ਪੈਟਰੋਲ ਪੰਪ ਤੋਂ ਕੈਸ਼ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ
- ਬੁਢਲਾਡਾ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਕੱਲ੍ਹ ਲੁੱਟੇ ਸਨ 24 ਲੱਖ ਰੁਪਏ
ਮਾਨਸਾ/ਬੁਢਲਾਡਾ, (ਸੁਖਜੀਤ ਮਾਨ/ਸੰਜੀਵ ਤਾਇਲ) । ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ ਤੋਂ ਕਰੀਬ 24 ਲੱਖ ਰੁਪਏ ਤੇ ਮੋਟਰਸਾਈਕਲ ਲੁੱਟ ਕੇ ਲਿਜਾਣ ਵਾਲਿਆਂ ਨੂੰ ਮਾਨਸਾ ਪੁਲਿਸ ਨੇ ਕਾਬੂ ਕਰ ਲਿਆ ਹੈ ਕਾਬੂ ਕੀਤੇ ਇਨ੍ਹਾਂ ਛੇ ਵਿਅਕਤੀਆਂ ‘ਚ ਇੱਕ ਪੈਟਰੋਲ ਪੰਪ ‘ਤੇ ਕੰਮ ਕਰਨ ਵਾਲਾ ਕਰਿੰਦਾ ਹੀ ਸੀ ਜੋ ਇਸ ਘਟਨਾ ਦਾ ਮਾਸਟਰ ਮਾਈਂਡ ਨਿੱਕਲਿਆ ਹੈ ਲੁਟੇਰਿਆਂ ਨੂੰ 24 ਘੰਟਿਆਂ ਤੋਂ ਪਹਿਲਾਂ ਕਾਬੂ ਕਰਕੇ ਮਾਨਸਾ ਪੁਲਿਸ ਆਪਣੀ ਹਿੱਕ ਥਾਪੜ੍ਹ ਰਹੀ ਹੈ ਮਾਨਸਾ ਪੁਲਿਸ ਦੀ ਇਸ ਕਾਮਯਾਬੀ ‘ਤੇ ਅੱਜ ਬੁਢਲਾਡਾ ਦੇ ਥਾਣਾ ਸਦਰ ‘ਚ ਪਹੁੰਚ ਕੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੂੰ ਸਾਬਾਸ਼ ਦਿੱਤੀ ਅਤੇ ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਰੂ-ਬ-ਰੂ ਹੋਏ।
ਗੱਲਬਾਤ ਕਰਦਿਆਂ ਆਈਜੀ ਸ੍ਰ. ਛੀਨਾ ਅਤੇ ਐਸਐਸਪੀ ਮਾਨਸਾ ਪਰਮਬੀਰ ਸਿੰਘ ਪਰਮਾਰ ਨੇ ਦੱਸਿਆ ਕਿ 30 ਮਈ ਨੂੰ ਤੜਕਸਾਰ ਸਵੇਰੇ ਥਾਣਾ ਸਦਰ ਬੁਢਲਾਡਾ ਦੇ ਇਲਾਕੇ ਵਿੱਚ ਰਿਲਾਇੰਸ ਪਟਰੋਲ ਪੰਪ ‘ਤੇ ਹਥਿਆਰਾਂ ਦੀ ਨੋਕ ‘ਤੇ ਪੰਜ ਲੁਟੇਰਿਆਂ ਵੱਲੋਂ ਕੀਤੀ ਲੁੱਟ ਦੀ ਘਟਨਾ ਨੂੰ ਹੱਲ ਕਰਨ ਲਈ ਐਸ.ਐਸ.ਪੀ ਪਰਮਬੀਰ ਸਿੰਘ ਪਰਮਾਰ ਸਮੇਤ ਪੁਲਿਸ ਅਧਿਕਾਰੀਆਂ ਨਾਲ ਮੌਕੇ ‘ਤੇ ਪੁੱਜੇ ਸਨ ਇਸ ਦੌਰਾਨ ਜਾਇਜ਼ਾ ਲੈਣ ਉਪਰੰਤ ਡੀ.ਐਸ.ਪੀ ਬੁਢਲਾਡਾ ਮਨਵਿੰਦਰ ਬੀਰ ਸਿੰਘ, ਡੀ.ਐਸ.ਪੀ (ਇੰਨਵੈ) ਮਾਨਸਾ ਗੁਰਸ਼ਰਨ ਸਿੰਘ, ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਐਸ.ਆਈ. ਬਲਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ ਬੁਢਲਾਡਾ ਇੰਸਪੈਕਟਰ ਰਣਬੀਰ ਸਿੰਘ ਅਤੇ ਇੰਚਾਰਜ਼ ਸੀ.ਆਈ.ਏ ਸਟਾਫ ਮਾਨਸਾ ਐਸ.ਆਈ ਜਗਦੀਸ਼ ਕੁਮਾਰ ਦੀ ਟੀਮ ਗਠਿਤ ਕੀਤੀ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਲੁਟੇਰੇ ਕਾਬੂ ਕਰ ਲਏ ਗਏ।
