ਕਤਰ ’ਚ ਮੌਤ ਦੀ ਸਜ਼ਾ ਤੋਂ ਰਿਹਾਈ ਪਾਉਣ ਵਾਲੇ ਸਾਬਕਾ ਭਾਰਤੀ ਸਮੁੰਦਰੀ ਫੌਜੀ ਭਾਰਤ ਪਰਤ ਆਏ। ਸਾਬਕਾ ਫੌਜੀਆਂ ਦੀ ਰਿਹਾਈ ਨੂੰ ਭਾਰਤ ਲਈ ਇੱਕ ਵੱਡੀ ਕੂਟਨੀਤਿਕ ਜਿੱਤ ਮੰਨਿਆ ਜਾ ਰਿਹਾ ਹੈ। ਕਤਰ ’ਚ ਮੌਤ ਦੀ ਸਜ਼ਾ ਪਾਉਣ ਵਾਲੇ ਇਨ੍ਹਾਂ ਅੱਠ ਭਾਰਤੀਆਂ ਨੂੰ ਦੋਹਾ ਦੀ ਇੱਕ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ। ਇਨ੍ਹਾਂ ਭਾਰਤੀਆਂ ਦੀ ਰਿਹਾਈ ’ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਮੌਤ ਦੀ ਸਜ਼ਾ ਨੂੰ ਜੇਲ੍ਹ ਦੀ ਸਜ਼ਾ ’ਚ ਤਬਦੀਲ ਕਰਵਾਇਆ ਸੀ। (Indian Soldiers)
ਦਰਅਸਲ, ਇਹ ਸਾਰੇ ਫੌਜੀ ਦੋਹਾ ਸਥਿਤ ਅਲ ਦਹਿਰਾ ਗਲੋਬਲ ਟੈਕਨਾਲੋਜਿਜ਼ ਦੇ ਨਾਲ ਕੰਮ ਕਰਦੇ ਸਨ। ਇਹ ਕੰਪਨੀ ਹਥਿਆਬੰਦ ਫੋਰਸਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਪਿਛਲੇ ਸਾਲ 28 ਦਸੰਬਰ ਨੂੰ ਕਤਰ ਦੀ ਇੱਕ ਅਦਾਲਤ ਨੇ ਇਨ੍ਹਾਂ ਨੂੰ ਜਾਸੂਸੀ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਐਕਟਿਵ ਮੋਡ ’ਚ ਆ ਗਈ ਅਤੇ ਇਨ੍ਹਾਂ ਨੂੰ ਡਿਪਲੋਮੈਟਿਕ ਤੌਰ ’ਤੇ ਸਹਾਇਤਾ ਦਿੱਤੀ ਗਈ। ਭਾਰਤ ਦੀ ਅਪੀਲ ਤੋਂ ਬਾਅਦ ਮੌਤ ਦੀ ਸਜ਼ਾ ਨੂੰ ਤਿੰਨ ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ’ਚ ਤਬਦੀਲ ਕੀਤਾ ਗਿਆ। (Indian Soldiers)
ਚਿੰਤਾ ਪ੍ਰਗਟ | Indian Soldiers
ਭਾਰਤ ਦੀ ਪੈਰਵੀ ਅਤੇ ਪੀਐਮ ਮੋਦੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਇਨ੍ਹਾਂ ਸਾਰੇ ਭਾਰਤੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਸਾਰੇ ਅੱਠਾਂ ਸਾਬਕਾ ਭਾਰਤੀ ਸਮੁੰਦਰੀ ਫੌਜੀਆਂ ਨੂੰ ਬੀਤੇ ਸਾਲ ਅਗਸਤ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ’ਤੇ ਕਤਰ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਇੱਕ ਰਿਪੋਰਟ ਅਨੁਸਾਰ, ਇਨ੍ਹਾਂ ਭਾਰਤੀਆਂ ’ਤੇ ਇਜ਼ਰਾਇਲ ਲਈ ਕਤਰ ਦੇ ਸਬਮਰੀਨ ਪ੍ਰੋਜੈਕਟ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਦਾ ਦੋਸ਼ ਸੀ। ਭਾਰਤ ਨੇ ਪਹਿਲਾਂ ਕਤਰ ਦੀ ਛੋਟੀ ਅਦਾਲਤ ਵੱਲੋਂ ਦਿੱਤੀ ਗਈ ਮੌਤ ਦੀ ਸਜ਼ਾ ’ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਇਸ ਨੂੰ ਗਲਤ ਦੱਸਿਆ ਸੀ। ਸਰਕਾਰ ਨੇ ਸਾਰੇ ਅਧਿਕਾਰੀਆਂ ਦੀ ਮੱਦਦ ਲਈ ਕਾਨੂੰਨੀ ਬਦਲਾਂ ’ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਭਾਰਤ ਨੇ ਮੌਤ ਦੀ ਸਜ਼ਾ ਖਿਲਾਫ਼ ਕਤਰ ਦੀ ਅਪੀਲ ਅਦਾਲਤ ਦਾ ਰੁਖ਼ ਕੀਤਾ। 28 ਦਸੰਬਰ ਨੂੰ ਕਤਰ ਦੀ ਅਪੀਲ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਅਤੇ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ।
Also Read : ਮਾਨਸਾ ਜੇਲ੍ਹ ’ਚੋਂ ਮਿਲੇ ਅੱਧੀ ਦਰਜ਼ਨ ਤੋਂ ਵੱਧ ਮੋਬਾਇਲ
ਇਸ ਵਿਚਕਾਰ ਸਮੁੰਦਰੀ ਫੌਜ ਦੇ ਸਾਬਕਾ ਅਧਿਕਾਰੀਆਂ ਦੇ ਚਿੰਤਤ ਪਰਿਵਾਰਾਂ ਨੇ ਉਨ੍ਹਾਂ ਦੀ ਰਿਹਾਈ ਅਤੇ ਉਨ੍ਹਾਂ ਦੀ ਸੁਰੱਖਿਅਤ ਵਤਨ ਵਾਪਸੀ ਦੀ ਗੁਹਾਰ ਲਾਈ। ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਭਰੋਸਾ ਦਿੱਤਾ ਸੀ ਕਿ ਉਹ ਸਾਰੇ ਡਿਪਲੋਮੈਟਿਕ ਚੈਨਲਾਂ ਨੂੰ ਜੁਟਾਏਗਾ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕਰੇਗਾ। ਕਤਰ ਅਦਾਲਤ ਦੇ ਫੈਸਲੇ ਨੂੰ ਭਾਰਤ ਲਈ ਇੱਕ ਵੱਡੀ ਕੂਟਨੀਤਿਕ ਜਿੱਤ ਵੀ ਮੰਨਿਆ ਜਾ ਰਿਹਾ ਹੈ। ਅਜਿਹਾ ਇਸ ਲਈ, ਕਿਉਂਕਿ ਇਹ ਦੁਬਈ ’ਚ ਸੀਓਪੀ 28 ਸਿਖ਼ਰ ਸੰਮੇਲਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਮੁਲਾਕਾਤ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ। ਉਦੋਂ ਪੀਐਮ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਤਰ ’ਚ ਭਾਰਤੀ ਭਾਈਚਾਰੇ ਦੀ ਭਲਾਈ ’ਤੇ ਚਰਚਾ ਕੀਤੀ ਸੀ।
