ਕਹਾਣੀ : ਜੰਟੀ ਹੋਰ ਕੀ ਕਰੇ!

Story

ਕਹਾਣੀ Story

ਹਵਾਲਾਤ ਵਿੱਚ ਸਾਰੇ ਤੂੜੀ ਵਾਂਗੂੰ ਤੂਸੇ ਪਏ ਸੀ ਫੜ ਕੇ ਲਿਆਂਦੇ ਵਿਦਿਆਰਥੀ ਹੀ ਪੰਜਾਹ ਤੋਂ ਵੱਧ ਸਨ ਜੇਬ੍ਹਕਤਰੇ, ਚੋਰ ਤੇ ਹੋਰ ਕ੍ਰਾਈਮ ਪੇਸ਼ਾ ਲੋਕਾਂ ਨਾਲ ਭਰੀ ਹਵਾਲਾਤ ਵਿੱਚ ਸੂਈ ਡਿੱਗਣ ‘ਤੇ ਵੀ ਖੜਾਕਾ ਹੋਣ ਵਰਗੇ ਸੰਨਾਟੇ ਨੂੰ ਬਾਹਰ ਹਰਜੋਤ ਦੀਆਂ ਚੀਖਾਂ ਭੰਗ ਕਰ ਰਹੀਆਂ ਸਨ  ਖੂੰਜੇ ਵਿੱਚ ਚੋਫਾਲ ਪਏ ਜੰਟੀ ਦੀਆਂ ਅੱਖਾਂ ‘ਚੋਂ ਹੰਝੂ ਤਾਂ ਪਰਲ-ਪਰਲ ਵਗ ਰਹੇ ਸੀ ਪਰ ਮੂੰਹ ਉਸਨੇ ਕੱਸ ਕੇ ਬੰਦ ਕੀਤਾ ਹੋਇਆ ਸੀ ਹਰਜੋਤ ਤੋਂ ਪਹਿਲਾਂ ਉਹ ਤਸ਼ੱਦਦ ਦਾ ਸ਼ਿਕਾਰ ਹੋਇਆ ਸੀ ਵੱਡੇ ਅਫਸਰ ਨੇ ਉਹਦੇ ਮਾੜੂਚੇ ਸਰੀਰ ‘ਤੇ ਦੋ ਡਾਂਗਾਂ ਤੋੜ ਦਿੱਤੀਆਂ ਸੀ ਉਹਦਾ ਅੰਗ-ਅੰਗ ਭੰਨ੍ਹਿਆ ਪਿਆ ਸੀ ਵਾਰ-ਵਾਰ ਡਾਂਗਾਂ ਦੇ ਮੀਂਹ ਵਿੱਚੋਂ ਉਹਨੂੰ ਸੰਘਰਸ਼ ਤੋਂ ਤੌਬਾ ਕਰਨ ਲਈ ਕਿਹਾ ਗਿਆ  ਪਰ ਹਰ ਵਾਰੀ ਉਹਦੇ ਮੂੰਹ ‘ਚੋਂ ਨਿੱਕਲਦਾ ਰਿਹਾ ਕਿ ਜੇ ਮੈਂ ਨਹੀਂ ਲੜੂੰਗਾ ਤਾਂ ਹੋਰ ਕੌਣ ਲੜੇਗਾ?

