ਵਿਧਾਨ ਸਭਾ ‘ਚ ਐਲਾਨ ਤੋਂ ਅਗਲੇ ਦਿਨ ਹੀ ਸਿੱਧੂ ਨੇ ਹਰੀਕੇ ਦਾ ਦੌਰਾ ਕਰਕੇ ਸੁਣਾਇਆ ਫੈਸਲਾ
ਫ਼ਿਰੋਜ਼ਪੁਰ (ਸਤਪਾਲ ਥਿੰਦ)। ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਹਰੀਕੇ ਪੱਤਣ ‘ਚ ਚਲਾਈ ਜਲ ਬੱਸ ਨੂੰ ਅੱਜ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੱਦ ਕਰ ਦਿੱਤਾ ਹੈ ਸਿੱਧੂ ਨੇ ਇਹ ਫੈਸਲਾ ਅੱਜ ਇਸ ਜਲ ਬੱਸ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਉਪਰੰਤ ਕੀਤਾ ਹੈ।
ਨਵਜੋਤ ਸਿੰਘ ਸਿੱਧੂ ਨੇ ਬਾਦਲ ਸਰਕਾਰ ਦਾ ਪਹਿਲਾ ਫੈਸਲਾ ਪਲਟਿਆ
ਬਾਦਲਾਂ ਪਰਿਵਾਰ ਨਾਲ ਸਖ਼ਤ ਵਿਰੋਧਤਾ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਇਸ ਖੇਤਰ ਨਾਲ ਸਬੰਿਧਤ ਚਾਰ ਵਿਧਾਇਕਾਂ ਪਰਮਿੰਦਰ ਸਿੰਘ ਪਿੰਕੀ (ਫ਼ਿਰੋਜ਼ਪੁਰ), ਕੁਲਬੀਰ ਸਿੰਘ ਜ਼ੀਰਾ (ਜ਼ੀਰਾ), ਹਰਮਿੰਦਰ ਸਿੰਘ ਗਿੱਲ (ਪੱਟੀ) ਅਤੇ ਸੁਖਪਾਲ ਸਿੰਘ ਭੁੱਲਰ (ਖੇਮਕਰਨ) ਦੀ ਮੰਗ ‘ਤੇ ਪਿਛਲੀ ਸਰਕਾਰ ਵੱਲੋਂ ਚਲਾਈ ਗਈ ਪਾਣੀ ਵਾਲੀ ਬੱਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਬੱਸ ਚੱਲਣ ਨਾਲ ਜਿੱਥੇ ਕਿਸਾਨਾਂ ਦੀ ਫ਼ਸਲ ਖ਼ਰਾਬ ਹੁੰਦੀ ਹੈ, ਉੱਥੇ ਹੀ ਬੱਸ ਦੀ ਅਵਾਜ਼ ਨਾਲ ਵੱਖ-ਵੱਖ ਦੇਸ਼ਾਂ ਤੋਂ ਆਏ ਪ੍ਰਵਾਸੀ ਪੰਛੀਆਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ
ਵਣ ਜੀਵ ਸੈਲਾਨੀਆਂ ਲਈ ਬਣਦੇ ਹਨ ਖਿੱਚ ਦਾ ਕੇਂਦਰ
ਸਿੱਧੂ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਨੇ ਆਪਣੀ ਪਾਣੀ ਵਾਲੀ ਬੱਸ ਚਲਾਉਣ ਲਈ ਰੋਪੜ ਹੈਡ ਵਰਕਸ ਤੋਂ ਪਾਣੀ ਛੱਡਿਆ, ਜਿਸ ਨਾਲ 5000 ਕਿਸਾਨਾਂ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਅਤੇ ਕਰੋੜਾਂ ਰੁਪਏ ਲਾਗਤ ਵਾਲੀ ਇਹ ਬੱਸ ਮਸਾਂ ਹੀ 10 ਦਿਨ ਚੱਲੀ ਨਵਜੋਤ ਸਿੰਘ ਸਿੱਧੂ ਨੇ ਕਿ ਕਿਹਾ ਕਿ ਹਰੀਕੇ ਜੰਗਲੀ ਜੀਵ ਪਨਾਹਗਾਹ ਵਿਖੇ ਵੱਖ-ਵੱਖ ਦੇਸ਼ਾਂ ਦੇ ਪੰਛੀ ਆਉਂਦੇ ਹਨ ਅਤੇ ਆਉਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ ਉਨ੍ਹਾਂ ਕਿਹਾ ਕਿ ਜਲਦ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਕੇ ਸੈਰ ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ , ਕੁਲਬੀਰ ਸਿੰਘ ਜ਼ੀਰਾ, ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ , ਸਾਬਕਾ ਵਿਧਾਇਕ ਇੰਦਰਜੀਤ ਸਿੰਘ, ਰਾਮਵੀਰ ਡਿਪਟੀ ਕਮਿਸ਼ਨਰ ਫਿਰੋਜਪੁਰ, ਇੰਜੀ.ਡੀ.ਪੀ.ਐਸ ਖਰਬੰਦਾ ਡਿਪਟੀ ਕਮਿਸ਼ਨਰ ਤਰਨਤਾਰਨ, ਗੌਰਵ ਗਰਗ ਜਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ, ਹਰਜੀਤ ਸਿੰਘ ਐਸ.ਐਸ.ਪੀ ਤਰਨਤਾਰਨ , ਚਮਕੌਰ ਸਿੰਘ ਢੀਡਸਾਂ ਜਿਲ੍ਹਾ ਪ੍ਰਧਾਨ ਕਾਂਗਰਸ ਫਿਰੋਜ਼ਪੁਰ, ਹਰਿੰਦਰ ਸਿੰਘ ਖੋਸਾ, ਗੁਰਭੇਜ ਸਿੰਘ ਟਿੱਬੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ 12 ਦਸੰਬਰ 2016 ਨੂੰ ਹਰੀਕੇ ਪੱਤਣ ਵਿਖੇ ਜਲ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ ਉਸ ਦਿਨ ਸੁਖਬੀਰ ਸਿੰਘ ਬਾਦਲ ਦਾ ਜਲ ਬੱਸ ਵਾਲਾ ਸੁਪਨਾ ਤਾਂ ਪੂਰਾ ਹੋ ਗਿਆ ਸੀ ਪਰ ਜਲ ਬੱਸ ਚਲਾਉਣ ਲਈ ਛੱਡੇ ਗਏ ਵਾਧੂ ਪਾਣੀ ਕਾਰਨ ਕਰੀਬ 5000 ਕਿਸਾਨਾਂ ਦੀ ਫਸਲ ਡੁੱਬ ਕੇ ਖਰਾਬ ਹੋ ਗਈ ਸੀ, ਜਿਸ ਦਾ ਇਲਾਕੇ ਨਾਲ ਸਬੰਧਿਤ ਕਾਂਗਰਸ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ‘ਚ ਮੁੱਦਾ ਚੁੱਕਿਆ ਸੀ।