Opium: ਗਲਤਫਹਿਮੀ ਤੋਂ ਬਚੋ, ਇਲਾਜ ਨਹੀਂ, ਨਸ਼ਾ ਹੈ ਅਫੀਮ

Opium

ਵਿਸੇਸ਼ ਗੱਲਬਾਤ : ਸਮਾਜ ’ਚ ਪੈਦਾ ਹੋਏ ਭਰਮਾਂ ’ਤੇ ਡਾ. ਅਮਨਦੀਪ ਨੇ ਬੇਬਾਕੀ ਨਾਲ ਰੱਖੀ ਗੱਲ | Opium

ਗੁਰਪ੍ਰੀਤ ਸਿੰਘ (ਸੰਗਰੂਰ)। ਅਗਿਆਨਤਾ ਤੇ ਅਨਪੜ੍ਹਤਾ ਕਾਰਨ ਆਮ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਅਫੀਮ ਖਾਣ ਨਾਲ ਕਈ ਰੋਗਾਂ ’ਚ ਆਰਾਮ ਮਿਲਦਾ ਹੈ। ਆਧੁਨਿਕ ਮੈਡੀਕਲ ਇਸ ਨੂੰ ਨਕਾਰਦਾ ਹੈ ਅਸੀਂ ਇਨ੍ਹਾਂ ਗੱਲਾਂ ਨੂੰ ਵਿਗਿਆਨਕ ਤੌਰ ’ਤੇ ਜਾਣਨ ਲਈ ਸੰਗਰੂਰ ਦੇ ਉਘੇ ਡਾਕਟਰ ਅਮਨਦੀਪ ਅਗਰਵਾਲ ਕੋਲ ਗੱਲਬਾਤ ਲਈ ਪਹੁੰਚੇ ਅਤੇ ਉਨ੍ਹਾਂ ਤੋਂ ਅਫ਼ੀਮ ਦੇ ਨਸ਼ੇ ਬਾਰੇ ਸੰਖੇਪ ਜਾਣਕਾਰੀ ਹਾਸਲ ਕੀਤੀ । (Opium)

ਸਵਾਲ : ਡਾ. ਸਾਹਿਬ ਪੰਜਾਬ ਵਿੱਚ ਅਫ਼ੀਮ ਦੀ ‘ਮਹਿਮਾ’ ਪਿਛਲੇ ਲੰਮੇ ਸਮੇਂ ਤੋਂ ਗਾਈ ਜਾ ਰਹੀ ਹੈ, ਜੇਕਰ ਅਫ਼ੀਮ ਸਾਡੀ ਸਿਹਤ ਲਈ ਏਨੀ ਚੰਗੀ ਹੈ ਤਾਂ ਇਹ ਗੈਰ ਕਾਨੂੰਨੀ ਦਾਇਰੇ ਵਿੱਚ ਕਿਵੇਂ ਸ਼ਾਮਿਲ ਹੋ ਗਈ ? (Opium)
ਜਵਾਬ : ਅਫੀਮ ਦੀ ਵਰਤੋਂ ਸਦੀਆਂ ਤੋਂ ਕੁਦਰਤੀ ਦਰਦ ਨਿਵਾਰਕ ਵਜੋਂ ਕੀਤੀ ਜਾਂਦੀ ਰਹੀ ਹੈ। ਇਸ ਨੂੰ ਦਵਾਈਆਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਕੈਂਸਰ ਵਾਲੇ ਮਰੀਜ਼ਾਂ ਲਈ ਉਪਚਾਰਕ ਦੇਖਭਾਲ ਆਦਿ ਲਈ। ਪਰ ਅਫੀਮ ਨੂੰ ਸਿੱਧੇ ਤੌਰ ’ਤੇ ਸਿਹਤ ਲਈ ਹਾਨੀਕਾਰਕ ਦੱਸਿਆ ਗਿਆ ਹੈ ਪੇਂਡੂ ਲੋਕਾਂ ਵਿੱਚ ਇਹ ਧਾਰਨਾ ਆਮ ਪਈ ਜਾਂਦੀ ਹੈ ਕਿ ਘਰ ਵਿੱਚ ਅਫੀਮ ਜ਼ਰੂਰ ਰੱਖਣੀ ਚਾਹੀਦੀ ਹੈ। ਲੋਕਾਂ ਦੀ ਗਲਤ ਫਹਿਮੀ ਹੈ ਕਿ ਅਧਰੰਗ ਦਾ ਅਟੈਕ ਅਫੀਮ ਘੋਲ ਕੇ ਦੇਣ ਨਾਲ ਠੀਕ ਹੋ ਜਾਂਦਾ ਹੈ। ਲੋਕਾਂ ਇਹ ਵੀ ਵਿਚਾਰ ਹੈ ਕਿ ਹਾਰਟ-ਅਟੈਕ ਹੋਣ ਤੇ ਅਫੀਮ ਦੇਣ ਨਾਲ ਫਾਇਦਾ ਹੁੰਦਾ ਹੈ।

