ਮਹਿਲਾਂ ਦੀ ਮਹਾਰਾਣੀ ਪਰਨੀਤ ਕੌਰ ਨਹੀਂ ਛੱਡ ਰਹੀ ਸਰਕਾਰੀ ਫਲੈਟ

Parneet Kaur

ਸਾਬਕਾ ਵਿਧਾਇਕ ਪਰਨੀਤ ਕੌਰ ਸਣੇ 10 ਵਿਧਾਇਕ ਕਰੀ ਬੈਠੇ ਹਨ ਫਲੈਟ ‘ਤੇ ਕਬਜ਼ਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ (Maharani Parneet Kaur ) ਪੰਜਾਬ ਵਿਧਾਨ ਸਭਾ ਵੱਲੋਂ ਚੰਡੀਗੜ੍ਹ ਵਿਖੇ ਅਲਾਟ ਹੋਏ ਫਲੈਟ ਦਾ ਕਬਜ਼ਾ ਹੀ ਨਹੀਂ ਛੱਡ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਇੱਕ ਜਾਂ ਫਿਰ ਦੋ ਨਹੀਂ ਸਗੋਂ 3-3 ਨੋਟਿਸ ਜਾਰੀ ਹੋ ਚੁੱਕੇ ਹਨ। ਇਨ੍ਹਾਂ 3 ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਪਰਨੀਤ ਕੌਰ ਨੇ ਸਰਕਾਰੀ ਫਲੈਟ ਦਾ ਕਬਜ਼ਾ ਨਹੀਂ ਛੱਡਣ ਦੇ ਕਾਰਨ ਹੁਣ ਪੰਜਾਬ ਵਿਧਾਨ ਸਭਾ ਜਲਦ ਹੀ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਅਦਾਲਤ ਜਾਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਪਰਨੀਤ ਕੌਰ ਤੋਂ ਫਲੈਟ ਖ਼ਾਲੀ ਕਰਵਾਇਆ ਜਾ ਸਕੇ।

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਬਨਣ ਤੋਂ ਬਾਅਦ ਅਮਰਿੰਦਰ ਸਿੰਘ ਕੋਲ ਚੰਡੀਗੜ੍ਹ ਵਿਖੇ 2 ਸਰਕਾਰੀ ਆਲੀਸ਼ਾਨ ਕੋਠੀਆਂ ਹੋਣ ਦੇ ਨਾਲ ਹੀ ਆਪਣੀ ਇੱਕ ਪ੍ਰਾਈਵੇਟ ਕੋਠੀ ਵੀ ਹੈ ਪਰ ਫਿਰ ਵੀ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਸਰਕਾਰੀ ਫਲੈਟ ਦਾ ਕਬਜ਼ਾ ਨਹੀਂ ਛੱਡ ਰਹੇ ਹਨ। ਇਹ ਹਾਲ ਪਰਨੀਤ ਕੌਰ ਦੇ ਨਾਲ ਹੀ 10 ਹੋਰ ਵਿਧਾਇਕਾਂ ਦੇ ਵੀ ਹਨ, ਜਿਨ੍ਹਾਂ ਨੂੰ ਵਾਰ ਵਾਰ ਨੋਟਿਸ ਭੇਜਣ ਤੋਂ ਬਾਅਦ ਵੀ ਉਹ ਸਰਕਾਰੀ ਫਲੈਟ ਖ਼ਾਲੀ ਕਰਨ ਤੋਂ ਆਣਾ ਕਾਣੀ ਕਰ ਰਹੇ ਹਨ।

ਪੰਜਾਬ ਵਿਧਾਨ ਸਭਾ ਦੇ ਕਾਗਜ਼ਾਂ ਵਿੱਚ ਪਰਨੀਤ ਕੌਰ ਡਿਫਾਲਟਰ, ਵਿਧਾਨ ਸਭਾ ਕਰੇਗੀ ਅਦਾਲਤ ‘ਚ ਕੇਸ

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਜਿੱਤ ਪ੍ਰਾਪਤ ਕਰਕੇ ਆਉਣ ਵਾਲੇ ਹਰ ਵਿਧਾਇਕ ਨੂੰ ਵਿਧਾਨ ਸਭਾ ਵੱਲੋਂ ਤਿਆਰ ਕਰਵਾਏ ਗਏ ਫਲੈਟ ਕਿਰਾਏ ‘ਤੇ ਦਿੱਤਾ ਜਾਂਦਾ ਹੈ ਅਤੇ ਹਰ ਵਿਧਾਇਕ ਸਿਰਫ਼ ਵਿਧਾਇਕ ਰਹਿੰਦੇ ਹੋਏ ਹੀ ਇਸ ਫਲੈਟ ਵਿੱਚ ਰਹਿ ਸਕਦਾ ਹੈ, ਜਦੋਂ ਕਿ ਦੁਬਾਰਾ ਤੋਂ ਚੋਣ ਨਾ ਲੜਨ ਜਾਂ ਫਿਰ ਚੋਣ ਵਿੱਚ ਹਾਰ ਹੋਣ ਦਾ ਨਤੀਜਾ ਆਉਣ ਤੋਂ ਤੁਰੰਤ ਬਾਅਦ ਫਲੈਟ ਵਿੱਚ ਰਹਿ ਰਹੇ ਵਿਧਾਇਕ ਨੂੰ ਵਿਧਾਨ ਸਭਾ ਵੱਲੋਂ ਨੋਟਿਸ ਜਾਰੀ ਕਰਦੇ ਹੋਏ ਫਲੈਟ ਖ਼ਾਲੀ ਕਰਨ ਲਈ ਕਹਿ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਚੰਡੀਗੜ੍ਹ ਵਿਖੇ 2-2 ਕੋਠੀਆਂ ਫਿਰ ਵੀ ਪਰਨੀਤ ਕੌਰ ਨੇ ਨਹੀਂ ਛੱਡਿਆ ਫਲੈਟ

