ਠੰਢ ਨੇ ਰਾਹਗੀਰਾਂ ਸਣੇ ਦੁਕਾਨਦਾਰ ਨੂੰ ਵੀ ਕੀਤੇ ਸੁੰਨ (Weather Update Today)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕੜਾਕੇ ਦੀ ਪੈਰ ਰਹੀ ਠੰਢ ਨੇ ਮੰਗਲਵਾਰ ਨੂੰ ਵੀ ਪੰਜਾਬ ਵਾਸੀਆਂ ਨੂੰ ਕਾਂਬਾ ਚੜ੍ਹਾਈ ਰੱਖਿਆ ਸੀਤ ਲਹਿਰਾਂ ਕਾਰਨ ਜਿੱਥੇ ਲੋਕ ਸੜਕ ਕਿਨਾਰਿਆਂ ’ਤੇ ਧੂਣੀਆਂ ਸੇਕਦੇ ਦਿਖਾਈ ਦਿੱਤੇ ਉੱਥੇ ਹੀ ਦੁਕਾਨਦਾਰ ਵੀ ਆਪਣੀਆਂ ਦੁਕਾਨਾਂ ਅੰਦਰ ਹੀਟਰਾਂ ਦਾ ਨਿੱਘ ਮਾਣਦੇ ਨਜ਼ਰ ਆਏ। ਪਿੰਡਾਂ- ਸ਼ਹਿਰਾਂ ਦੀ ਬਜਾਇ ਮੈਦਾਨੀ ਇਲਾਕਿਆਂ ਵਿੱਚ ਥੋੜ੍ਹੀ ਧੁੰਦ ਪੂਰਾ ਦਿਨ ਛਾਈ ਰਹੀ।
ਨਵਾਂ ਸ਼ਹਿਰ ਰਿਹਾ ਪੰਜਾਬ ਦਾ ਸਭ ਤੋਂ ਠੰਢਾ ਜ਼ਿਲ੍ਹਾ, 0.4 ਡਿਗਰੀ ਤੱਕ ਪਹੁੰਚਿਆ ਤਾਪਮਾਨ
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਵੀ ਜ਼ਿਲ੍ਹਾ ਨਵਾਂਸ਼ਹਿਰ ਸੂਬੇ ਦਾ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ- ਘੱਟ ਤਾਪਮਾਨ 0.4 ਡਿਗਰੀ ਤੱਕ ਪਹੁੰਚ ਗਿਆ ਜਦੋਂਕਿ ਚੰਡੀਗੜ੍ਹ ਵਿੱਚ 2.7 ਡਿਗਰੀ, ਲੁਧਿਆਣਾ ਵਿੱਚ 3.3, ਬਠਿੰਡਾ ਵਿੱਚ 3.0, ਫਰੀਦਕੋਟ ਅਤੇ ਗੁਰਦਾਸਪੁਰ ਵਿੱਚ 3.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਸਵੇਰੇ ਜ਼ਿਆਦਾਤਰ ਥਾਵਾਂ ’ਤੇ ਛਾਈ ਸੰਘਣੀ ਧੁੰਦ ਮੀਂਹ ਵਾਂਗ ਡਿੱਗਦੀ ਰਹੀ, ਜਿਸ ਕਾਰਨ ਨੀਵੀਆਂ ਥਾਵਾਂ ’ਤੇ ਤਰੇਲ ਦਾ ਪਾਣੀ ਭਰਿਆ ਦਿਖਾਈ ਦਿੱਤਾ ਜੋ ਮੀਂਹ ਪਏ ਹੋਣ ਦਾ ਭੁਲੇਖਾ ਪਾ ਰਿਹਾ ਸੀ। (Weather Update Today)
ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਬਾਰੇ ਜਾਣੋ, ਜਿਨਾਂ ਨੇ ਸ਼ਰਾਬੀ ਹਾਥੀ ਨਾਲ ਲਈ ਸੀ ਟੱਕਰ
ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮੁਤਾਬਕ ਅਗਲੇ 4-5 ਦਿਨ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਮੌਸਮ ਖੁਸ਼ਕ ਰਹੇਗਾ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਵੀ ਕੋਈ ਬਹੁਤੀ ਤਬਦੀਲੀ ਨਹੀਂ ਹੋਵੇਗੀ ਪੰਜਾਬ ਅਤੇ ਹਰਿਆਣਾ ਵਿੱਚ 16 ਅਤੇ 17 ਜਨਵਰੀ ਨੂੰ ਕੁੱਝ ਥਾਵਾਂ ’ਤੇ ਸੰਘਣੀ ਧੁੰਦ ਛਾਏ ਰਹਿਣ ਦੀ ਸੰਭਾਵਨਾ ਹੈ ਵਿਗਿਆਨੀਆਂ ਦੁਆਰਾ ਅਗਲੇ ਕੁਝ ਦਿਨਾਂ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਸੀਤ ਲਹਿਰ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਉਕਤ ਤੋਂ ਇਲਾਵਾ ਟ੍ਰਾਈਸਿਟੀ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ’ਚ 17 ਜਨਵਰੀ ਤੋਂ 21 ਜਨਵਰੀ ਤੱਕ ਵੱਧ ਤੋਂ ਵੱਧ 18 ਡਿਗਰੀ ਸੈਲਸੀਅਸ ਤਾਪਮਾਨ ਅਤੇ ਘੱਟ ਤੋਂ ਘੱਟ 3 ਤੋਂ 4 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦਾ ਸੰਕੇਤ ਦਿੱਤਾ ਗਿਆ ਹੈ। (Weather Update Today)