19 ਮਾਰਚ ਨੂੰ ਸਿਹਤ ਮੰਤਰੀ ਨਾਲ ਮੀਟਿੰਗ ਦਾ ਮਿਲਿਆ ਲਿਖਤੀ ਭਰੋਸਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਐਲਾਨੇ ਗਏ ਸੰਘਰਸ਼ ਦੇ ਤਹਿਤ ਅੱਜ ਪੁੱਡਾ ਗਰਾਊਂਡ ਪਟਿਆਲਾ ਵਿਖੇ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾ ਦੀ ਅਗਵਾਈ ਹੇਠ ਰੈਲੀ ਕਰਕੇ ਸਿਹਤ ਮੰਤਰੀ ਵਿਰੁੱਧ ਪ੍ਰਦਰਸ਼ਨ ਕੀਤਾ। Asha Workers
ਇਸ ਮੌਕੇ ਸੂਬੇ ਭਰ ਵਿੱਚੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਕੌਰ, ਸੰਦੀਪ ਕੌਰ ਪੱਤੀ, ਜਸਵੀਰ ਕੌਰ, ਹਰਨਿੰਦਰ ਕੌਰ, ਸਰਬਜੀਤ ਕੌਰ, ਵੀਰਪਾਲ ਕੌਰ, ਇੰਦਰਜੀਤ ਕੌਰ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਆਸ਼ਾ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਅਤੇ ਇੰਨਸੈਨਟਿਵਾਂ ਨੂੰ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸੱਤਾ ਵਿੱਚ ਆਉਂਦਿਆ ਹੀ ਮੁੱਖ ਮੰਤਰੀ ਵਲੋਂ ਸਾਰੇ ਹੀ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ ਹੈ। (Asha Workers)
ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਪੰਜਾਬ ਸਰਕਾਰ-ਆਗੂ
ਸਿਹਤ ਮੰਤਰੀ ਵੱਲੋਂ ਵੀ ਜੱਥੇਬੰਦੀ ਨਾਲ ਕੀਤੀ ਗਈ ਮੀਟਿੰਗ ਮੌਕੇ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜ਼ੂਦ ਵੀ ਕਿਸੇ ਵੀ ਮੰਗ ਨੂੰ ਪੂਰਾ ਕਰਨ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਮੁੱਖ ਸਲਾਹਕਾਰ ਮਨਜੀਤ ਬਾਜਵਾ, ਰਣਜੀਤ ਈਸਾਪੁਰ, ਲਖਵਿੰਦਰ ਖਾਨਪੁਰ, ਜਸਵਿੰਦਰ ਸੋਜਾ, ਰਕੇਸ਼ ਮਹਿਲਾਵਾਲੀ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਬਾਕੀ ਕੱਚੇ ਮੁਲਾਜ਼ਮਾਂ ਸਮੇਤ ਆਸ਼ਾਂ ਵਰਕਰਾਂ ਦੀਆਂ ਉਜਰਤਾਂ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਬਲਕਿ ਪੰਜਾਬ ਦੇ ਲੋਕਾਂ ਦੀ ਖੂੁਨ ਪਸੀਨੇ ਦੀ ਕਮਾਈ ਨੂੰ ਆਪਣੇ ਆਕਾ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਣ ਅਤੇ ਉਸਦੇ ਐਸ਼ੋ-ਆਰਾਮ ’ਤੇ ਹੀ ਲੁਟਾਈ ਜਾ ਰਹੀ ਹੈ। Asha Workers
ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਵੀ ਇਹਨਾਂ ਮੁਲਾਜ਼ਮਾਂ ਨੂੰ ਕੋਈ ਵਿੱਤੀ ਲਾਭ ਦੀ ਤਜਵੀਜ਼ ਨਹੀਂ ਰੱਖੀ ਗਈ ਹੈ, ਅਸੈਂਬਲੀ ਵਿੱਚ ਵੀ ਮੁੱਖ ਮੰਤਰੀ ਵੱਲੋਂ ਸਿਰਫ ਮਿਹਣੇ ਹੀ ਦਿੱਤੇ ਜਾਂਦੇ ਹਨ ਅਤੇ ਪੰਜਾਬ ਦੇ ਮੁੱਦਿਆਂ ਨੂੰ ਛੋਹਿਆ ਵੀ ਨਹੀਂ ਜਾਂਦਾ। ਆਗੂਆਂ ਨੇ ਕਿਹਾ ਕਿ ਜੇਕਰ ਆਸ਼ਾ ਵਰਕਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਸ਼ਾ ਵਰਕਰਾਂ ਵੱਲੋਂ ਪਿੰਡਾਂ ਅੰਦਰ ਆਪ ਸਰਕਾਰ ਦੇ ਵਿਰੋਧ ਵਿੱਚ ਲਹਿਰ ਚਲਾਈ ਜਾਵੇਗੀ।
ਇਹ ਵੀ ਪੜ੍ਹੋ: Lok Sabha Elections 2024: ਲੋਕ ਸਭਾ ਚੋਣਾਂ ‘ਚ ਗਠਜੋੜ ਬਾਰੇ ਮਾਇਆਵਤੀ ਨੇ ਕੀਤਾ ਵੱਡਾ ਐਲਾਨ
ਰੈਲੀ ਕਰਨ ਉਪਰੰਤ ਸਿਹਤ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸ਼ਹਿਰ ਅੰਦਰ ਮਾਰਚ ਕੀਤਾ ਗਿਆ। ਆਸ਼ਾ ਵਰਕਰਾਂ ਦੇ ਰੋਹ ਨੂੰ ਦੇਖਦਿਆਂ ਤਹਿਸੀਲਦਾਰ ਮਨਮੋਹਣ ਕੌਸ਼ਲ ਵੱਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਅਤੇ 19 ਮਾਰਚ ਨੂੰ ਸਿਵਲ ਸਕੱਤਰੇਤ ਪੰਜਾਬ ਵਿਖੇ ਜੱਥੇਬੰਦੀ ਦੀ ਸਿਹਤ ਮੰਤਰੀ ਨਾਲ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਗਿਆ। ਇਸ ਰੈਲੀ ਨੂੰ ਚਰਨਜੀਤ ਬਰਨਾਲਾ, ਸ਼ਿੰਦਰ ਕਾਤਰੋਂ, ਜਸਵਿੰਦਰ ਕੌਰ ਹੁਸ਼ਿਆਰਪੁਰ, ਰਾਣੋ ਪੰਜਗਰਾਈਆਂ, ਅਕਬਰੀ ਫਤਿਹਗੜ੍ਹ, ਸਰਬਜੀਤ ਕੌਰ, ਗੁਰਮੀਤ ਹੰਡਾਇਆ, ਰਜਿੰੰਦਰ ਕੌਰ ਤਰਨਤਾਰਨ, ਨਿਰਮਲ ਪਠਾਣਕੋਟ, ਜਸਵੀਰ ਕੌਰ ਮਲੇਰਕੋਟਲਾ, ਸਿਮਰਨ ਸੰਗਰੂਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।