ਮੁੰਬਈ ’ਚ ਦੇਸ਼ ਦਾ ਸਭ ਤੋਂ ਲੰਮਾ ਸਮੁੰਦਰੀ ਪੁਲ ਅਟਲ ਸੇਤੂ (Atal Setu Bridge) ਲੋਕਾਂ ਲਈ ਖੁੱਲ੍ਹ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪੁਲ ਦਾ ਉਦਘਾਟਨ ਕਰ ਦਿੱਤਾ ਹੈ। ਪੁਲ ਦੀ ਲੰਬਾਈ ਤੇ ਮਜ਼ਬੂਤੀ ਭਾਰਤੀ ਇੰਜੀਨੀਅਰਿੰਗ ਦੀ ਸਮਰੱਥਾ ਤੇ ਵਿਕਾਸ ਲਈ ਦ੍ਰਿੜ੍ਹਤਾ ਦਾ ਸਬੂਤ ਹੈ। ਭਾਰਤੀ ਇੰਜੀਨੀਅਰਾਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਇਸ ਵੱਡੇ ਪ੍ਰਾਜੈਕਟ ਨੂੰ ਸਿਰੇ ਲਾਇਆ ਹੈ। ਇਹ ਪੁਲ ਭੂਚਾਲ ਨੂੰ ਵੀ ਸਹਿਣ ਦੇ ਸਮਰੱਥ ਹੈ। ਕਦੇ ਹਾਵੜਾ ਬ੍ਰਿਜ ਨੂੰ ਵੇਖ ਕੇ ਹਰ ਕੋਈ ਵਾਹ-ਵਾਹ ਕਰ ਉੱਠਦਾ ਸੀ ਹੁਣ ਅਟਲ ਸੇਤੂ ਜਿਹੇ ਪੁਲ ਦੇਸ਼ ਦੇ ਵਿਕਾਸ ਦੀ ਨਵੀਂ ਇਬਾਰਤ ਲਿਖ ਰਹੇ ਹਨ।
ਇਸ ਪੁਲ ਦੀ ਲੰਬਾਈ ਕਰੀਬ 22 ਕਿਲੋਮੀਟਰ ਹੈ ਤੇ ਇਹ ਛੇ ਮਾਰਗੀ ਹੈ। ਪੁਲ ਦੀ ਸਮੁੰਦਰ ਦੇ ਅੰਦਰ ਲੰਬਾਈ ਸਾਢੇ ਸੋਲ੍ਹਾਂ ਕਿਲੋਮੀਟਰ ਹੈ। ਬਿਨਾਂ ਸ਼ੱਕ ਅਜਿਹੇ ਪ੍ਰਾਜੈਕਟ ਦੇਸ਼ ਦੀ ਸ਼ਾਨ ਹਨ ਜਿਸ ਨਾਲ ਮਹਾਂਨਗਰ ਦੀ ਜਿੱਥੇ ਆਵਾਜਾਈ ਸੁਖਾਲੀ ਹੋਵੇਗੀ, ਉੱਥੇ ਸਮੇਂ ਦੀ ਵੀ ਬੱਚਤ ਹੋਵੇਗੀ। ਇਸ ਨਾਲ ਪ੍ਰਦੂਸ਼ਣ ਵੀ ਘਟੇਗਾ। ਵਿਕਾਸ ਲਈ ਰਫ਼ਤਾਰ ਜ਼ਰੂਰੀ ਹੈ। ਤਕਨੀਕ ਦੀ ਖਾਸ ਗੱਲ ਇਹ ਹੈ ਕਿ ਸਮੁੰਦਰੀ ਪੰਛੀਆਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ।
Also Read : Lohri : ਜਾਣੋ ਕਦੋਂ ਹੈ ਲੋਹੜੀ ਅਤੇ ਕਿਉਂ ਮਨਾਇਆ ਜਾਂਦਾ ਹੈ ਇਹ ਤਿਉਹਾਰ ?
ਉਂਜ ਵੀ ਦੇਸ਼ ਅੰਦਰ ਚਾਰ ਮਾਰਗੀ ਸੜਕਾਂ ਦਾ ਜਾਲ ਵਿਛ ਰਿਹਾ ਹੈ। ਜ਼ਰੂਰਤ ਹੈ ਹੁਣ ਪੇਂਡੂ ਖੇਤਰ ਅੰਦਰ ਵੀ ਆਵਾਜਾਈ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ। ਦੂਰ-ਦੁਰਾਡੇ ਦੇ ਖੇਤਰ ਦੀਆਂ ਨਜ਼ਰਅੰਦਾਜ਼ ਪਈਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ। ਅਟਲ ਸੇਤੂ ਦੀ ਕਾਮਯਾਬੀ ਨਾਲ ਇਹ ਤਾਂ ਸਾਬਤ ਹੁੰਦਾ ਹੈ ਕਿ ਜੇਕਰ 21ਵੀਂ ਸਦੀ ਦੇ ਆਪਣੇ ਟੀਚਿਆਂ ਦੀ ਪੂਰਤੀ ਲਈ ਪੂਰੀ ਦ੍ਰਿੜਤਾ ਨਾਲ ਕਦਮ ਚੁੱਕੇ ਜਾਣ ਤਾਂ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।