਮੋਸ਼ੀ ਨਾਲ। ਸ਼ਾਇਦ ਸਾਰਿਆਂ ਦੀਆਂ ਆਪੋ-ਆਪਣੀਆਂ ਮਜ਼ਬੂਰੀਆਂ ਹਨ। ਵੋਟਰ ਦੀ ਮਜ਼ਬੂਰੀ ਇਹ ਹੈ ਕਿ ਆਖ਼ਰ ਉਸ ਨੂੰ ਮੈਦਾਨ ’ਚ ਡਟੇ ਉਮੀਦਵਾਰਾਂ ’ਚੋਂ ਇੱਕ ਨੂੰ ਚੁਣਨਾ ਹੈ। ਇਸ ਦੇਸ਼ ਨੇ ਮਹਿੰਗਾਈ, ਬੇਰੁਜ਼ਗਾਰੀ, ਔਰਤਾਂ ਪ੍ਰਤੀ ਅਪਰਾਧ, ਗਰੀਬੀ, ਫਿਰਕੂਵਾਦ ਖਿਲਾਫ਼ ਵੀ ਜਨਤਾ ਨੂੰ ਸੜਕਾਂ ’ਤੇ ਉਤਰਦੇ ਦੇਖਿਆ ਹੈ ਪਰ ਰਾਜਨੀਤੀ ’ਚ ਟਕਰਾਅ, ਅਪਰਾਧ, ਦੇਸ਼-ਵਿਰੋਧ ਅਤੇ ਹਿੰਸਾ ਦੀ ਰਾਜਨੀਤੀ ਖਿਲਾਫ਼ ਕਦੇ ਕੋਈ ਅੰਦੋਲਨ ਨਹੀਂ ਹੋਇਆ। ਚੋਣ ਕਮਿਸ਼ਨ ਦੀਆਂ ਆਪਣੀਆਂ ਸੀਮਾਵਾਂ ਹੋ ਸਕਦੀਆਂ ਹਨ, ਪਰ ਜੇਲ੍ਹ ’ਚ ਬੈਠੇ-ਬੈਠੇ ਲੋਕ ਚੋਣਾਂ ਲੜ ਵੀ ਲੈਂਦੇ ਹਨ ਅਤੇ ਜਿੱਤ ਵੀ ਜਾਂਦੇ ਹਨ। ਖਲਨਾਇਕ ਨਾਇਕ ਬਣਨ ਲੱਗੇ ਹਨ।

Lok sabha election 2024

ਚੋਣਾਂ ਲੜਨ ਲਈ ਜ਼ਿਆਦਾ ਤੋਂ ਜ਼ਿਆਦਾ ਖਰਚ ਦੀ ਸੀਮਾ ਦੀ ਸ਼ਰੇਆਮ ਉਲੰਘਣਾ ਹੁੰਦੀ ਹੈ ਪਰ ਕਮਿਸ਼ਨ ਕੁਝ ਕਰ ਨਹੀਂ ਸਕਦਾ। ਚੋਣ ਪ੍ਰਚਾਰ ਦੌਰਾਨ ਅਪਸ਼ਬਦਾਂ ਦੀ ਵਰਤੋਂ, ਅਭੱਦਰ ਸ਼ਬਦਾਵਲੀ ਦੀ ਵਰਤੋਂ ਖੁੱਲ੍ਹੇਆਮ ਹੋ ਰਹੀ ਹੈ, ਪਰ ਕਮਿਸ਼ਨ ਨੋਟਿਸ ਦੇ ਕੇ ਹੀ ਆਪਣੇ ਫ਼ਰਜ ਤੋਂ ਮੁਕਤ ਹੋ ਜਾਂਦਾ ਹੈ। ਵੋਟਰਾਂ ਦੀ ਵੋਟ ਖਰੀਦਣ ਲਈ ਉਨ੍ਹਾਂ ਨੂੰ ਸ਼ਰੇਆਮ ਪੈਸੇ ਹੀ ਨਹੀਂ ਸ਼ਰਾਬ ਤੱਕ ਵੰਡੀ ਜਾਂਦੀ ਹੈ, ਪਰ ਕਿਸੇ ਉਮੀਦਵਾਰ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਜਨਤਾ ਰਾਜਨੀਤੀ ਦੇ ਡਿੱਗਦੇ ਪੱਧਰ ਤੋਂ ਨਾਰਾਜ਼ ਹੈ ਪਰ ਉਸ ਖਿਲਾਫ਼ ਆਵਾਜ਼ ਨਹੀਂ ਉਠਾਉਂਦੀ। ਇਨ੍ਹਾਂ ਲੋਕ ਸਭਾ ਚੋਣਾਂ ’ਚ ਇਹ ਚੁੱਪ ਟੁੱਟਣੀ ਚਾਹੀਦੀ ਹੈ ਅਤੇ ਅਜ਼ਾਦੀ ਦੇ ਅੰਮ੍ਰਿਤਕਾਲ ਨੂੰ ਅੰਮ੍ਰਿਤਮਈ ਬਣਾਉਣ ਵਾਲੀ ਅਗਵਾਈ ਸਾਹਮਣੇ ਆਉਣੀ ਚਾਹੀਦੀ ਹੈ। ਅਜਿਹੀ ਅਗਵਾਈ ਜੋ ਦੇਸ਼ ਨੂੰ ਮੋਹਰੀ ਆਰਥਿਕ ਮਹਾਂਸ਼ਕਤੀ ਦੇ ਰੂਪ ’ਚ ਲੈ ਜਾਵੇ ਅਤੇ ਵਿਕਾਸ ਦੀ ਸੁਨਹਿਰੀ ਕਹਾਣੀ ਲਿਖੇ।

ਸਮਰੱਥ ਵਿਰੋਧੀ ਧਿਰ

ਇੱਕ ਸਫਲ, ਸਾਰਥਿਕ, ਸਮਰੱਥ ਅਤੇ ਚਰਿੱਤਰਪੂਰਨ ਵਿਰੋਧੀ ਧਿਰ ਦੀ ਲੋੜ ਹਰ ਦੌਰ ’ਚ ਰਹੀ ਹੈ, ਪਰ ਅੱਜ ਇਹ ਜ਼ਿਆਦਾ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਵਿਰੋਧੀ ਧਿਰ ਕਿਵੇਂ ਦੀ ਹੋਵੇ, ਉਸ ਦਾ ਆਪਣੇ ਸਾਥੀਆਂ ਦੇ ਨਾਲ-ਨਾਲ ਸੱਤਾਧਿਰ ਨਾਲ ਕਿਹੋ-ਜਿਹਾ ਸਲੂਕ ਹੋਵੇ? ਉਸ ਵਿਚ ਕੀ ਹੋਵੇ, ਕੀ ਨਾ ਹੋਵੇ, ਉਹ ਕੀ ਕਰੇ, ਕਿਉਂ ਕਰੇ, ਕਦੋਂ ਕਰੇ, ਕਿਵੇਂ ਕਰੇ? ਆਦਿ ਕੁਝ ਮੁਸ਼ਕਿਲ ਅਤੇ ਗੰਭੀਰ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭੇ ਬਿਨਾਂ ਅਸੀਂ ਇੱਕ ਸਮਰੱਥ ਵਿਰੋਧੀ ਧਿਰ ਨੂੰ ਉਜਾਗਰ ਨਹੀਂ ਕਰ ਸਕਦੇ।

Also Read : Punjab BJP: ਦਰਜਨਾਂ ਪਿੰਡਾਂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ

ਇਨ੍ਹਾਂ ਸਵਾਲਾਂ ਦੇ ਜਵਾਬਾਂ ਦੀ ਕਸੌਟੀ ’ਤੇ ਹੀ ਸਾਨੂੰ ਆਉਣ ਵਾਲੇ ਸੱਤਾਧਿਰ ਅਤੇ ਵਿਰੋਧੀ ਧਿਰ ਨੂੰ ਕੱਸਣਾ ਹੋਵੇਗਾ। ਜਿਸ ਅਗਵਾਈ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਹੋਣਗੇ, ਜੋ ਸਮੇਂ ਅਨੁਕੂਲ ਹੋਵੇਗਾ, ਸਹਿਣਸ਼ੀਲ ਹੋਵੇਗਾ, ਨਿਰਪੱਖ ਹੋਵੇਗਾ, ਦੂਰਦਰਸ਼ੀ ਹੋਵੇਗਾ, ਨਿਸਵਾਰਥ ਹੋਵੇਗਾ, ਅਜਿਹੀ ਅਗਵਾਈ ਜਿਸ ਰਾਸ਼ਟਰ ਨੂੰ ਪ੍ਰਾਪਤ ਹੋਵੇਗੀ, ਉਸ ਦੀ ਤਰੱਕੀ ਨੂੰ ਸੰਸਾਰ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ। ਅਜਿਹੀ ਅਗਵਾਈ ਨਵਾਂ ਇਤਿਹਾਸ ਬਣਾ ਸਕੇਗੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਤਰੱਕੀ ਦੀਆਂ ਦਿਸ਼ਾਵਾਂ ਵੱਲ ਤੋਰ ਸਕੇਗੀ।

ਅੱਜ ਚੋਣ ਪ੍ਰਚਾਰ ’ਚ ਜਿਸ ਤਰ੍ਹਾਂ ਦੀ ਦੂਸ਼ਣਬਾਜ਼ੀ ਦੀ ਹਿੰਸਕ ਸੰਸਕ੍ਰਿਤੀ ਪੈਦੀ ਹੋਈ ਹੈ, ਇੱਕ-ਦੂਜੇ ’ਤੇ ਜੁੱਤੇ-ਚੱਪਲਾਂ ਸੁੱਟੇ ਜਾਂਦੇ ਹਨ, ਪੱਥਰਾਂ ਨਾਲ ਹਮਲਾ ਕੀਤਾ ਜਾਂਦਾ ਹੈ, ਛੋਟੀਆਂ-ਛੋਟੀਆਂ ਗੱਲਾਂ ’ਤੇ ਗਲਤ ਸ਼ਬਦਾਂ ਦਾ ਇਸਤੇਮਾਲ, ਰੌਲਾ-ਰੱਪਾ, ਖੋਹ-ਖਿੰਝ ਅਤੇ ਹੰਗਾਮਾ ਆਦਿ ਘਟਨਾਵਾਂ ਅਜਿਹੀਆਂ ਹਨ ਜੋ ਅਗਵਾਈ ਨੂੰ ਧੁੰਦਲਾ ਕਰਦੀਆਂ ਹਨ। ਅਗਵਾਈ ਦਾ ਚਿਹਰਾ ਸਾਫ਼ ਸੁਥਰਾ ਬਣੇ, ਇਸ ਲਈ ਉਮੀਦ ਹੈ ਕਿ ਇਸ ਖੇਤਰ ’ਚ ਆਉਣ ਵਾਲੇ ਵਿਅਕਤੀਆਂ ਦੇ ਚਰਿੱਤਰ ਦਾ ਪ੍ਰੀਖਣ ਹੋਵੇ। ਆਈ-ਕਿਊ ਟੈਸਟ ਵਾਂਗ ਕਰੈਕਟ ਟੈਸਟ ਦਾ ਕੋਈ ਨਵਾਂ ਤਰੀਕਾ ਵਰਤੋਂ ’ਚ ਲਿਆਂਦਾ ਜਾਵੇ ਤਾਂ ਇਹ ਲੋਕ ਸਭਾ ਚੋਣਾਂ ਦਾ ਸੰਗਰਾਮ ਜ਼ਿਆਦਾ ਸਾਰਥਕ ਹੋਵੇਗਾ।

ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)