ਪਟਿਆਲਾ ਤੋਂ ਵਿਧਾਇਕ ਰਹੀ ਪਰਨੀਤ ਕੌਰ ਨੇ ਇਸ ਵਾਰ ਚੋਣਾਂ ਵਿੱਚ ਹਿੱਸਾ ਨਹੀਂ ਲਿਆ, ਜਿਸ ਕਾਰਨ ਪਰਨੀਤ ਕੌਰ ਨੂੰ ਚੋਣ ਨਤੀਜੇ ਆਉਣ ਤੋਂ ਤੁਰੰਤ ਬਾਅਦ ਹੀ ਪਹਿਲਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਤਾਂ ਕਿ ਉਨ੍ਹਾਂ ਤੋਂ ਫਲੈਟ ਖ਼ਾਲੀ ਕਰਵਾਉਂਦੇ ਹੋਏ ਹੋਰ ਵਿਧਾਇਕ ਨੂੰ ਫਲੈਟ ਦਿੱਤਾ ਜਾ ਸਕੇ। ਪਰਨੀਤ ਕੌਰ ਵੱਲੋਂ ਪਹਿਲੇ ਨੋਟਿਸ ਦਾ ਜੁਆਬ ਨਾ ਦੇਣ ਅਤੇ ਫਲੈਟ ਖਾਲੀ ਨਾ ਕਰਨ ‘ਤੇ ਵਿਧਾਨ ਸਭਾ ਵੱਲੋਂ ਫਿਰ ਤੋਂ ਦੂਜਾ ਨੋਟਿਸ ਜਾਰੀ ਕੀਤਾ ਗਿਆ, ਜਿਸ ਵਿੱਚ ਨਿਯਮਾਂ ਅਨੁਸਾਰ ਫਲੈਟ ਖਾਲੀ ਕਰਨ ਲਈ ਕਿਹਾ ਗਿਆ ਸੀ ਪਰ ਦੂਜੇ ਨੋਟਿਸ ‘ਤੇ ਵੀ ਪਰਨੀਤ ਕੌਰ ਵੱਲੋਂ ਫਲੈਟ ਖਾਲੀ ਨਹੀਂ ਕੀਤਾ ਗਿਆ।

ਜਿਸ ਤੋਂ ਬਾਅਦ ਨਿਯਮਾਂ ਅਨੁਸਾਰ ਆਖਰੀ ਅਤੇ ਤੀਜਾ ਨੋਟਿਸ ਪਰਨੀਤ ਕੌਰ ਨੂੰ ਬੀਤੇ ਦਿਨੀਂ ਜਾਰੀ ਕਰ ਦਿੱਤਾ ਗਿਆ ਪਰ ਇਸ ਤੀਜੇ ਨੋਟਿਸ ਦਾ ਵੀ ਪਰਨੀਤ ਕੌਰ ਵੱਲੋਂ ਨਾ ਹੀ ਜੁਆਬ ਦਿੱਤਾ ਗਿਆ ਹੈ ਅਤੇ ਨਾ ਹੀ ਫਲੈਟ ਖ਼ਾਲੀ ਕੀਤਾ ਗਿਆ ਹੈ। ਜਿਸ ਕਾਰਨ ਹੁਣ ਪੰਜਾਬ ਵਿਧਾਨ ਸਭਾ ਦੇ ਅਧਿਕਾਰੀ ਨਿਯਮਾਂ ਅਨੁਸਾਰ ਅਦਾਲਤੀ ਰਸਤਾ ਜਲਦ ਹੀ ਅਪਨਾਉਣ ਦੀ ਗਲ ਕਹਿ ਰਹੇ ਹਨ ਤਾਂ ਕਿ ਪਰਨੀਤ ਕੌਰ ਤੋਂ ਫਲੈਟ ਖ਼ਾਲੀ ਕਰਵਾਇਆ ਜਾ ਸਕੇ।

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦੇ ਨਾਲ ਹੀ 9 ਹੋਰ ਵਿਧਾਇਕ ਹਨ, ਜਿਨ੍ਹਾਂ ਨੂੰ ਫਲੈਟ ਖ਼ਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਪਰ ਉਨ੍ਹਾਂ ਵੱਲੋਂ ਵੀ ਫਲੈਟ ਖ਼ਾਲੀ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਿਸ ਕਾਰਨ ਹੁਣ ਉਨ੍ਹਾਂ ਖ਼ਿਲਾਫ਼ ਵੀ ਅਦਾਲਤੀ ਕਾਰਵਾਈ ਕਰਨ ਸਬੰਧੀ ਅਗਲੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