Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਸੰਘਰਸ਼ ਰੋਕਿਆ, ਸਰਕਾਰ ਨਾਲ ਮੰਗਾਂ ਸਬੰਧੀ ਹੋਵੇਗੀ ਗੱਲਬਾਤ

Farmers Protest

ਸ਼ੰਭੂ ਬਾਰਡਰ ’ਤੇ ਸਟੇਜ ਤੋਂ ਡੱਲੇਵਾਲ ਤੇ ਪੰਧੇਰ ਨੇ ਨੌਜਵਾਨਾਂ ਨੂੰ ਕੀਤੀ ਅਪੀਲ, ਉਹ ਆਪਣੇ ਸਬਰ ਤੋਂ ਕੰਮ ਲੈਣ | Farmers Protest

  • ਸਾਡਾ ਮੁੱਖ ਮਕਸਦ ਮੰਗਾਂ ਨੂੰ ਪੂਰਾ ਕਰਵਾਉਣਾ, ਇਸ ਅੰਦੋਲਨ ’ਚੋਂ ਨਾ ਕੋਈ ਪਾਰਟੀ ਨਿਕਲੇਗੀ ਤੇ ਨਾ ਹੀ ਲੀਡਰ

ਸ਼ੰਭੂ ਬਾਰਡਰ (ਖੁਸਵੀਰ ਸਿੰਘ ਤੂਰ)। ਸ਼ੰਭੂ ਬਾਰਡਰ ’ਤੇ ਅੱਜ ਕਿਸਾਨਾਂ ਵੱਲੋਂ ਅੱਗੇ ਵਧਣ ਦਾ ਯਤਨ ਨਹੀਂ ਕੀਤਾ ਗਿਆ ਅਤੇ ਜੋ ਨੌਜਵਾਨ ਬੈਰੀਕੇਟਾਂ ਦੀ ਤਰਫ ਵਧ ਰਹੇ ਸਨ ਉਨ੍ਹਾਂ ਨੂੰ ਰੁਕਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਭਾਵੇਂ ਕਿ ਹਰਿਆਣਾ ਤਰਫ ਤੋਂ ਫੋਰਸ ਵੱਲੋਂ ਕੁਝ ਅੱਥਰੂ ਗੈਸ ਦੇ ਗੋਲੇ ਜਰੂਰ ਸੁੱਟੇ ਗਏ। ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਸਪੀਕਰ ਲਾ ਕੇ ਆਪਣੀ ਸਟੇਜ ਸ਼ੁਰੂ ਕਰ ਦਿੱਤੀ ਗਈ। ਇਸ ਸਟੇਜ ਤੋਂ ਕਿਸਾਨ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਨਿਸ਼ਾਨਾ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣਾ ਹੈ ਨਾ ਕਿ ਕਿਸੇ ਤਰ੍ਹਾ ਦੀ ਹੁੱਲੜਬਾਜੀ ਕਰਨਾ। (Farmers Protest)

Kisan Andolan : ਸ਼ੰਬੂ ਬਾਰਡਰ ’ਤੇ ਅਜੇ ਸ਼ਾਂਤੀ, ਕਿਸਾਨ ਬਣਾ ਰਹੇ ਅਗਲੀ ਰਣਨੀਤੀ

ਉਨ੍ਹਾਂ ਕਿਹਾ ਕਿ ਇਸ ਸੰਘਰਸ਼ ’ਚੋ ਨਾ ਤਾਂ ਕੋਈ ਪਾਰਟੀ ਨਿਕਲੇਗੀ ਅਤੇ ਨਾ ਹੀ ਕੋਈ ਲੀਡਰ ਅਤੇ ਇਹ ਨਿਰੋਲ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਦਾ ਸੰਘਰਸ਼ ਹੀ ਰਹੇਗਾ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਜੋਸ਼ ਅੱਗੇ ਸਰਕਾਰ ਹਿੰਗੀ ਖਲੋਤੀ ਹੈ ਤੁਸੀਂ ਆਪਣੇ ਸਬਰ ਨਾਲ ਕੱਲ੍ਹ ਜੋ ਮੁਕਾਬਲਾ ਕੀਤਾ ਹੈ ਇਹ ਤੁਹਾਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਤੁਸੀਂ ਗਲਤੀ ਨਹੀਂ ਕਰਨੀ ਕਿਉਂਕਿ ਸਰਕਾਰ ਭਟਕਾਹਟ ਪੈਦਾ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਲਈ ਕਹਿ ਰਹੀ ਹੈ ਇਸ ਲਈ ਸਾਡੇ ਵੱਲੋਂ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸਾਡਾ ਮੁੱਖ ਮਕਸਦ ਦਿੱਲੀ ਪਹੁੰਚਣਾ ਨਹੀਂ ਸਗੋਂ ਸਾਡੀਆਂ ਮੰਗਾਂ ਨੂੰ ਪੂਰਾ ਕਰਵਾਉਣਾ ਹੈ ਇਸ ਲਈ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ ਤੇ ਗੱਲ ਕਰਨਾ ਚਾਹੁੰਦੀ ਹੈ ਤਾਂ ਅਸੀਂ ਉਨ੍ਹਾਂ ਦੀ ਗੱਲ ਸੁਣਾਂਗੇ ਅਤੇ ਉਸ ਤੋਂ ਬਾਅਦ ਹੀ ਅਗਲਾ ਐਕਸ਼ਨ ਉਲੀਕਾਂਗੇ। (Farmers Protest)

Farmers Protest