ਹੁਣ ਸਿਹਤ ਵਿਭਾਗ ਦੇ ਮੁਲਾਜ਼ਮ ਨਹੀਂ ਦੇਣਗੇ ਆਪਣੀਆਂ ਸੇਵਾਵਾਂ, ਕੇਂਦਰ ਨੂੰ ਝਟਕਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਦੀ ਅਹਿਮ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ’ਤੇ ਪੰਜਾਬ ਵਿੱਚ ਅਣਐਲਾਨੀ ‘ਪਾਬੰਦੀ’ ਲਾ ਦਿੱਤੀ ਹੈ। ਹੁਣ ਬਾਅਦ ਪੰਜਾਬ ਦੇ ਕਿਸੇ ਵੀ ਸ਼ਹਿਰ ਜਾਂ ਫਿਰ ਪਿੰਡ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ (Bharat Sankalp Yatra) ਦਿਖਾਈ ਨਹੀਂ ਦੇਵੇਗੀ। ਜਿਸ ਨਾਲ ਕੇਂਦਰ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸਕੀਮਾਂ ਦਾ ਪ੍ਰਚਾਰ ਕਰਨ ਦੇ ਨਾਲ ਹੀ ਸਿਹਤ ਸੇਵਾਵਾਂ ਨੂੰ ਦੇਣ ਵਾਲੀ ਇਹ ਅਹਿਮ ਵੈਨ ਨੂੰ ਹੁਣ ਤੋਂ ਬਾਅਦ ਪੰਜਾਬ ਵਿੱਚ ਚਲਾਉਣ ਤੋਂ ਸਿਹਤ ਵਿਭਾਗ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਹੈ। ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਅਭਿਨਵ ਤ੍ਰਿਖਾ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਿਛਲੇ ਸਾਲ 19 ਨਵੰਬਰ ਨੂੰ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਜਾਰੀ ਪੱਤਰ ਨੂੰ ਵਾਪਸ ਲੈ ਲਿਆ ਗਿਆ ਹੈ, ਇਸ ਸਬੰਧੀ ਇਸ ਤੋਂ ਜ਼ਿਆਦਾ ਜਾਣਕਾਰੀ ਉਹ ਨਹੀਂ ਦੇ ਸਕਦੇ । ਇੱਥੇ ਇਹ ਦੱਸਣਾ ਜਰੂਰੀ ਹੈ ਕਿ ਜਿਹੜੇ 19 ਨਵੰਬਰ ਦੇ ਪੱਤਰ ਨੂੰ ਵਾਪਸ ਲਿਆ ਗਿਆ ਹੈ, ਉਸ ਰਾਹੀ ਹੀ ਪੰਜਾਬ ਦੇ ਸਾਰੇ ਸਿਵਲ ਸਰਜਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਪੱਤਰ ਦੇ ਵਾਪਸੀ ਹੋਣ ਦੇ ਨਾਲ ਹੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਲੱਗੀਆਂ ਡਿਊਟੀਆਂ ਵੀ ਆਪਣੇ ਆਪ ਵਾਪਸ ਹੋ ਗਈਆਂ ਹਨ।
Also Read : ‘ਰੰਗਲਾ ਪੰਜਾਬ’ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਕ ਵੈਨ ਤਿਆਰ ਕੀਤੀ ਗਈ ਹੈ, ਜਿਸ ਵਿੱਚ ਐੱਲਈਡੀ ਲਗਾ ਕੇ ਕੇਂਦਰ ਸਰਕਾਰ ਦੀ ਜਿਥੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਕੇਂਦਰ ਦੀ ਭਾਜਪਾ ਸਰਕਾਰ ਦਾ ਪ੍ਰਚਾਰ ਵੀ ਹੋ ਰਿਹਾ ਸੀ। ਇਸ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਵੈਨ ਨੂੰ ਨੈਸ਼ਨਲ ਹੈਲਥ ਮਿਸ਼ਨ ਰਾਹੀਂ ਚਲਾਇਆ ਜਾ ਰਿਹਾ ਸੀ ਅਤੇ ਇਸ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਵੈਨ ਨਾਲ ਪੰਜਾਬ ਦੇ ਸਿਹਤ ਕਰਮਚਾਰੀ ਪਿੰਡ-ਪਿੰਡ ਅਤੇ ਸ਼ਹਿਰਾਂ ਵਿੱਚ ਘੁੰਮਦੇ ਹੋਏ ਕੁਝ ਟੈਸਟ ਕਰਨ ਦੇ ਨਾਲ ਹੀ ਮੁਫ਼ਤ ਸਿਹਤ ਬੀਮਾ ਕਾਰਡ ਵੀ ਬਣਾ ਰਹੇ ਸਨ। ਪਿੰਡਾਂ ਵਿੱਚ ਸਿਹਤ ਬੀਮਾ ਕਾਰਡ ਬਣਾਉਣ ਦੇ ਨਾਲ ਹੀ ਸਿਹਤ ਚੈਕਅੱਪ ਕੈਂਪ ਦੇ ਨਾਲ ਨਾਲ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦਾ ਪ੍ਰਚਾਰ ਵੀ ਹੋ ਰਿਹਾ ਸੀ। ਪੰਜਾਬ ਦੇ ਸਿਹਤ ਕਰਮਚਾਰੀਆਂ ਦੀ ਡਿਊਟੀ ਨੈਸ਼ਨਲ ਹੈਲਥ ਮਿਸ਼ਨ ਤਹਿਤ ਸੂਬਾ ਡਾਇਰੈਕਟਰ ਵਲੋਂ 19 ਨਵੰਬਰ ਨੂੰ ਪੱਤਰ ਜਾਰੀ ਕਰਦੇ ਹੋਏ ਲਗਾਈਆਂ ਗਈਆਂ ਸਨ।
ਹੁਣ ਪੰਜਾਬ ਵਿੱਚ ਚੱਲ ਰਹੀ ਇਹ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਪੰਜਾਬ ਦੇ ਸਿਹਤ ਵਿਭਾਗ ਨੂੰ ਪਸੰਦ ਨਹੀਂ ਆ ਰਹੀ ਸੀ, ਜਿਸ ਕਾਰਨ ਹੀ ਮੰਗਲਵਾਰ ਨੂੰ ਬਿਨਾਂ ਕਿਸੇ ਕਾਰਨ ਦੱਸੇ 19 ਨਵੰਬਰ ਵਾਲੇ ਪੱਤਰ ਨੂੰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਵੱਲੋਂ ਵਾਪਸ ਲੈ ਲਿਆ ਗਿਆ ਹੈ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਪੰਜਾਬ ਭਰ ਵਿੱਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੇ ਬੈਨ ਲੱਗਣ ਦੀ ਸੰਭਾਵਨਾ ਪੈਦਾ ਹੋ ਗਈ ਹੈ, ਕਿਉਂਕਿ ਹੁਣ ਤੋਂ ਬਾਅਦ ਕੋਈ ਵੀ ਸਿਹਤ ਕਰਮਚਾਰੀ ਇਸ ਵਿੱਚ ਡਿਊਟੀ ਨਹੀਂ ਦੇਵੇਗਾ।
ਪਿਛਲਾ ਪੱਤਰ ਵਾਪਸ ਲਿਆ, ਤੁਸੀਂ ਜੋ ਮਰਜ਼ੀ ਮਤਲਬ ਕੱਢ ਸਕਦੇ ਹੋ : ਅਨਿਭਵ ਤ੍ਰਿਖਾ
ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਅਨਿਭਵ ਤ੍ਰਿਖਾ ਨੇ ਪੁਸ਼ਟੀ ਕੀਤੀ ਕਿ ਜਿਹੜਾ ਪੱਤਰ 19 ਨਵੰਬਰ 2023 ਨੂੰ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਸਬੰਧੀ ਜਾਰੀ ਕੀਤਾ ਗਿਆ ਸੀ, ਉਸ ਪੱਤਰ ਨੂੰ ਵਾਪਸ ਲੈਣ ਸਬੰਧੀ ਤਾਜ਼ਾ ਆਦੇਸ਼ ਜਾਰੀ ਕੀਤੇ ