ਚੈਂਪੀਅੰਜ਼ ਟਰਾਫੀ ਫਾਈਨਲ : ਅੱਜ ਪਤਾ ਚੱਲੇਗਾ ਕਿਸ ਦੇ ਸਿਰ ‘ਤੇ ਸਜੇਗਾ ਤਾਜ
ਲੰਦਨ, (ਏਜੰਸੀ)। ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਮੁੱਖ ਵਿਰੋਧੀ ਭਾਰਤ ਅਤੇ ਪਾਕਿਸਤਾਨ ਐਤਵਾਰ ਨੂੰ ਜਦੋਂ ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਮਹਾਂ ਖਿਤਾਬੀ ਮੁਕਾਬਲੇ ‘ਚ ਉੱਤਰਨਗੇ ਉਦੋਂ ਨਾ ਸਿਰਫ ਦੋਵੇਂ ਟੀਮਾਂ ਦਰਮਿਆਨ ਸਨਮਾਨ ਦੀ ਜੰਗ ਹੋਵੇਗੀ ਸਗੋਂ ਦੋਵੇਂ ਦੇਸ਼ਾਂ ਦੇ ਲੋਕਾਂ ਦਰਮਿਆਨ ਭਾਵਨਾਵਾਂ ਦੀ ਸੁਨਾਮੀ ਉੱਠ ਜਾਵੇਗੀ ਚੈਂਪੀਅੰਜ਼ ਟਰਾਫੀ ਸ਼ੁਰੂ ਹੋਣ ਦੇ ਸਮੇਂ ਕਿਸੇ ਨੇ ਵੀ ਇਹ ਕਲਪਨਾ ਨਹੀਂ ਕੀਤੀ ਸੀ ਕਿ ਭਾਰਤ ਅਤੇ ਪਾਕਿ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੇ ਦੋਵੇਂ ਦੇਸ਼ਾਂ ਦਾ ਗਰੁੱਪ ਮੁਕਾਬਲਾ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਹਾਊਸਫੁੱਲ ਹੋ ਚੁੱਕਿਆ ਸੀ ਅਤੇ ਹੁਣ ਤਾਂ ਦੋਵਾਂ ਦਰਮਿਆਨ ਫਾਈਨਲ ਦਾ ਰੋਮਾਂਚ ਸਿਰ ਚੜ੍ਹ ਕੇ ਬੋਲੇਗਾ ਭਾਰਤ ਚੈਂਪੀਅੰਜ਼ ਟਰਾਫੀ ਦਾ ਪਿਛਲਾ ਜੇਤੂ ਅਤੇ ਲਗਾਤਾਰ ਦੂਜੀ ਵਾਰ ਫਾਈਨਲ ‘ਚ ਪਹੁੰਚਿਆ ਹੈ ।
ਪਾਕਿਸਤਾਨ ਦੀ ਟੀਮ ਆਪਣੇ ਪਹਿਲੇ ਮੈਚ ‘ਚ ਭਾਰਤ ਤੋਂ ਕਰਾਰੀ ਹਾਰ ਝੱਲਣ ਤੋਂ ਬਾਅਦ ਹੈਰਤਅੰਗੇਜ਼ ਪ੍ਰਦਰਸ਼ਨ ਕਰਦਿਆਂ ਫਾਈਨਲ ‘ਚ ਪਹੁੰਚ ਚੁੱਕੀ ਹੈ ਪਾਕਿਸਤਾਨ ਦਾ ਇਹ ਪਹਿਲਾ ਫਾਈਨਲ ਹੈ ਦੋਵੇਂ ਟੀਮਾਂ ਆਈਸੀਸੀ ਟੂਰਨਾਮੈਂਟਾਂ ਦੇ ਇਤਿਹਾਸ ‘ਚ ਦੂਜੀ ਵਾਰ ਫਾਈਨਲ ‘ਚ ਭਿੜਨਗੀਆਂ ਇਸ ਤੋਂ ਪਹਿਲਾਂ ਦੋਵਾਂ ਦਰਮਿਆਨ 2007 ਦੇ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਮੁਕਾਬਲਾ ਹੋਇਆ ਸੀ ਜਿੱਥੇ ਭਾਰਤ ਨੇ ਖਿਤਾਬੀ ਜਿੱਤ ਦਰਜ ਕੀਤੀ ਸੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਗ੍ਰੈਂਡ ਫਾਈਨਲ ‘ਚ ਦੋਵੇਂ ਦੇਸ਼ਾਂ ਦੇ ਕਰੋੜਾਂ ਪ੍ਰਸੰਸਕਾਂ ਦੇ ਸਾਹ ਰੁਕੇ ਰਹਿਣਗੇ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ‘ਤੇ ਤਣਾਅ ਦੀ ਤਲਵਾਰ ਉਦੋਂ ਤੱਕ ਲਟਕਦੀ ਰਹੇਗੀ ਜਦੋਂ ਤੱਕ ਮੈਚ ਦਾ ਫੈਸਲਾ ਨਾ ਹੋ ਜਾਵੇ ਦੋਵੇਂ ਹੀ ਟੀਮਾਂ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਕਿਸੇ ਵੀ ਟੀਮ ਨੂੰ ਖਿਤਾਬ ਤੋਂ ਕੁਝ ਘੱਟ ਮਨਜ਼ੂਰ ਨਹੀਂ ਹੋਵੇਗਾ।