ਕਹਾਣੀ Story

ਜਦੋਂ ਉਹਦੇ ਜ਼ਜ਼ਬੇ ਨੂੰ ਤਸ਼ੱਦਦ ਨਾ ਹਿਲਾ ਸਕਿਆ ਤਾਂ ਅਫਸਰ ਕਈ ਸੋਟੀਆਂ ਉਹਦੇ ਸਿਰ ਵਿੱਚ ਮਾਰ ਕੇ ਗਰਜਿਆ, ‘ਕੋਈ ਨ੍ਹੀਂ ਪੁੱਤ! ਤੇਰੇ ਦਿਮਾਗ ‘ਚੋਂ ਇਨਕਲਾਬ ਕੱਢ ਕੇ ਹਟੋਂ, ਸੁੱਟੋ ਇਸ ਨੂੰ ਅੰਦਰ’ ਤੇ ਦੂਜੇ ਲੀਡਰ ਨੂੰ ਲਿਆ ਚਾਰ ਜਣਿਆ ਨੇ ਜੰਟੀ ਨੂੰ ਹਵਾਲਾਤ ਵਿੱਚ ਆਲੂਆਂ ਦੀ ਬੋਰੀ ਵਾਂਗੂੰ ਚਲਾ ਕੇ ਮਾਰਿਆ ਜੋਤ ਨੂੰ ਬਾਹਵਾਂ ਤੋਂ ਘੜੀਸ ਕੇ ਲੈ ਗਏ ਜੋਤ ਦੀਆਂ ਚੀਕਾਂ ਉਹਦੇ ਦਿਮਾਗ ਵਿੱਚ ਹਥੌੜੇ ਵਾਂਗੂੰ ਵੱਜਦੀਆਂ ਰਹੀਆਂ ਅਗਲੇ ਦਿਨ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜੇਲ੍ਹ ਦੀ ਕੋਠਰੀ ਵਿੱਚ ਪਿਆ ਜੰਟੀ ਰੋਂਦਾ ਰਿਹਾ ਸਰੀਰਕ ਤਸ਼ੱਦਦ ਨਾਲ ਤਾਂ ਉਹਦਾ ਵਾਹ ਪਹਿਲੀ ਵਾਰੀ ਨਹੀਂ ਪਿਆ ਸੀ ਮਾਨਸਿਕ ਤੇ ਸਰੀਰਕ ਕਸ਼ਟ ਤਾਂ ਉਹਦੇ ਨਾਲ ਜਨਮ ਤੋਂ ਹੀ ਜੁੜੇ ਹੋਏ ਸੀ ਜਦੋਂ ਉਹ ਜੰਮਿਆ ਸੀ ਤਾਂ ਮਾਂ ਨੇ ਉਹਦਾ ਨਾਂਅ ਗੁਰਜੰਟ ਰੱਖਿਆ ਸੀ  ਪਰ ਘਰ ਦੀ ਗੁਰਬਤ ਨੇ ਉਹਨੂੰ ਗੁਰਜੰਟ ਤੋਂ ਜੰਟੀ ਕਦੋਂ ਬਣਾ ਦਿੱਤਾ.

  ਉਸ ਨੂੰ ਵੀ ਪਤਾ ਨਾ ਲੱਗਾ  ਵਿਹੜੇ ਦੇ ਦੂਜੇ ਜਵਾਕਾਂ ਵਾਂਗੂੰ ਉਹਨੂੰ ਕਈ ਵਾਰੀ ਮੱਝਾਂ ਦਾ ਛੇੜੂ ਬਣਾਉਣ ਲਈ ਕਈ ਲਾਲਚ ਉਹਦੇ ਮਾਂ-ਪਿਓ ਤੱਕ ਆਏ ਪਰ ਤੰਗੀਆਂ-ਤੁਰਸ਼ੀਆਂ ਸਹਿੰਦੇ ਉਹਦੇ ਪਿਓ ਦਾ ਸੁਪਨਾ ਸੀ ਕਿ ਜੰਟੀ ਪੜ੍ਹ-ਲਿਖ ਕੇ ਆਪਣੀ ਜਿੰਦਗੀ ਵਿੱਚ ਕੁਝ ਸੌਖਾ ਸਾਹ ਲਵੇ ਸਰਕਾਰੀ ਸਕੂਲ ਵਿੱਚ ਜੰਟੀ ਨੂੰ ਕਿਤਾਬਾਂ ਨਾਲ ਮੋਹ ਹੋ ਗਿਆ ਛੁੱਟੀ ਵਾਲੇ ਦਿਨ ਦਿਹਾੜੀਆਂ ਕਰਕੇ ਸਮਾਂ ਪੂਰਾ ਕਰਦਾ ਜੰਟੀ ਬਾਰ੍ਹਵੀਂ ਤਾਂ ਕਰ ਗਿਆ ਪਰ ਅੱਗੇ ਦੀ ਪੜ੍ਹਾਈ ਲਈ ਘਰ ਵਾਲੇ ਹੱਥ ਖੜ੍ਹੇ ਕਰ ਗਏ ਜੰਟੀ ਇੱਕ ਸਾਲ ਉਟਲਿਆ ਜਿਹਾ ਫਿਰਦਾ ਰਿਹਾ ਤੇ ਕੁਝ ਮਹੀਨੇ ਕਰਿਆਨੇ ਦੀ ਦੁਕਾਨ ‘ਤੇ ਕੰਮ ਕਰਦਾ ਰਿਹਾ

Story : ਜੰਟੀ ਹੋਰ ਕੀ ਕਰੇ!