ਜਦੋਂ ਕਿ ਅਸਲੀਅਤ ਇਹ ਹੈ ਕਿ ਅਫੀਮ ਜਾਂ ਭੁੱਕੀ ਆਦਿ ਕਿਸੇ ਵੀ ਨਸ਼ੇ ਵਿੱਚ ਅਜੇਹੇ ਕੋਈ ਗੁਣ ਨਹੀਂ ਹਨ ਕਿਉਂਕਿ ਇਨਾਂ ਨਸ਼ਿਆਂ ਵਿੱਚ ਬਹੁਤ ਤੇਜ਼ ਦਰਦ ਨਿਵਾਰਕ ਗੁਣ ਮੌਜੂਦ ਹਨ ਇਸ ਲਈ ਕਿਸੇ ਵੀ ਮਰੀਜ਼ ਨੂੰ ਅਫੀਮ ਦੇਣ ਨਾਲ ਕਿਸੇ ਵੀ ਬਿਮਾਰੀ ਦਾ ਦਰਦ ਹੋਵੇ (ਭਾਵੇਂ ਦਿਲ ਦੇ ਦੌਰੇ ਦਾ ਦਰਦ ਜਾਂ ਕਿਸੇ ਹੋਰ ਬਿਮਾਰੀ ਕਾਰਣ ਦਰਦ) ਇਕਦਮ ਕੁਝ ਸਮੇਂ ਘਟ ਜਾਂਦਾ ਹੈ ਜਾਂ ਠੀਕ ਹੋ ਜਾਂਦਾ ਹੈ ਪਰ ਇਸ ਨਾਲ ਇਸ ਦਰਦ ਦੇ ਕਾਰਣ ਵਾਲੀ ਬਿਮਾਰੀ ਨੂੰ ਕੋਈ ਲਾਭ ਨਹੀਂ ਹੁੰਦਾ ਸਗੋਂ ਵਿਅਕਤੀ ਅਵੇਸਲਾ ਹੋ ਕੇ ਬਿਮਾਰੀ ਦੇ ਸਹੀ ਇਲਾਜ ਕਰਵਾਉਣ ਵਿੱਚ ਅਣਗਹਿਲੀ ਕਰ ਸਕਦਾ ਹੈ ਅਤੇ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

ਸਵਾਲ : ਕਹਿੰਦੇ ਨੇ ਜੇ ਅਧਰੰਗ ਦਾ ਦੌਰਾ ਪੈਣ ਸਮੇਂ ਮਰੀਜ਼ ਨੂੰ ਦਿੱਤੀ ਜਾਵੇ ਤਾਂ ਉਹ ਦੌਰੇ ਤੋਂ ਬਚ ਜਾਂਦਾ ਹੈ, ਕੀ ਇਹ ਸੱਚ ਹੈ ?
ਜਵਾਬ : ਇਕ ਹੋਰ ਧਾਰਨਾ ਪਰਚੱਲਿਤ ਹੈ ਕਿ ਨਸ਼ਾ ਛੱਡਣ ਨਾਲ ਅਧਰੰਗ ਦਾ ਅਟੈਕ ਹੋਣ ਦਾ ਖਤਰਾ ਹੁੰਦਾ ਹੈ, ਪਾਸਾ ਮਰਨ ਦਾ ਖਤਰਾ ਰਹਿੰਦਾ ਹੈ ਜਾਂ ਮੌਤ ਦਾ ਖਤਰਾ ਹੁੰਦਾ ਹੈ ਆਦਿ। ਇਹ ਸਾਰੀਆਂ ਗਲਤ ਧਾਰਨਾਵਾਂ ਹਨ ਅਤੇ ਜ਼ਿਆਦਾਤਰ ਨਸ਼ਾ ਨਾ ਛੱਡਣ ਦੇ ਮਨਸ਼ੇ ਕਾਰਣ ਫੈਲਾਈਆਂ ਜਾਂਦੀਆਂ ਹਨ। ਨਸ਼ੇ ਦੇ ਵਪਾਰੀ ਜਾਂ ਨਸ਼ਾ ਵੇਚਣ ਵਾਲੇ ਲੋਕ ਵੀ ਲੋਕਾਂ ਨੂੰ ਅਜਿਹੀਆਂ ਗੁੰਮਰਾਹ ਕਰਨ ਵਾਲੀਆਂ ਅਫਵਾਹਾਂ ਫੈਲਾਉਂਦੇ ਹਨ ਤਾਂ ਕਿ ਲੋਕ ਨਸ਼ਾ ਨਾ ਛੱਡਣ ਅਤੇ ਉਹਨਾਂ ਦਾ ਵਪਾਰ ਨਾ ਘਟੇ।

