ਖਨੌਰੀ (ਕੁਲਵੰਤ ਸਿੰਘ)। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ 13 ਫਰਵਰੀ ਨੂੰ ਆਪੋ-ਆਪਣੇ ਸੂਬਿਆਂ ’ਚੋਂ ਆਪਣੀਆਂ ਕਿਸਾਨੀ ਮੰਗਾਂ ਲਈ ਦਿੱਲੀ ਜਾਣ ਵਾਸਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਧਰ ਹਰਿਆਣਾ ਪੁਲਿਸ ਵੀ ਕਿਸਾਨਾਂ ਨੂੰ ਰੋਕਣ ਲਈ ਖਨੌਰੀ ਨਜਦੀਕ ਪੰਜਾਬ-ਹਰਿਆਣਾ ਬਾਰਡਰ ਉੱਪਰ ਵੱਡੇ ਪ੍ਰਬੰਧਾਂ ਨਾਲ ਤਿਆਰ ਬਰ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਜਿੱਥੇ ਕਿ ਖਨੌਰੀ ਬਾਰਡਰ ਵਿਖੇ ਹਰਿਆਣੇ ਸੂਬੇ ਦੇ ਜੀਂਦ ਜ਼ਿਲ੍ਹੇ ਦੀ ਪੁਲਿਸ ਵੱਲੋਂ ਪੰਜਾਬ ਵਿੱਚੋਂ ਆਉਣ ਵਾਲੇ ਕਿਸਾਨਾਂ ਦੇ ਵੱਡੇ ਕਾਫ਼ਲੇ ਨੂੰ ਇੱਥੇ ਹੀ ਰੋਕਣ ਲਈ ਕਰੀਬ ਇੱਕ ਹਫਤਾ ਪਹਿਲਾਂ ਹੀ ਅਨੇਕਾਂ ਬੈਰੀਕੇਡ ਅਤੇ ਵੱਡੇ ਆਕਾਰ ਦੇ ਪੱਥਰਾਂ ਦਾ ਢੇਰ ਲਾ ਦਿੱਤਾ ਗਿਆ ਹੈ। (Farmer Protest)
2020 ਵਿੱਚ ਵੀ ਹੋਇਆ ਸੀ ਕਿਸਾਨ ਅੰਦੋਲਨ
ਜ਼ਿਕਰਯੋਗ ਹੈ ਕਿ ਸਾਲ 2020 ’ਚ ਵੀ ਕਿਸਾਨ ਜਥੇਬੰਦੀਆਂ ਆਪਣੇ ਵੱਡੇ ਕਾਫ਼ਲੇ ਲੈ ਕੇ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਨੂੰ ਕੂਚ ਕੀਤੀਆਂ ਸਨ ਉਸ ਟਾਈਮ ਵੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਸੀ ਜਿਵੇਂ ਕਿ ਬੈਰੀਕੇਡ, ਵੱਡੇ-ਵੱਡੇ ਮਿੱਟੀ ਦੇ ਢੇਰ ਤੇ ਸੜਕ ਵਿੱਚ ਟੋਏ ਪੁੱਟੇ ਗਏ ਸਨ ਉਸ ਟਾਈਮ ਵੀ ਕਿਸਾਨ ਜਥੇਬੰਦੀਆਂ ਤੇ ਨੌਜਵਾਨੀ ਨੇ ਜੋਸ਼ ਵਿੱਚ ਆ ਕੇ ਰਸਤੇ ’ਚ ਬਣੇ ਹੋਏ ਅੜਿੱਕੇ ਨੂੰ ਪਲਾਂ ’ਚ ਹੀ ਢੇਰ ਕਰ ਦਿੱਤਾ ਸੀ ਤੇ ਦਿੱਲੀ ਵੱਲ ਨੂੰ ਟਰੈਕਟਰ-ਟਰਾਲੀਆਂ ਲੈ ਕੇ ਕੂਚ ਕੀਤਾ ਸੀ ਉਸੇ ਹੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਪੁਲਿਸ ਵੱਲੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕਿਸਾਨਾਂ ਨੂੰ ਰੋਕਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। (Farmer Protest)
Also Read : UCC : ਯੂਸੀਸੀ ’ਤੇ ਉੱਤਰਾਖੰਡ ਦੀ ਵੱਡੀ ਤੇ ਸਾਰਥਿਕ ਪਹਿਲ
ਇਸ ਸਬੰਧੀ ਕਈ ਕਿਸਾਨ ਆਗੂਆਂ ਨੇ ਵੀ ਇਹ ਗੱਲ ਕਹੀ ਕਿ ਕਿਸਾਨ ਜਥੇਬੰਦੀਆਂ ਇਸ ਵਾਰ ਵੀ ਆਪਣੇ ਹੱਕ ਪ੍ਰਾਪਤ ਕਰਨ ਲਈ ਹਰ ਹਾਲਾਤ ’ਚ ਦਿੱਲੀ ਵੱਲ ਨੂੰ ਕੂਚ ਕਰਕੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਡੇ ਪੱਧਰ ’ਤੇ ਹਰ ਇੱਕ ਪਿੰਡ ਵਿੱਚ ਜਾ ਕੇ ਕਾਫ਼ਲੇ ਤਿਆਰ ਕਰ ਰਹੀਆਂ ਹਨ ਤੇ ਆਮ ਲੋਕਾਂ ਨੂੰ ਵੀ ਦਿੱਲੀ ਜਾਣ ਸਬੰਧੀ ਜਾਣੂ ਕਰਾ ਰਹੀਆਂ ਹਨ ਪਰ ਇੱਕ ਹਫਤਾ ਪਹਿਲਾਂ ਹੀ ਹਰਿਆਣਾ ਪੁਲਿਸ ਵੱਲੋਂ ਖਨੌਰੀ ਬਾਰਡਰ ’ਤੇ ਵੱਡੇ ਪ੍ਰਬੰਧ ਕੀਤੇ ਜਾਣ ਦੇ ਆਸਾਰ ਲੱਗ ਰਹੇ ਹਨ।