ਮੰਤਰੀ ਸਮੇਤ ਸੱਤ ਸਾਥੀਆਂ ‘ਤੇ ਮਾਮਲਾ ਦਰਜ ਕਰਨ ਦੀ ਮੰਗ
ਜਲੰਧਰ/ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੰਜਾਬ ਭਾਜਪਾ ਦਾ ਇੱਕ ਵਫ਼ਦ ਅੱਜ ਡਾਇਰੈਕਟਰ ਆਫ ਇਨਫੋਰਸਮੈਂਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਕ ਮੰਗ-ਪੱਤਰ ਸੌਂਪ ਕੇ ਕਰੋੜਾਂ ਦੀ ਰੇਤ ਦੀਆਂ ਖੱਡਾਂ ਦੀ ਬੋਲੀ ਘੋਟਾਲੇ ਵਿੱਚ ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰਨਾਂ ਦੇ ਖਿਲਾਫ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ। ਇਸ ਵਫਦ ਵਿੱਚ ਸੂਬਾ ਪਾਰਟੀ ਉੱਪ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਅਤੇ ਕੇਵਲ ਕੁਮਾਰ ਤੇ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਸ਼ਾਮਲ ਸਨ।
ਇਸ ਪੂਰੇ ਘਟਨਾਕ੍ਰਮ ਨੂੰ ਰਾਣਾ ਗੁਰਜੀਤ ਸਿੰਘ ਵੱਲੋਂ ‘ਪ੍ਰਾਕਸੀ ਬੀਡਿੰਗ’ ਕਰਾਰ ਦਿੰਦਿਆਂ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਕਰਮਚਾਰੀਆਂ ਅਮਿਤ ਬਹਾਦੁਰ, ਕੁਲਵਿੰਦਰ ਪਾਲ, ਬਲਰਾਜ ਸਿੰਘ, ਅਵਤਾਰ ਸਿੰਘ ਗਿਲ ਅਤੇ ਗਿਲ ਦੇ ਪੁੱਤਰ ਅਜੀਤ ਪਾਲ ਸਿੰਘ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਇਨਾਂ ਲੋਕਾਂ ਨੇ ਰੇਤ ਦੀਆਂ ਖੱਡਾਂ ਦੇ ਕਰੋੜਾਂ ਰੁੱਪਇਆਂ ਦੇ ਠੇਕੇ ਲਏ ਹਨ, ਪਰ ਕਿਸੇ ਦੇ ਕੋਲ ਵੀ ਆਪਣੀ ਬੋਲੀ ਨੂੰ ਜਾਇਜ਼ ਠਹਿਰਾਉਣ ਦੇ ਲਈ ਉਚਿਤ ਆਮਦਨ ਨਹੀਂ ਹੈ।
ਇਸਤੋਂ ਇਲਾਵਾ ਭਾਜਪਾ ਨੇ ਕੈਪਟਨ ਜੇ.ਐਸ.ਰੰਧਾਵਾ ਅਤੇ ਉਨਾਂ ਦੇ ਪੁੱਤਰ ਸੰਜੀਤ ਸਿੰਘ ਰੰਧਾਵਾ ਦੇ ਖਿਲਾਫ ਵੀ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਸੰਜੀਤ ਸਿੰਘ ਰੰਧਾਵਾ ਇਨਾਂ ਦੋਸ਼ੀਆਂ ਦੇ ਬਚਾਅ ਵਿਚ ਇਹ ਕਹਿਕੇ ਅੱਗੇ ਆਏ ਹਨ ਕਿ ਉਨਾਂ ਵੱਲੋਂ ਹੀ ਬੋਲੀ ਲਗਾਉਣ ਦੇ ਲਈ ਪੈਸਾ ਦਿੱਤਾ ਸੀ। ਕੈਪਟਨ ਜੇ.ਐਸ.ਰੰਧਾਵਾ ਹਾਲ ਹੀ ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਰਾਣਾ ਗੁਰਜੀਤ ਸਿੰਘ ਦੇ ਚੋਣ ਏਜੰਟ ਸਨ। ਈਡੀ ਦੇ ਦਫ਼ਤਰ ਦੇ ਬਾਹਰ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿੰਆਂ ਵਿਨੀਤ ਜੋਸ਼ੀ ਨੇ ਕਿਹਾ ਈ.ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦੋਸ਼ਾਂ ਦੀ ਜਾਂਚ ਕਰਕੇ ਉਹ ਜਲਦ ਹੀ ਉਚਿਤ ਕਾਰਵਾਈ ਕਰਣਗੇਂ।