Indian Soldiers
ਦੋਵਾਂ ਆਗੂਆਂ ਵਿਚਕਾਰ ਇਹ ਮੁਲਾਕਾਤ ਇਸ ਲਈ ਅਹਿਮ ਮੰਨੀ ਗਈ ਸੀ ਕਿਉਂਕਿ ਉਸ ਸਮੇਂ ਇਹ ਭਾਰਤੀ ਸਾਬਕਾ ਸਮੁੰਦਰੀ ਫੌਜੀ ਕਤਰ ਦੀ ਜੇਲ੍ਹ ’ਚ ਬੰਦ ਸਨ। ਭਾਰਤੀਆਂ ਨੂੰ ਮਿਲੀ ਮੌਤ ਦੀ ਸਜ਼ਾ ’ਤੇ ਭਾਰਤ ਨੇ ਕਿਹਾ ਸੀ ਕਿ ਉਹ ਹੈਰਾਨ ਹੈ ਅਤੇ ਸਾਰੇ ਕਾਨੂੰਨੀ ਬਦਲਾਂ ’ਤੇ ਕੰਮ ਕਰ ਰਿਹਾ ਹੈ। ਇਸ ਵਿਚਕਾਰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਨ੍ਹਾਂ ਅੱਠ ਭਾਰਤੀਆਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਸੀ। ਕੇਂਦਰ ਦੀ ਮੋਦੀ ਸਰਕਾਰ ’ਤੇ ਲਗਾਤਾਰ ਇਨ੍ਹਾਂ ਅੱਠ ਸਾਬਕਾ ਸਮੁੰਦਰੀ ਫੌਜੀਆਂ ਦੀ ਰਿਹਾਈ ਲਈ ਦਬਾਅ ਬਣ ਰਿਹਾ ਸੀ। ਕਾਂਗਰਸ, ਏਆਈਐਮਆਈਐਮ ਅਤੇ ਹੋਰ ਵਿਰੋਧੀ ਪਾਰਟੀਆਂ ਇਨ੍ਹਾਂ ਭਾਰਤੀਆਂ ਨੂੰ ਜਲਦ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਹੇ ਸਨ।
ਮਈ 2014 ’ਚ ਪ੍ਰਧਾਨ ਮੰਤਰੀ ਦਾ ਅਹੁਦਾ ਗ੍ਰਹਿਣ ਕਰਨ ਤੋਂ ਬਾਅਦ ਜੋ ਪਹਿਲਾ ਵਿਦੇਸ਼ ਦੌਰਾ ਨਰਿੰਦਰ ਮੋਦੀ ਨੇ ਕੀਤਾ, ਉਹ ਭੂਟਾਨ ਦਾ ਸੀ ਅਤੇ ਦੂਜਾ ਦੌਰਾ ਯੂਏਈ ਦਾ ਕੀਤਾ। ਸ਼ੁਰੂ ਤੋਂ ਹੀ ਉਨ੍ਹਾਂ ਨੇ ਇਹ ਸਪੱਸ਼ਟ ਰੱਖਿਆ ਕਿ ਪੱਛਮੀ ਏਸ਼ੀਆ ਅਤੇ ਅਰਬ ਦੇਸ਼ਾਂ ਨਾਲ ਸਬੰਧਾਂ ਦੇ ਮਾਮਲੇ ’ਚ ਉਹ ਨਵਾਂ ਅਧਿਆਏ ਜੋੜਨ ਜਾ ਰਹੇ ਹਨ। ਕਤਰ ਨਾਲ ਸਾਡੇ ਸਬੰਧ ਪੁਰਾਣੇ ਅਤੇ ਬਿਹਤਰੀਨ ਰਹੇ ਹਨ। ਜੇਕਰ ਅਸੀਂ ਦੇਖੀਏ ਤਾਂ ਕਤਰ ਦੀ 30 ਫੀਸਦੀ ਅਬਾਦੀ ਤਾਂ ਭਾਰਤੀ ਪ੍ਰਵਾਸੀਆਂ ਦੀ ਹੈ।
ਕੂਟਨੀਤਿਕ ਸਫ਼ਲਤਾ
ਉੱਥੇ ਜੋ ਮਜ਼ਦੂਰ ਵਰਗ ਹੈ ਜਾਂ ਬਲੂ ਕਾਲਰਡ ਵਰਗ ਹੈ, ਉਹ ਕਤਰ ਜਾਂਦੇ-ਆਉਂਦੇ ਰਹਿੰਦੇ ਹਨ। ਖਾਸ ਕਰਕੇ ਰਾਜਸਥਾਨ, ਕੇਰਲ ਅਤੇ ਕਰਨਾਟਕ ਤੋਂ ਉੁਥੇ ਬਹੁਤ ਲੋਕ ਜਾਂਦੇ ਹਨ। ਜੇਕਰ ਅਸੀਂ ਬਰੀਕੀ ਨਾਲ ਦੇਖੀਏ ਤਾਂ ਦੇਖਾਂਗੇ ਕਿ ਇਹ ਕੂਟਨੀਤਿਕ ਸਫ਼ਲਤਾ ਭਾਰਤ ਲਈ ਸਫ਼ਲਤਾ ਦੀ ਪੌੜੀ ਬਣਦੀ ਜਾ ਰਹੀ ਹੈ। ਕਤਰ ਤੋਂ ਇਲਾਵਾ ਅਫ਼ਗਾਨਿਸਤਾਨ ’ਚੋਂ ਵੀ ਭਾਰਤ ਨੇ ਵੱਡੀ ਕੂਟਨੀਤੀ ਨਾਲ ਆਪਣੇ ਨਾਗਰਿਕਾਂ ਨੂੰ ਕੱਢਿਆ। ਕੀਵ ਅਤੇ ਮਾਰੀਓਪੋਲ ’ਚ ਵੀ ਭਾਰਤੀ ਨਾਗਰਿਕਾਂ ਨੂੰ ਵੱਡੀ ਸਮਝ ਨਾਲ ਭਾਰਤ ਨੇ ਕੱਢਿਆ। ਮਾਰੀਓਪੋਲ ’ਚ ਪੁਤਿਨ ਨੇ ਭਾਰਤੀ ਵਿਦਿਆਰਥੀਆਂ ਨੂੰ ਸੇਫ਼ ਪੈਸੇਜ ਦਿੱਤਾ ਅਤੇ ਪੋਲੈਂਡ, ਲਾਤਵੀਆ ਅਤੇ ਲਿਥੂਆਨੀਆ ’ਚ ਸਾਡੇ ਪੰਜ ਕੇਂਦਰੀ ਮੰਤਰੀ ਇੰਤਜਾਰ ਕਰ ਰਹੇ ਸਨ ਅਤੇ ਯੂਕਰੇਨ ਸੰਕਟ ਦੌਰਾਨ ਵੀ ਉਹ ਕੱਢ ਕੇ ਲਿਆਏ।
ਇਹ ਭਾਰਤ ਅਤੇ ਪ੍ਰਧਾਨ ਮੰਤਰੀ ਦੀ ਕੂਟਨੀਤੀ ਹੈ। ਇਸ ’ਚ ਇਹ ਵੀ ਇੱਕ ਮੁੱਦਾ ਗੌਰ ਕਰਨ ਵਾਲਾ ਹੈ ਕਿ ਸਾਡਾ ਗੁਆਂਢੀ ਪਾਕਿਸਤਾਨ ਇਸ ਸਾਜਿਸ਼ ’ਚ ਸ਼ਾਮਲ ਸੀ, ਅਜਿਹੀ ਵੀ ਸੰਭਾਵਨਾ ਜਤਾਈ ਗਈ ਹੈ, ਕਿਉਂਕਿ ਪਾਕਿਸਤਾਨ ਵੀ ਕਤਰ ’ਚ ਕਾਫ਼ੀ ਨਿਵੇਸ਼ ਕਰਦਾ ਹੈ। ਉਸ ਦੇ ਤਿਉਹਾਰ ਤੇ ਛੁੱਟੀਆਂ ’ਚ ਵੀ ਪਾਕਿਸਤਾਨੀ ਅਧਿਕਾਰੀ ਜਾਂਦੇ ਹਨ। ਨਾਲ ਹੀ ਪਾਕਿਸਤਾਨ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਕਰਦਾ ਵੀ ਰਹਿੰਦਾ ਹੈ।
ਇਸ ਵਿੱਚ ਕੋਈ ਰਾਇ ਨਹੀਂ ਹੈ ਕਿ ਨਹਿਰੂਵਾਦੀ ਵਿਦੇਸ਼-ਨੀਤੀ ਦੇ ਦੌਰ ’ਚੋਂ ਅਸੀਂ ਅੱਗੇ ਨਿੱਕਲ ਚੁੱਕੇ ਹਨ। ਪਹਿਲਾਂ ਸਾਡੀ ਨੀਤੀ ਪ੍ਰਤੀਕਿਰਿਆਵਾਦੀ ਹੁੰਦੀ ਸੀ। ਜਦੋਂ ਤੱਕ ਭਾਰਤ ਨੂੰ ਬਿਲਕੁਲ ਹੀ ਕੋਨੇ ’ਚ ਧੱਕ ਨਹੀਂ ਜਾਂਦਾ ਸੀ। ਇੱਕ ਸ਼ਬਦ ਅੰਗਰੇਜ਼ੀ ਦਾ ਹੈ-ਪ੍ਰੀਐਂਪਸ਼ਨ, ਜਿਸ ਦਾ ਅਰਥ ਹੁੰਦਾ ਹੈ-ਪਹਿਲਾਂ ਤੋਂ ਤਿਆਰ ਰਹਿਣਾ। ਨਵੀਂ ਦਿੱਲੀ ਪਹਿਲਾਂ ਇਸ ਦਾ ਇਸਤੇਮਾਲ ਨਹੀਂ ਕਰਦੀ ਸੀ ਤੇ ਇਸ ਦੀ ਇੱਕ ਕੂਟਨੀਤਿਕ ਹਥਿਆਰ ਵਾਂਗ ਵਰਤੋਂ ਤਾਂ ਬਹੁਤ ਦੂਰ ਦੀ ਗੱਲ ਸੀ, ਦੇਖਿਆ ਜਾਵੇ ਤਾਂ ਮੋਦੀ ਅਤੇ ਵਿਦੇਸ਼ ਮੰਤਰਾਲੇ ਨੇ ਯਤਨ ਕਰਕੇ ਆਪਣੇ ਸਬੰਧ ਤੇਲ ਤੋਂ ਉੱਪਰ ਉਠ ਕੇ ਇਨ੍ਹਾਂ ਦੇਸ਼ਾਂ ਨਾਲ ਬਣਾਏ। ਕੁੱਲ ਮਿਲਾ ਕੇ ਭਾਰਤ ਲਈ ਇੱਕ ਵੱਡੀ ਕੂਟਨੀਤਿਕ ਅਤੇ ਵਿਦੇਸ਼ ਨੀਤੀ ’ਚ ਜਿੱਤ ਦਾ ਦਿਨ ਹੈ, ਜਸ਼ਨ ਦਾ ਦਿਨ ਹੈ।
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)