ਵਿਧਾਨ ਸਭਾ ‘ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਐਲਾਨ
- ਪਿਛਲੀ ਸਰਕਾਰ ਨੇ ਸਿਰਫ ਤੀਰਥ ਯਾਤਰਾਵਾਂ ‘ਤੇ ਹੀ ਖਰਚੇ 139 ਕਰੋੜ ਰੁਪਏ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ‘ਚ ਹੁਣ ਕੋਈ ਵੀ ਸਰਕਾਰੀ ਤੀਰਥ ਯਾਤਰਾ ਨਹੀਂ ਹੋਵੇਗੀ ਪੰਜਾਬ ਸਰਕਾਰ ਨੇ ਸਾਰੀਆਂ ਸਰਕਾਰੀ ਤੀਰਥ ਯਾਤਰਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਇਨ੍ਹਾਂ ਸਬੰਧੀ ਬਜਟ ‘ਚ ਕੋਈ ਫੰਡ ਵੀ ਨਹੀਂ ਰੱਖਿਆ ਗਿਆ ਹੈ। ਪਿਛਲੀ ਸਰਕਾਰ ਨੇ ਤੀਰਥ ਯਾਤਰਾ ‘ਤੇ 5-7 ਕਰੋੜ ਨਹੀਂ, ਸਗੋਂ 139 ਕਰੋੜ 38 ਲੱਖ ਰੁਪਏ ਖ਼ਰਚ ਕਰ ਦਿੱਤੇ, ਜਦੋਂ ਕਿ ਪੰਜਾਬ ਦੀਆਂ ਤਿੰਨ ਵੱਡੀਆਂ ਯੂਨੀਵਰਸਿਟੀ ਫੰਡ ਨੂੰ ਤਰਸਦੀਆਂ ਰਹੀਆਂ ਸਨ। ਪੰਜਾਬ ਵਿਧਾਨ ਸਭਾ ਦੇ ਅੰਦਰ ਇਸ ਸਬੰਧੀ ਐਲਾਨ ਕਰਦਿਆਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ‘ਜਿਹੜੇ ਜ਼ਰੂਰਤਮੰਦਾਂ ਨੂੰ ਫੰਡ ਦੀ ਜਰੂਰਤ ਸੀ ਉਨ੍ਹਾਂ ਨੂੰ ਤਾਂ ਦਿੱਤਾ ਨਹੀਂ ਗਿਆ, ਜਦੋਂ ਕਿ ਤੀਰਥ ਯਾਤਰਾ ‘ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ’। (Official Pilgrimages)
ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪਿਛਲੀ ਸਰਕਾਰ ਨੇ ਸਾਲ 2016-17 ਦਰਮਿਆਨ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਹੇਠ ਕਈ ਥਾਵਾਂ ‘ਤੇ ਯਾਤਰਾਵਾਂ ਕਰਵਾਉਂਦੇ ਹੋਏ 139 ਕਰੋੜ 38 ਲੱਖ 32 ਹਜ਼ਾਰ 900 ਰੁਪਏ ਦਾ ਖ਼ਰਚਾ ਕਰ ਦਿੱਤਾ ਹੈ। ਜਦੋਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਸਰਕਾਰ ਨੇ ਸਿਰਫ਼ 7 ਕਰੋੜ ਰੁਪਏ ਵੀ ਨਹੀਂ ਦਿੱਤੇ, ਜਿਸ ਕਾਰਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਮਹੀਨਾ ਧਰਨਾ ਦਿੰਦੇ ਹੋਏ ਪੁਲਿਸ ਤੋਂ ਡਾਂਗਾਂ ਖਾਂਦੇ ਰਹੇ। ਇੱਥੇ ਹੀ ਸੈਨਿਕ ਸਕੂਲ ਜਿਸ ਨੇ ਕਿ ਵੱਡੇ-ਵੱਡੇ ਫੌਜ ਅਧਿਕਾਰੀ ਦੇਸ਼ ਨੂੰ ਦਿੱਤੇ ਹਨ, ਉਸ ਨੂੰ ਪਿਛਲੀ ਸਰਕਾਰ ਨੇ ਸਿਰਫ਼ 10 ਲੱਖ ਰੁਪਏ ਤੱਕ ਨਹੀਂ ਦਿੱਤੇ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ, ਜਿੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ, ਉੱਥੇ ਸਥਿਤ ਡਾਕਟਰਾਂ ਨੂੰ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਜਾਰੀ ਨਾ ਹੋਣ ਕਾਰਨ ਤਨਖਾਹ ਨਹੀਂ ਮਿਲੀ ਉਨ੍ਹਾਂ ਕਿਹਾ ਕਿ ਇਹੋ ਜਿਹੇ ਨੇਕ ਅਦਾਰਿਆਂ ਨੂੰ ਫੰਡ ਨਾ ਜਾਰੀ ਕਰਕੇ ਸਿਰਫ਼ ਤੀਰਥ ਯਾਤਰਾ ‘ਤੇ 139 ਕਰੋੜ ਖ਼ਰਚ ਕਰ ਦਿੱਤੇ। ਇਸ ਲਈ ਹੁਣ ਪੰਜਾਬ ‘ਚ ਤੀਰਥ ਯਾਤਰਾ ਕਰਵਾਉਣ ਲਈ ਉਨ੍ਹਾਂ ਨੇ ਕੋਈ ਵੀ ਬਜਟ ਵਿੱਚ ਫੰਡ ਨਹੀਂ ਰੱਖਿਆ ਹੈ, ਜਦੋਂ ਕਿ ਯੂਨੀਵਰਸਿਟੀ ਨੂੰ ਫੰਡ ਜਾਰੀ ਕੀਤੇ ਜਾ ਰਹੇ ਹਨ।