ਪੁਲਿਸ ਵੱਲੋਂ ਇਹਨਾਂ ਕੋਲੋਂ ਡਕੈਤੀ ਕਰਕੇ ਲੁੱਟੀ ਗਈ ਕਰੀਬ 24 ਲੱਖ ਰੁਪਏ ਦੀ ਨਗਦੀ ਸਮੇਤ ਤਿਜ਼ੌਰੀ, ਵਰਤੇ ਹਥਿਆਰ, ਕਾਰ ਅਲਟੋ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ । ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਕੋਲ ਜੋ ਕਾਰ ਅਲਟੋ (ਐਚ ਆਰ 59-8737) ਸੀ ਨੂੰ ਚੈੱਕ ਕੀਤਾ ਤਾਂ ਇਸਦਾ ਅਸਲ ਨੰਬਰ (ਪੀਬੀ 51-6992) ਸੀ ਤੇ ਇਨ੍ਹਾਂ ਵੱਲੋਂ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ ਇਸ ਕਾਰ ਵਿੱਚੋਂ ਦੋ ਤਲਵਾਰਾਂ ਵੀ ਬਰਾਮਦ ਹੋਈਆਂ। ਇਸ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਕੋਲਂੋ ਇੱਕ ਏਅਰਗੰਨ ਪਿਸਤੌਲ, ਇੱਕ ਦੇਸੀ 12 ਬੋਰ ਪਿਸਤੌਲ (ਕੱਟਾ) ਸਮੇਤ 2 ਜਿੰਦਾ ਕਾਰਤੂਸ 12 ਬੋਰ ਬਰਾਮਦ ਕਰਵਾਏ ਗਏ ਹਨ। ਆਈ.ਜੀ. ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ। ਇਸ ਮੌਕੇ ਜ਼ਿਲ੍ਹੇ ਦੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਕਾਬੂ ਕੀਤੇ ਦੋ ਮੁਲਜ਼ਮਾਂ ਨੇ ਫੜਾਏ ਬਾਕੀ ਮੁਲਜ਼ਮ
ਨਾਕੇਬੰਦੀ ਦੌਰਾਨ ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਐਸ.ਆਈ. ਬਲਵਿੰਦਰ ਸਿੰਘ ਨੇ ਡਰੇਨ ਗੁਰਨੇ ਕਲਾ ਦੇ ਪੁਲ ਤੋਂ ਇਸ ਕੇਸ ਦੇ ਮੁਲਜ਼ਮ ਇਕਬਾਲ ਸਿੰਘ ਅਤੇ ਬੀਰਬਲ ਸਿੰਘ ਨੂੰ ਖੋਹੇ ਹੋਏ ਮੋਟਰਸਾਈਕਲ ਅਤੇ ਮੋਬਾਇਲ ਫੋਨ ਸਮੇਤ ਕਾਬੂ ਕੀਤਾ ਇਨ੍ਹਾਂ ਕਥਿਤ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਅਤੇ ਨਿਸ਼ਾਨਦੇਹੀ ‘ਤੇ ਕੁਲਦੀਪ ਸਿੰਘ ਦੇ ਬੁਢਲਾਡੇ ਵਾਲੇ ਖੇਤ ਦੇ ਕੋਠੇ ਵਿੱਚ ਬੈਠੇ ਇਨ੍ਹਾਂ ਦੇ ਬਾਕੀ ਸਾਥੀਆਂ ਸੁਖਜਿੰਦਰ ਸਿੰਘ ਉਰਫ ਸੁੱਖੀ, ਜਸਵੀਰ ਸਿੰਘ ਉਰਫ ਪੇੜਾ, ਕੁਲਦੀਪ ਸਿੰਘ ਉਰਫ ਗੋਰਾ ਅਤੇ ਰਾਜਪਾਲ ਸਿੰਘ ਨੂੰ ਕਾਬੂ ਕਰ ਲਿਆ ਗਿਆ।
ਛੇ ਜਣਿਆਂ ‘ਚੋਂ ਤਿੰਨ ਇੱਕੋ ਪਿੰਡ ਦੇ
ਕਾਬੂ ਕੀਤੇ ਗਏ ਛੇ ਵਿਅਕਤੀ ਜ਼ਿਲ੍ਹਾ ਮਾਨਸਾ ਦੇ ਹੀ ਹਨ , ਜਿਨ੍ਹਾਂ ‘ਚੋਂ ਤਿੰਨ ਵਿਅਕਤੀ ਇੱਕੋ ਹੀ ਪਿੰਡ ਦੇ ਹਨ ਪੁਲਿਸ ਹੱਥ ਆਏ ਜਸਵੀਰ ਸਿੰਘ ਉਰਫ ਪੇੜਾ ਪੁੱਤਰ ਅਮਰੀਕ ਸਿੰਘ, ਬੀਰਬਲ ਸਿੰਘ ਉਰਫ ਬੱਲਾ ਪੁੱਤਰ ਬੰਤ ਸਿੰਘ ਅਤੇ ਇਕਬਾਲ ਸਿੰਘ ਉਰਫ ਕਾਲਾ ਪੁੱਤਰ ਰੂਪ ਸਿੰਘ ਤਿੰਨੋਂ ਜਣੇ ਜ਼ਿਲ੍ਹਾ ਮਾਨਸਾ ਦੇ ਹੀ ਥਾਣਾ ਬਰੇਟਾ ਅਧੀਨ ਪੈਂਦੇ ਪਿੰਡ ਜਲਵੇੜਾ ਨਾਲ ਸਬੰਧਿਤ ਹਨ ਇਸ ਤੋਂ ਇਲਾਵਾ ਕੁਲਦੀਪ ਸਿੰਘ ਉਰਫ ਗੋਰਾ ਪੁੱਤਰ ਰਾਮ ਸਿੰਘ ਵਾਸੀ ਗੁਰਨੇ ਕਲਾਂ, ਰਾਜਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਡੇਲੂਆਣਾ ਥਾਣਾ ਸਦਰ ਮਾਨਸਾ ਅਤੇ ਸੁਖਜਿੰਦਰ ਸਿਘ ਸੁੱਖੀ ਵਾਸੀ ਬੁਢਲਾਡਾ ਜੋ ਪਟਰੋਲ ਪੰਪ ਦਾ ਹੀ ਕਰਮਚਾਰੀ ਸੀ ਕਾਬੂ ਕੀਤੇ ਗਏ ਹਨ।