ਟੀਮ ਇੰਡੀਆ ਬੰਗਲਾਦੇਸ਼ ਨੂੰ ਐਜਬਸਟਨ ‘ਚ ਨੌਂ ਵਿਕਟਾਂ ਨਾਲ ਹਰਾ ਕੇ ਅਤੇ ਪਾਕਿਸਤਾਨ ਮੇਜ਼ਬਾਨ ਇੰਗਲੈਂਡ ਨੂੰ ਕਾਰਡਿਫ ‘ਚ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪਹੁੰਚੇ ਹਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਖਿਤਾਬੀ ਮੁਕਾਬਲਾ ਕੌਮਾਂਤਰੀ ਕ੍ਰਿਕਟ ਸੰਘ ਲਈ ਕਿਸੇ ਬਲਾਕਬਸਟਰ ਤੋਂ ਘੱਟ ਨਹੀਂ ਹੈ ਦੋਵੇਂ ਟੀਮਾਂ ਦਰਮਿਆਨ ਗਰੁੱਪ ਮੁਕਾਬਲੇ ਨੂੰ ਟੀਵੀ ‘ਤੇ 20.1 ਕਰੋੜ ਲੋਕਾਂ ਨੇ ਵੇਖਿਆ ਸੀ ਜੋ ਬੀਏਆਰਸੀ ਦੇ ਇਤਿਹਾਸ ‘ਚ ਸਭ ਤੋਂ ਵੱਧ ਰੇਟਿਡ ਇੱਕ ਰੋਜ਼ਾ ਹੈ ਅਤੇ ਫਾਈਨਲ ‘ਚ ਇਹ ਰਿਕਾਰਡ ਟੁੱਟ ਸਕਦਾ ਹੈ ਭਾਰਤ ਦੀਆਂ ਖਿਤਾਬ ਬਚਾਉਣ ਦੀਆਂ ਉਮੀਦਾਂ ਉਸ ਦੇ ਤਿੰਨ ਚੋਟੀ ਬੱਲੇਬਾਜ਼ਾਂ ਸ਼ਿਖਰ ਧਵਨ, ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ‘ਤੇ ਟਿਕੀਆਂ ਰਹਿਣਗੀਆਂ ਭਾਰਤ ਦੇ ਚੋਟੀ ਕ੍ਰਮ ਵਾਂਗ ਪਾਕਿ ਦਾ ਤੇਜ਼ ਗੇਂਦਬਾਜ਼ੀ ਹਮਲਾ ਜਬਰਦਸਤ ਹੈ ।
ਜਿਸ ਦੇ ਬਲਬੂਤੇ ਪਾਕਿਸਤਾਨ ਫਾਈਨਲ ‘ਚ ਪਹੁੰਚਿਆ ਹੈ ਭਾਰਤੀ ਹਮਲੇ ‘ਚ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਸ਼ਾਨਦਾਰ ਰਹੀ ਹੈ ਭੂਵਨੇਸ਼ਵਰ ਨੇ ਛੇ ਅਤੇ ਬੁਮਰਾਹ ਨੇ ਚਾਰ ਵਿਕਟਾਂ ਲਈਆਂ ਹਨ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਵੀ ਚਾਰ ਵਿਕਟਾਂ ਹਾਸਲ ਕੀਤੀਆਂ ਹਨ ਜਡੇਜਾ ਨਾਲ ਫਾਈਨਲ ‘ਚ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀ ਵੀ ਅਹਿਮ ਭੂਮਿਕਾ ਰਹੇਗੀ ਭਾਰਤ ਨੇ ਪਾਕਿ ਤੋਂ ਬੇਸ਼ੱਕ ਪਹਿਲਾ ਮੈਚ 124 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ ਪਰ ਉਸ ਨੂੰ ਪਾਕਿਸਤਾਨ ਦੇ ਪਲਟਵਾਰ ਤੋਂ ਚੌਕੰਨਾ ਰਹਿਣਾ ਹੋਵੇਗਾ ਚੈਂਪੀਅੰਜ਼ ਟਰਾਫੀ ਨੂੰ ਹੁਣ ਤੱਕ ਦੋ ਹੀ ਦੇਸ਼ਾਂ ਭਾਰਤ ਅਤੇ ਅਸਟਰੇਲੀਆ ਨੇ ਦੋ-ਦੋ ਵਾਰ ਜਿੱਤਿਆ ਹੈ ਭਾਰਤ ਕੋਲ ਤੀਜੀ ਵਾਰ ਇਹ ਟਰਾਫੀ ਜਿੱਤ ਕੇ ਅਸਟਰੇਲੀਆ ਤੋਂ ਅੱਗੇ ਨਿੱਕਲਣ ਦਾ ਸੁਨਹਿਰਾ ਮੌਕਾ ਹੈ ਪਰ ਪਾਕਿਸਤਾਨ ਪਹਿਲੀ ਵਾਰ ਚੈਂਪੀਅਨ ਬਣਨ ਲਈ ਕੋਈ ਕਸਰ ਨਹੀਂ ਛੱਡੇਗਾ।