ਦੋ ਹਫ਼ਤਿਆਂ ਦੇ ਬਜਟ ਸੈਸ਼ਨ ਵਿੱਚ ਵਿਰੋਧੀ ਧਿਰਾਂ ਵੱਲੋਂ ਘੇਰਿਆ ਜਾਵੇਗਾ ਸਰਕਾਰ ਨੂੰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਤੀਜਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। 2 ਹਫ਼ਤਿਆਂ ਦੇ ਇਸ ਬਜਟ ਸੈਸ਼ਨ ਵਿੱਚ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ। ਬਜ਼ਟ ਸੈਸ਼ਨ ਸ਼ੁਰੂ ਹੁੰਦਿਆਂ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਦੇਣਾ ਸ਼ੁਰੂ ਕੀਤਾ ਗਿਆ। ਭਾਸ਼ਨ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਸ਼ਨ ਦੌਰਾਨ ਰਾਜਪਾਲ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਭਾਸ਼ਨ ਦੇਣ ਦਿਓ ਬਹਿਸ ਤੇ ਵਿਰੋਧ ਕਰਨ ਲਈ ਵਿਰੋਧੀਆਂ ਕੋਲ ਵਾਧੂ ਸਮਾਂ ਹੈ। ਰਾਜਪਾਲ ਨੇ ਇੱਕ ਪਹਿਰਾ ਪੜ੍ਹ ਕੇ ਆਪਣਾ ਭਾਸ਼ਣ ਕੀਤਾ ਖ਼ਤਮ। (Budget Session)
ਦੂਜੇ ਪਾਸੇ ਸਰਕਾਰ ਵੱਲੋਂ ਵੀ ਵਿਰੋਧੀ ਧਿਰਾਂ ਨੂੰ ਪਲਟਵਾਂ ਜੁਆਬ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਇਸ ਬਜਟ ਸੈਸ਼ਨ ਤੋਂ ਆਮ ਲੋਕਾਂ ਨੂੰ ਕਾਫ਼ੀ ਜ਼ਿਆਦਾ ਆਸ ਹੋਵੇਗੀ ਪਰ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਰਕੇ ਵੀ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਹੁੰਦਾ ਹੋਇਆ ਨਜ਼ਰ ਨਹੀਂ ਆਵੇਗਾ। ਪੰਜਾਬ ਸਰਕਾਰ ਦੀ ਇਸ ਸਮੇਂ ਜਿਹੜੀ ਵਿੱਤੀ ਹਾਲਤ ਹੈ, ਉਸ ਅਨੁਸਾਰ ਕੋਈ ਵੀ ਨਵੀਂ ਸਕੀਮ ਜਾਂ ਫਿਰ ਐਲਾਨ ਕੀਤਾ ਜਾਣਾ ਮੁਸ਼ਕਲ ਹੀ ਨਜ਼ਰ ਆ ਰਿਹਾ ਹੈ।
ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਬਜਟ ਸੈਸ਼ਨ ਦੌਰਾਨ ਪੰਜਾਬ ਸਰਕਾਰ ਨੂੰ ਰੇਤ ਦੀ ਨਜਾਇਜ਼ ਮਾਈਨਿੰਗ, ਪੰਜਾਬ ਵਿੱਚ ਅਮਨ ਅਤੇ ਕਾਨੂੰਨ ਵਿਵਸਥਾ ਅਤੇ ਕਿਸਾਨਾਂ ਦੇ ਬਾਰਡਰ ’ਤੇ ਲੱਗ ਰਹੇ ਧਰਨੇ ਨੂੰ ਲੈ ਕੇ ਘੇਰਿਆ ਜਾ ਸਕਦਾ ਹੈ। ਕਿਸਾਨ ਸ਼ੁਭਕਰਨ ਦੇ ਮਾਮਲੇ ’ਚ ਭਾਰੀ ਹੰਗਾਮਾ ਹੋਣ ਦੇ ਆਸਾਰ ਹਨ। ਪੁਲਿਸ ਨੇ ਸ਼ੁਭਕਰਨ ਦੀ ਮੌਤ ਮਾਮਲੇ ’ਚ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਜਦੋਂ ਕਿ ਕਾਂਗਰਸ ਇਸ ਮਾਮਲੇ ’ਚ ਹਰਿਆਣਾ ਪੁਲਿਸ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੀ ਹੈ।
Also Read : ਪੰਜਾਬੀ ਯੂਨੀਵਰਸਿਟੀ ਵੱਲੋਂ ਉੱਚ ਮੰਜ਼ਿਲ ਸਰ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