ਸ਼ੰਭੂ ਤੇ ਖਨੌਰੀ ਬਾਰਡਰ ਤੇ ਮਹਿਲਾ ਦਿਵਸ ਮੌਕੇ ਗਰਜ਼ੀਆਂ ਮਹਿਲਾਵਾਂ
- ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੀਆਂ ਮਹਿਲਾਵਾਂ
- 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਡਟੇ ਹੋਏ ਨੇ ਕਿਸਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੇ ਸਰਕਾਰਾਂ ਖਿਲਾਫ਼ ਭੜਾਸ ਕੱਢੀ। ਇਸ ਦੌਰਾਨ ਮਹਿਲਾ ਆਗੂਆਂ ਨੇ ਕਿਹਾ ਕਿ ਉਹ ਕਿਸਾਨੀ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਲਗਾਕੇ ਪਹਿਲਾਂ ਵਾਂਗ ਹੀ ਡਟੀਆਂ ਰਹਿਣਗੀਆਂ, ਕਿਉਂਕਿ ਇਹ ਸਾਡੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਦੀ ਲੜਾਈ ਹੈ। Farmers Protest
13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਡਟੇ ਹੋਏ ਹਨ ਕਿਸਾਨ
ਜਾਣਕਾਰੀ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨ ਦਿੱਲੀ ਕੂਚ ਲਈ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਡਟੇ ਹੋਏ ਹਨ ਕਿਸਾਨਾਂ ਵੱਲੋਂ ਅੱਜ ਇਨ੍ਹਾਂ ਦੋਹਾਂ ਬਾਰਡਰਾਂ ’ਤੇ ਮੋਰਚਿਆਂ ਦੀ ਕਮਾਨ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਥ ਦਿੱਤੀ ਗਈ। ਇਸ ਦੌਰਾਨ ਮਹਿਲਾ ਆਗੂਆਂ ਨੇ ਔਰਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਰਪੋਰੇਟ ਪੱਖੀ ਸਰਕਾਰ ਵੱਲੋਂ ਹਰ ਰੋਜ਼ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰਨ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਲਈ ਸਰਕਾਰ ਦੀਆਂ ਇਹਨਾਂ ਸਾਜਿਸ਼ਾਂ ਤੋਂ ਬਚਣ ਲਈ ਹਰ ਇੱਕ ਕਿਸਾਨ ਮਜ਼ਦੂਰ ਨੂੰ ਜਥੇਬੰਦਕ ਹੋਣਾ ਜਰੂਰੀ ਹੈ ਅਤੇ ਸਾਡੇ ਘਰਾਂ ਵਿੱਚ ਬੈਠੀਆਂ ਬੀਬੀਆਂ ਨੂੰ ਵੀ ਆਪਣੇ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੋਰਚਿਆਂ ਵਿੱਚ ਡਟਣਾ ਜਰੂਰੀ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ ਮੌਕੇ ਮਹਿਲਾਵਾਂ ਨਾਲ ਧੱਕਾ-ਮੁੱਕੀ