ਥੋੜੀ ਜਿਹੀ ਅਫੀਮ

ਸਵਾਲ : ਜੇਕਰ ਬੱਚਿਆਂ ਨੂੰ ਦਸਤ ਲੱਗੇ ਤਾਂ ਅਫ਼ੀਮ ਦੀ ਵਰਤੋਂ ਕਿੰਨੀ ਕੁ ਸਹੀ ਹੈ ?
ਜਵਾਬ : ਸਾਡੇ ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤੱਕ ਇਕ ਹੋਰ ਧਾਰਨਾ ਪ੍ਰਚੱਲਿਤ ਹੈ ਕਿ ਜੇ ਬੱਚੇ ਨੂੰ ਦਸਤ ਲੱਗੇ ਹੋਣ ਤਾਂ ਥੋੜੀ ਜਿਹੀ ਅਫੀਮ ਚਟਾਉਣ ਨਾਲ ਠੀਕ ਹੋ ਜਾਂਦੀਆਂ ਹਨ ਜਾਂ ਜੇ ਬੱਚਾ ਰੋਣ ਤੋਂ ਚੁੱਪ ਨਾ ਕਰੇ ਤਾਂ ਥੋੜੀ ਜਿਹੀ ਅਫੀਮ ਚਟਾਉਣ ਨਾਲ ਬੱਚਾ ਚੁੱਪ ਹੋ ਕੇ ਸੌਂ ਜਾਂਦਾ ਹੈ। ਇਥੇ ਇਹ ਗੱਲ ਸਮਝ ਲੈਣੀ ਬਹੁਤ ਜ਼ਰੂਰੀ ਹੈ ਕਿ ਇਹ ਧਾਰਨਾ ਹੀ ਗਲਤ ਅਤੇ ਖਤਰਨਾਕ ਹੈ ਕਿਉਂਕਿ ਬੱਚਿਆਂ ਦੇ ਮਾਮਲੇ ਵਿੱਚ ਅਫੀਮ ਨੂੰ ਜ਼ਹਿਰ ਹੀ ਸਮਝਣਾ ਚਾਹੀਦਾ ਹੈ ਅਤੇ ਇਸ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਹੈ।

ਸਵਾਲ : ਸ਼ੂਗਰ ਦੇ ਰੋਗੀਆਂ ਨੂੰ ਵੀ ਅਫ਼ੀਮ ਖਾਣ ਦੀ ਸਲਾਹ ਦਿੰਦੇ ਨੇ ਕਈ ਲੋਕ ?
ਜਵਾਬ : ਹਾਂ, ਇਹ ਧਾਰਨਾ ਵੀ ਦੂਜੀਆਂ ਵਾਂਗ ਪੂਰੀ ਤਰ੍ਹਾਂ ਗਲ਼ਤ ਹੈ ਜਿਵੇਂ ਕਿ ਅਫੀਮ ਖਾਣ ਵਾਲਿਆਂ ਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਜਾਂ ਫਿਰ ਸ਼ੂਗਰ ਰੋਗ ਹੋਣ ਤੇ ਅਫੀਮ ਖਾਣ ਨਾਲ ਲਾਭ ਹੁੰਦਾ ਹੈ। ਇਹ ਧਾਰਨਾ ਵੀ ਸਰਾਸਰ ਗਲਤ ਹੈ ਅਤੇ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਫੀਮ ਵਿੱਚ ’ਚ ਅਜਿਹਾ ਕੋਈ ਗੁਣ ਮੌਜੂਦ ਨਹੀਂ ਹੈ।