 ਪਰ ਉਹਦਾ ਧਿਆਨ ਤਾਂ ਪੜ੍ਹਾਈ ਵਿੱਚ ਸੀ ਕਰਿਆਨੇ ਵਾਲੇ ਸੇਠ ਦੇ ਚੰਡੀਗੜ੍ਹ ਪੜ੍ਹਦੇ ਮੁੰਡੇ ਰਮੇਸ਼ ਤੋਂ ਵੱਡੇ ਸ਼ਹਿਰ ਦੀਆਂ ਗੱਲਾਂ ਸੁਣ-ਸੁਣ ਕੇ ਸਾਲ ਪੂਰਾ ਹੋਣ ‘ਤੇ ਉਹਨੇ ਘਰਦਿਆਂ ਤੋਂ ਬਾਹਰਾ ਹੋ ਕੇ ਵੱਡੇ ਸ਼ਹਿਰ ਵੱਲ ਸ਼ੂਟ ਵੱਟ ਦਿੱਤੀ ਸੇਠ ਦੇ ਮੁੰਡੇ ਨੇ ਮੱਦਦ ਕੀਤੀ ਉਹਨੇ ਈਵਨਿੰਗ ਕਾਲਜ ਵਿੱਚ ਜਾ ਦਾਖਲਾ ਲਿਆ  15-16 ਦੇ ਲੇਬਰ ਚੌਂਕ ਵਿੱਚ ਖੜ੍ਹਾ ਜੰਟੀ ਕਦੇ ਸ਼ਰਮਾਉਂਦਾ ਨਹੀਂ ਸੀ ਕਿਉਂਕਿ ਉਹਦਾ ਸੁਪਨਾ ਸੀ ਸ਼ਹਿਰ ਵਿੱਚੋਂ ਵਿੱਦਿਆ ਪ੍ਰਾਪਤੀ ਕਰਕੇ ਆਪਣੇ ਵਰਗਿਆਂ ਲਈ ਮਿਸਾਲ ਬਣਨਾ ਕਦੇ ਉਹ ਵੇਟਰ ਬਣ ਜਾਂਦਾ, ਕਦੇ ਟੈਗੋਰ ਥਿਏਟਰ ਸਾਹਮਣੇ ਕਿਤਾਬਾਂ ਵੇਚਦਾ ਜੰਟੀ ਪੌੜੀ ਦਰ ਪੌੜੀ ਚੜ੍ਹਦਾ ਬੀ.ਏ. ਪੂਰੀ ਕਰ ਗਿਆ ਭਾਵੇਂ ਤਿੰਨ ਸਾਲ ਦੀ ਜਦੋ-ਜਹਿਦ ਨੇ ਉਹਨੂੰ ਸਰੀਰਕ ਤੌਰ ‘ਤੇ ਮਾੜਚੂ ਬਣਾ ਦਿੱਤਾ ਸੀ ਯੂਨੀਵਰਸਿਟੀ ਵਿੱਚ ਦਾਖਲੇ ਸਮੇਂ ਉਹਦੇ ਜਮਾਤੀ ਉਸ ‘ਤੇ ਮੁਸਕਰਾਏ ਤਾਂ ਕਈਆਂ ਨੇ ਨੱਕ-ਬੁੱਲ੍ਹ ਵੀ ਚੜ੍ਹਾਏ  ਪਰ ਜੰਟੀ ਦੇ ਸੰਘਰਸ਼ ਦੀ ਗਾਥਾ ਹੌਲੀ-ਹੌਲੀ ਸਾਰਿਆਂ ਵਿੱਚ ਪਹੁੰਚ ਗਈ ਤਾਂ ਸਾਰਿਆਂ ਵਿੱਚ ਉਹਦਾ ਸਤਿਕਾਰ ਵਧ ਗਿਆ

ਹੁਣ ਜਮਾਤੀ ਪੂਰੀ ਮੱਦਦ ਕਰਦੇ ਹਿਮਾਚਲ ਤੋਂ ਆਈ ਉਸਦੀ ਜਮਾਤਨ ਸ਼ਿਖਾ ਉਸਦਾ ਉਚੇਚਾ ਧਿਆਨ ਰੱਖਦੀ  ਪਰ ਉਹ ਬਹੁਤ ਇਸ ਗੱਲ ਵੱਲ ਧਿਆਨ ਨਾ ਦਿੰਦਾ ਅਤੇ ਆਪਣੇ ਨਿਸ਼ਾਨੇ ਨੂੰ ਹਮੇਸ਼ਾ ਯਾਦ ਰੱਖਦਾ ਹੋਸਟਲ ਦੇ ਠਿਕਾਣੇ ਨੇ ਉਸਦੇ ਦਿਮਾਗ ਵਿੱਚ ਜਗਦੀ ਲੋਅ ਨੂੰ ਹੋਰ ਪ੍ਰਚੰਡ ਕਰ ਦਿੱਤਾ ਕਲਾਸ ਸੀ.ਆਰ. ਦੀ ਚੋਣ ਵਿੱਚ ਉਸਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਹੁਣ ਉਸ ਦੇ ਨਿਸ਼ਾਨੇ ਵੱਡੇ ਹੋ ਗਏ ਸੀ ਕੋਰਸ ਦੇ ਦੂਜੇ ਸਾਲ ਜਦੋਂ ਜੰਟੀ ਨੇ ਨੋਟਿਸ ਬੋਰਡ ਕੋਲ ਭੀੜ ਦੇਖੀ ਤਾਂ ਉੱਥੇ ਖੜ੍ਹੀ ਆਪਣੀ ਜਮਾਤਨ ਸ਼ਿਖਾ ਨੂੰ ਪੁੱਛਿਆ, ‘ਕੀ ਹੋਇਆ ਸ਼ਿਖਾ?’ ਤਾਂ ਸ਼ਿਖਾ ਨੇ ਜਵਾਬ ਦਿੱਤਾ, ‘ਨਵੀਆਂ ਫੀਸਾਂ ਦਾ ਨੋਟਿਸ ਹੈ’ ਜੰਟੀ ਭੱਜ ਕੇ ਨੋਟਿਸ ਬੋਰਡ ਵੱਲ ਗਿਆ  ਤਾਂ ਨੋਟਿਸ ਦੇਖ ਕੇ ਉਸਦੇ ਪੈਰਾਂ ਥੱਲਿਓਂ ਜਮੀਨ ਖਿਸਕ ਗਈ ਪਿਛਲੇ ਸਾਲ ਨਾਲੋਂ ਸੱਤ-ਅੱਠ ਗੁਣਾ ਵਾਧਾ ਦੇਖ ਕੇ ਵੱਖ-ਵੱਖ ਵਿਭਾਗਾਂ ਵਿੱਚ ਪੜ੍ਹਦੇ ਆਪਣੇ ਵਰਗੇ ਹੋਰ ਗਰੀਬ ਵਿਦਿਆਰਥੀ ਉਸਨੂੰ ਸੰਸਥਾ ਦੇ ਗੇਟ ਤੋਂ ਬਾਹਰ ਨਿੱਕਲਦੇ ਦਿਖਾਈ ਦਿੱਤੇ

