(ਸੱਚ ਕਹੂੰ ਨਿਊਜ਼) ਗੁਰਦਾਸਪੁਰ, ਵਿਜੀਲੈਂਸ ਵਿਭਾਗ ਦੀ ਇੱਕ ਟੀਮ ਨੇ ਅੱਜ ਸਬ ਤਹਿਸੀਲ ਦੀਨਾਨਗਰ ‘ਚ ਛਾਪੇਮਾਰੀ ਕਰਦਿਆਂ ਇੱਕ ਪਟਵਾਰੀ ਨੂੰ 4000 ਰੁਪਏ ਕਥਿਤ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਪਟਵਾਰੀ ਦੀ ਪਛਾਣ ਜਗਦੀਸ਼ ਰਾਜ ਵਾਸੀ ਰਤਨਗੜ੍ਹ (ਕਸਬਾ ਤਾਰਾਗੜ੍ਹ) ਵਜੋਂ ਹੋਈ ਹੈ। ਉਸ ਕੋਲ ਦੀਨਾਨਗਰ ਤੋਂ ਇਲਾਵਾ ਦੋਦਵਾਂ ਏਰੀਆ ਦਾ ਵਾਧੂ ਚਾਰਜ ਸੀ। ਜਾਣਕਾਰੀ ਅਨੁਸਾਰ ਦੀਨਾਨਗਰ ਹਲਕੇ ਦੇ ਪਿੰਡ ਦਬੁਰਜੀ ਨਿਵਾਸੀ ਨਰਿੰਦਰ ਪਾਲ ਸਿੰਘ ਸੈਣੀ ਪੁੱਤਰ ਦਿਲਬਾਗ ਸਿੰਘ ਸੈਣੀ ਨੇ ਵਿਰਾਸਤ ਦਾ ਇੰਤਕਾਲ ਕਰਵਾਉਣ ਲਈ ਪਟਵਾਰੀ ਜਗਦੀਸ਼ ਰਾਜ ਨਾਲ ਸੰਪਰਕ ਕੀਤਾ ਸੀ। ਸ਼ਿਕਾਇਕਕਰਤਾ ਨਰਿੰਦਰ ਪਾਲ ਸਿੰਘ ਸੈਣੀ ਅਨੁਸਾਰ ਇੰਤਕਾਲ ਕਰਨ ਬਦਲੇ ਪਟਵਾਰੀ ਨੇ ਮੋਟੀ ਰਕਮ ਦੀ ਮੰਗ ਕੀਤੀ ਤੇ ਸੌਦਾ 4000 ਰੁਪਏ ‘ਚ ਤੈਅ ਹੋ ਗਿਆ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਸਬੂਤ ਲਈ ਪੈਸਿਆਂ ਦੇ ਲੈਣ-ਦੇਣ ਦੀ ਗੱਲਬਾਤ ਮੋਬਾਇਲ ‘ਚ ਰਿਕਾਰਡ ਕਰ ਲਈ ਤੇ ਵਿਜੀਲੈਂਸ ਵਿਭਾਗ ਪਠਾਨਕੋਟ ਦਫ਼ਤਰ ਨਾਲ ਸੰਪਰਕ ਕੀਤਾ। ਜਿਨ੍ਹਾਂ ਵੱਲੋਂ ਬਣਾਈ ਸਕੀਮ ਤਹਿਤ ਸ਼ਿਕਾਇਤਕਰਤਾ ਨੇ ਪਟਵਾਰੀ ਕੋਲ ਜਾ ਕੇ ਉਸਨੂੰ ਰਿਸ਼ਵਤ ਦੇ 4000 ਰੁਪਏ ਫੜਾ ਦਿੱਤੇ ਤੇ ਇਸੇ ਦੌਰਾਨ ਪੈਸੇ ਲੈਂਦਿਆਂ ਵਿਜੀਲੈਂਸ ਦੀ ਟੀਮ ਵੱਲੋਂ ਪਟਵਾਰੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਵਿਜੀਲੈਂਸ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਟੀਮ ‘ਚ ਇੰਸਪੈਕਟਰ ਵਿਕਰਾਂਤ ਸਲਾਰੀਆ, ਏਐੱਸਆਈ ਸਤੀਸ਼ ਕੁਮਾਰ, ਏਐੱਸਆਈ ਖੁਸ਼ਹਾਲ ਸਿੰਘ, ਹੌਲਦਾਰ ਰਾਜਿੰਦਰ ਕੁਮਾਰ, ਹੌਲਦਾਰ ਕੁਲਦੀਪ ਸਿੰਘ ਤੇ ਹੌਲਦਾਰ ਮਹਿੰਦਰ ਪਾਲ ਸ਼ਾਮਲ ਸਨ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਪਟਵਾਰੀ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ ਤੇ ਹੋਰ ਪੁੱਛਗਿਛ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