ਸਵਾਲ : ਕੀ ਅਫ਼ੀਮ ’ਚ ਸਿਹਤ ਵਰਧਕ ਤੱਤ ਹੁੰਦੇ ਹਨ ?
ਜਵਾਬ : ਅਫੀਮ ਜਾਂ ਭੁੱਕੀ ਆਦਿ ਪਦਾਰਥਾਂ ਵਿੱਚ ਕੋਈ ਅਜਿਹੇ ਸਿਹਤ ਵਰਧਕ ਗੁਣ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ਨੂੰ ਛੱਡਣ ਨਾਲ ਕੋਈ ਨੁਕਸਾਨ ਹੁੰਦਾ ਹੈ ਸਗੋਂ ਨਸ਼ਾ ਛੱਡਣ ਨਾਲ ਜ਼ਿੰਦਗੀ ਸੰਵਰ ਜਾਂਦੀ ਹੈ। ਇਸ ਤੋਂ ਬਿਨਾਂ ਇਕ ਬਹੁਤ ਅਹਿਮ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੇ ਕੋਲ ਜਾਂ ਘਰ ਵਿੱਚ ਅਫੀਮ-ਭੁੱਕੀ ਆਦਿ ਪਦਾਰਥ ਰੱਖਣਾ ਕਾਨੂੰਨੀ ਗੰਭੀਰ ਜੁਰਮ ਹੈ ਅਤੇ ਐਨਡੀਪੀਐਸ ਐਕਟ ਅਧੀਨ ਜੇਲ ਦੀ ਸਜ਼ਾ ਹੋ ਜਾਂਦੀ ਹੈ। ਕਤਲ ਅਤੇ ਬਲਾਤਕਾਰ ਦੇ ਸੰਗੀਨ ਜੁਰਮਾਂ ਵਾਂਗ ਕਾਨੂੰਨ ਅਨੁਸਾਰ ਇਸ ਨੂੰ ਵੀ ਸੰਗੀਨ ਜੁਰਮ ਗਿਣਿਆ ਜਾਂਦਾ ਹੈ।

ਲੋਕਾਂ ਨੂੰ ਕੀ ਸੁਨੇਹਾ

ਸਵਾਲ : ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਜਵਾਬ : ਅਫ਼ੀਮ ਤੇ ਹੋਰ ਭੁੱਕੀ ਵਰਗੇ ਨਸ਼ਿਆਂ ਤੋਂ ਸੌ ਫੀਸਦੀ ਬਚਿਆ ਜਾਵੇ। ਜੇਕਰ ਇਸ ਦੀ ਖੇਤੀ ਆਮ ਹੋ ਗਈ ਤਾਂ ਹਰ ਘਰ ਨਸ਼ੇੜੀ ਪੈਦਾ ਹੋ ਜਾਣਗੇ। ਅਫ਼ੀਮ ਤੇ ਭੁੱਕੀ ਰੋਜ਼ਾਨਾ ਖਾਣ ਨਾਲ ਇਸ ਦੀ ਆਦਤ ਪੈ ਜਾਂਦੀ ਹੈ, ਇਸ ਆਦਤ ਨੂੰ ਛੁਡਾਉਣ ਲਈ ਦਵਾਈਆਂ ਖਾਣੀਆ ਪੈਂਦੀਆਂ ਹਨ। ਕੁਦਰਤ ਨੇ ਸਾਨੂੰ ਸਰੀਰ ਰੂਪੀ ਅਨਮੋਲ ਖ਼ਜ਼ਾਨਾ ਦਿੱਤਾ ਹੋਇਆ ਹੈ, ਇਸ ਨੂੰ ਨਸ਼ਿਆਂ ਵਿੱਚ ਖਰਾਬ ਨਹੀਂ ਕਰਨਾ ਚਾਹੀਦਾ।

Also Read : Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