ਉਹ ਡਿੱਗਦਾ-ਢਹਿੰਦਾ ਹੋਸਟਲ ਦੇ ਕਮਰੇ ਵਿੱਚ ਜਾ ਡਿੱਗਿਆ ਉਸਨੂੰ ਲੱਗਾ ਕਿ ਉਹ ਹਨ੍ਹੇਰੀ ਗੁਫਾ ਵਿੱਚ ਚਲਾ ਗਿਆ ਹੋਵੇ, ਜਿੱਥੇ ਚਾਨਣ ਦਾ ਆਉਣਾ ਅਸੰਭਵ ਹੋਵੇ ਉਹਦੇ ਸੋਚਦੇ-ਸੋਚਦੇ ਦਾ ਮੱਥਾ ਭੱਠੀ ਵਾਗੂੰ ਤਪਣ ਲੱਗਾ ਅਚਾਨਕ ਉਸਨੂੰ ਹਨ੍ਹੇਰੇ ਵਿੱਚੋਂ ਚਾਨਣ ਦੀ ਇੱਕ ਲੀਕ ਦਿਖਾਈ ਦਿੱਤੀ ਉਹ ਲੀਕ ਸੀ ਸੰਘਰਸ਼ ਦੀ ਲੀਕ ਉਹ ਭਾਵੇਂ ਸਟੂਡੈਂਟ ਯੂਨੀਅਨ ਦਾ ਬਹੁਤਾ ਸਰਗਰਮ ਮੈਂਬਰ ਨਹੀਂ ਸੀ ਪਰ ਕਲਾਸ ਦਾ ਨੁਮਾਇੰਦਾ ਹੋਣ ਕਰਕੇ ਉਸਦਾ ਵਾਹ ਯੂਨੀਅਨ ਨਾਲ ਪੈਂਦਾ ਰਹਿੰਦਾ ਸੀ ਉਹ ਭੱਜ ਕੇ ਹੋਸਟਲ ਤੋਂ ਬਾਹਰ ਨਿੱਕਲਿਆ ਤਾਂ ਸਾਹਮਣੇ ਯੂਨੀਅਨ ਦਾ ਆਗੂ ਹਰਜੋਤ ਤੁਰਿਆ ਆਉਂਦਾ ਦੇਖ ਕੇ ਜੰਟੀ ਦੇ ਪੈਰ ਆਪ-ਮੁਹਾਰੇ ਉਧਰ ਤੁਰ ਗਏ ‘ਹਰਜੋਤ! ਦੇਖਿਆ ਕੀ ਹੋਇਆ ਪਿਆ?’ ਉਸਨੇ ਰੋਣ-ਹੱਕੀ ਅਵਾਜ ਵਿੱਚ ਕਿਹਾ ਜੋਤ ਨੇ ਭਰੇ-ਪੀਤੇ ਕਿਹਾ, ‘ਭਰਾਵਾ ਹੁਣ ਤਾਂ ਪੜ੍ਹਾਈਆਂ ਵੀ ਸਰਮਾਏਦਾਰਾਂ ਲਈ ਹੀ ਰਹਿ ਗਈਆਂ’ ਉਹਨਾਂ ਕੋਲ ਹੋਰ ਵਿਦਿਆਰਥੀ ਆ ਖੜ੍ਹੇ ਭਖਵੀਂ ਬਹਿਸ ਸ਼ੁਰੂ ਹੋ ਗਈ

Story : ਜੰਟੀ ਹੋਰ ਕੀ ਕਰੇ!

ਹਰਜੋਤ ਨੇ ਕਿਹਾ, ‘ਭਰਾਵੋ ਰੌਲਾ ਪਾਉਣ ਨਾਲ ਮਸਲਾ ਹੱਲ ਨਹੀਂ ਹੋਣਾ ਮਸਲੇ ਲਈ ਕੁਝ ਤਾਂ ਕਰਨਾ ਪਊ’ ਸਭ ਨੇ ਇਸ ਲਈ ਸਹਿਮਤੀ ਭਰੀ ਉਸ ਦਿਨ ਤੋਂ ਜੰਟੀ ਹਰਜੋਤ ਨਾਲ ਇਸ ਤਰ੍ਹਾਂ ਜੁੜ ਗਿਆ ਜਿਵੇਂ ਉਹ ਦੋਵੇਂ ਵੈਲਡ ਹੋ ਗਏ ਹੋਣ ਦੋਵੇਂ ਕਦੇ-ਕਦੇ ਨੁੱਕੜ ਮੀਟਿੰਗ ਕਰਦੇ ਦੂਜੇ ਪਾਸੇ ਮਾਹੌਲ ਪੂਰਾ ਭਖ ਗਿਆ ਮੈਨੇਜਮੈਂਟ ਪੈਰਾਂ ‘ਤੇ ਪਾਣੀ ਨਹੀਂ ਪੈਣ ਦੇ ਰਹੀ ਸੀ ਕਈ ਮੀਟਿੰਗਾਂ ਹੋਈਆਂ ਪਰ ਹਰ ਵਾਰੀ ਬੇਸਿੱਟਾ ਰਹੀਆਂ ਵਿਦਿਆਰਥੀਆਂ ਨੇ ਸੰਘਰਸ਼ ਕਮੇਟੀ ਦਾ ਗਠਨ ਕਰਕੇ ਹਰਜੋਤ ਨੂੰ ਕਨਵੀਨਰ ਤੇ ਜੰਟੀ ਨੂੰ ਸਹਾਇਕ ਕਨਵੀਨਰ ਥਾਪ ਦਿੱਤਾ

ਕਮੇਟੀ ਨੇ ਪ੍ਰਬੰਧਕਾਂ ਨੂੰ ਮਿਲਣ ਦਾ ਸਮਾਂ ਦੇ ਦਿੱਤਾ  ਮਿੱਥੇ ਸਮੇਂ ‘ਤੇ ਸੰਘਰਸ਼ ਕਮੇਟੀ ਮਿਲਣ ਤੁਰੀ ਤਾਂ ਵਿਦਿਆਰਥੀਆਂ ਦਾ ਹੜ੍ਹ ਆਪ-ਮੁਹਾਰੇ ਉਹਨਾਂ ਨਾਲ ਤੁਰ ਪਿਆ ਪਰ ਪ੍ਰਬੰਧਕਾਂ ਅੱਗੋਂ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਰੋਕਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਪਰ ਪਾਣੀ ਦੀ ਬੁਛਾੜ, ਅੱਥਰੂ ਗੈਸ ਜਦੋਂ ਜਵਾਨੀ ਨੂੰ ਰੋਕ ਨਾ ਸਕੀ ਤਾਂ ਫੇਰ ਡਾਂਗਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਅੱਗੋਂ ਜਵਾਨੀ ਨੇ ਪੱਥਰਾਂ ਨਾਲ ਵਿਰੋਧ ਸ਼ੁਰੂ ਕਰ ਦਿੱਤਾ ਸੰਘਰਸ਼ ਕਮੇਟੀ ਨੇ ਸ਼ਾਂਤੀ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹਲਾਤ ਹੱਥੋਂ ਨਿੱਕਲ ਚੁੱਕੇ ਸੀ ਸੈਂਕੜੇ ਜਣੇ ਫੱਟੜ ਹੋ ਚੁੱਕੇ ਸਨ।

ਕਹਾਣੀ : ਜੰਟੀ ਹੋਰ ਕੀ ਕਰੇ!

ਚੁਣ-ਚੁਣ ਕੇ ਆਗੂ ਫੜੇ ਜਾ ਰਹੇ ਸਨ ਜਨਤਕ ਲਹਿਰ ਦਾ ਅਗਾਜ਼ ਹੋ ਚੁੱਕਾ ਸੀ ਜੇਲ੍ਹ ਵਿੱਚ ਪਿਆ ਜੰਟੀ ਸੋਚ ਰਿਹਾ ਸੀ ਕਿ ਲੋਕਾਂ ਦਾ ਗੋਲਾ-ਧੰਦਾ ਕਰਦੀ ਮਾਂ ਨੂੰ ਜਦੋਂ ਉਸ ਦੇ ਫੜੇ ਜਾਣ ਦਾ ਪਤਾ ਲੱਗੇਗਾ ਤਾਂ ਉਹ ਇਹ ਸਦਮਾ ਕਿਵੇਂ ਸਹੂ? ਦਿਹਾੜੀ ਕਰਦੇ ਉਸਦੇ ਬਾਪ ਨੂੰ ਲੋਕ ਤਾਹਨੇ ਦੇਣਗੇ ਕਿ ਦੇਖਲਾ ਤੇਰਾ ਪੁੱਤ ਕੀ ਕਰੀ ਜਾਂਦਾ?  ਪਰ ਬਾਹਰ ਹਾਲਾਤ ਹੋਰ ਸਨ  ਸੂਬੇ ਵਿੱਚ ਥਾਂ-ਥਾਂ ਪ੍ਰਦਰਸ਼ਨ ਹੋਏ ਵਕੀਲਾਂ ਨੇ ਮੁਫਤ ਕੇਸ ਲੜ ਕੇ ਸਾਰੇ ਵਿਦਿਆਰਥੀਆਂ ਲਈ ਜਮਾਨਤ ਦਾ ਪ੍ਰਬੰਧ ਕੀਤਾ ਜੇਲ੍ਹ ਰਿਹਾਈ ਸਮੇਂ ਸਭ ਦੇ ਚਿਹਰੇ ‘ਤੇ ਲਾਲੀ ਠਾਠਾਂ ਮਾਰ ਰਹੀ ਸੀ ਜਦੋਂ ਉਹ ਬਾਹਰ ਨਿੱਕਲੇ ਤਾਂ ਵਿਦਿਆਰਥੀਆਂ ਦੀ ਵੱਡੀ ਭੀੜ ਨੇ ਹਾਰਾਂ ਨਾਲ ਉਹਨਾਂ ਨੂੰ ਲੱਦ ਦਿੱਤਾ

 ਸੈਂਕੜੇ ਕੈਮਰੇ ਲਈ ਖੜ੍ਹੀ ਮੀਡੀਆ ਦੀ ਭੀੜ ਉਹਨਾਂ ਵੱਲ ਉੱਲਰੀ ਜੰਟੀ ਅੱਗੇ ਮਾਈਕ ਕਰਦੇ ਹੋਏ ਪੱਤਰਕਾਰ ਨੇ ਸਵਾਲ ਕੀਤਾ, ‘ਤੁਹਾਡਾ ਹੁਣ ਅਗਲਾ ਕੀ ਪ੍ਰੋਗਰਾਮ ਹੈ?’ ਪਰੰਤੂ ਜੰਟੀ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ ਉਹ ਸੋਚਣ ਲੱਗਾ ਕਿ ਉਹ ਕੀ ਜਵਾਬ ਦੇਵੇ ਉਹ ਹਰਜੋਤ ਵੱਲ ਝਾਕਿਆ ਤਾਂ ਇੱਕ ਨਰਮ ਜਿਹੀ ਬਾਂਹ ਨੇ ਉਹਨੂੰ ਕਲਾਵੇ ਵਿੱਚ ਲੈ ਲਿਆ ਤੇ ਇੱਕ ਜਨਾਨਾ ਬੋਲ Àੁੱਭਰਿਆ, ‘ਮੇਰੇ ਪੁੱਤ ਹੱਕਾਂ ਲਈ ਲੜਨਗੇ, ਹੋਰ ਕੀ ਪ੍ਰੋਗਰਾਮ ਹੋ ਸਕਦਾ?’ ਜੰਟੀ ਨੇ ਅਚੰਭੇ ਨਾਲ ਦੇਖਿਆ ਬੇਬੇ ਨੇ ਉਹਨੂੰ ਬਾਹਵਾਂ ਵਿੱਚ ਘੁੱਟਿਆ ਹੋਇਆ ਸੀ ਪਿੱਛੇ ਬਾਪੂ ਤੇ ਪਿੰਡ ਵਾਲਾ ਸੇਠਾਂ ਦਾ ਮੁੰਡਾ ਰਮੇਸ਼ ਮੁਸਕਰਾ ਰਹੇ ਸਨ ਮਾਂ ਦੇ ਕਲਾਵੇ ਵਿੱਚੋਂ ਹੀ ਉਹਦੇ ਮੂੰਹੋਂ ਸ਼ੇਰ ਦੀ ਗਰਜ ਵਾਂਗੂੰ ਨਿੱਕਲਿਆ, ਇਨਕਲਾਬ ਤੇ ਵਿਦਿਆਰਥੀਆਂ ਨੇ ਜਿੰਦਾਬਾਦ ਕਹਿ ਕੇ ਜੇਲ੍ਹ ਦੀਆਂ ਕੰਧਾਂ ਕੰਬਣ ਲਾ ਦਿੱਤੀਆਂ।
ਭੁਪਿੰਦਰ ਸਿੰਘ ਮਾਨ
ਮੌੜ ਮੰਡੀ
ਮੋ. 94170-81419

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