ਔਰਤ ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰਾਂ ਜਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਕੂਚਲਣ ’ਤੇ ਆ ਜਾਣ ਤਾਂ ਕਿਸੇ ਵੀ ਵਰਗ ਨੂੰ ਘਰਾਂ ਵਿੱਚ ਬੈਠਣਾ ਸੋਭਾ ਨਹੀਂ ਦਿੰਦਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਰਾਜਧਾਨੀ ਦਿੱਲੀ ਵਿੱਚ ਸ਼ਾਂਤੀਪੁੂਰਨ ਪ੍ਰਦਰਸ਼ਨ ਲਈ ਟਰੇਨਾਂ, ਬੱਸਾਂ ਜਾਂ ਪੈਦਲ ਆ ਰਹੇ ਕਿਸਾਨਾਂ ਨੂੰ ਉਹਨਾਂ ਦੇ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਅਤੇ ਗ੍ਰਿਫਤਾਰ ਕੀਤਾ ਜਾ ਰਿਹਾ ਜੋ ਕਿ ਸਿੱਧਾ ਅਧਿਕਾਰਾਂ ਦਾ ਕਤਲ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਹਰ ਇੱਕ ਉਸ ਇਨਸਾਨ ਦਾ ਹੈ ਜੋ ਵੀ ਅਨਾਜ ਖਾਂਦਾ ਹੈ ਇਸ ਲਈ ਹਰੇਕ ਔਰਤ- ਪੁਰਸ਼ ਵੱਲੋਂ ਇਹਨਾਂ ਮੋਰਚਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਕੂਚ ਲਈ ਇੱਥੇ ਹੀ ਡਟੇ ਰਹਾਂਗੇ, ਜਿੰਨਾਂ ਸਮਾਂ ਸਰਕਾਰਾਂ ਵੱਲੋਂ ਬਾਰਡਰ ਖੋਲ੍ਹ ਕੇ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ। Farmers Protest
ਪੰਜਾਬ ਵਿੱਚ ਇਨ੍ਹਾਂ ਥਾਵਾਂ ’ਤੇ ਰੋਕਣਗੇ ਕਿਸਾਨ ਰੇਲਾਂ (Farmers Protest)
10 ਮਾਰਚ ਨੂੰ ਰੇਲਾਂ ਰੋਕਣ ਦੇ ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਕਿਸਾਨ ਆਗੂਆਂ ਨੇ ਦੱਸਿਆ ਕਿ ਉਸ ਦਿਨ ਸਮੁੱਚੇ ਭਾਰਤ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੰਜਾਬ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਬੁੱਢਲਾਡਾ ਰੇਲਵੇ ਸਟੇਸ਼ਨ, ਬਠਿੰਡਾ ਤੇ ਰਾਮਪੁਰਾ ਫੂਲ ਰੇਲਵੇ ਸਟੇਸ਼ਨ, ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ, ਫਾਜਿਲਕਾ ਰੇਲਵੇ ਸਟੇਸ਼ਨ ਬ੍ਰਿਜ ਕੋਲ, ਬਰਨਾਲਾ ਰੇਲਵੇ ਸਟੇਸ਼ਨ, ਜ਼ਿਲ੍ਹਾ ਸੰਗਰੂਰ ਦਾ ਸੁਨਾਮ ਰੇਲਵੇ ਸਟੇਸ਼ਨ, ਸ਼੍ਰੀ ਅੰਮ੍ਰਿਤਸਰ ਸਾਹਿਬ ਵੇਰਕਾਂ ਰੇਲਵੇ ਸਟੇਸ਼ਨ, ਫਰੀਦਕੋਟ ਅਤੇ ਜੈਤੋ ਰੇਲਵੇ ਸਟੇਸ਼ਨ, ਜ਼ਿਲ੍ਹਾ ਮੋਗਾ ਡੱਗਰੂ ਰੇਲਵੇ ਸਟੇਸ਼ਨ, ਜ਼ਿਲ੍ਹਾ ਫਿਰੋਜ਼ਪੁਰ ਗੁਰੂ ਹਰ ਸਹਾਏ, ਮੱਖੂ ਅਤੇ ਫਿਰੋਜਪੁਰ ਰੇਲਵੇ ਸਟੇਸ਼ਨ, ਜ਼ਿਲ੍ਹਾ ਲੁਧਿਆਣਾ ਸਮਰਾਲਾ ਅਤੇ ਕਿਲਾ ਰਾਏਪੁਰ ਰੇਲਵੇ ਸਟੇਸ਼ਨ, ਜ਼ਿਲ੍ਹਾ ਪਟਿਆਲਾ ਦਾ ਸ਼ੰਭੂ ਰੇਲਵੇ ਸਟੇਸ਼ਨ, ਜਲੰਧਰ ਕੈਂਟ ਸਟੇਸ਼ਨ, ਜ਼ਿਲ੍ਹਾ ਮੋਹਾਲੀ ਖਰੜ ਰੇਲਵੇ ਸਟੇਸ਼ਨ, ਫਤਿਹਗੜ੍ਹ ਸਾਹਿਬ ਦਾ ਸਰਹਿੰਦ ਰੇਲਵੇ ਸਟੇਸ਼ਨ ਉੱਪਰ ਰੇਲਾਂ ਰੋਕੀਆਂ ਜਾਣਗੀਆਂ।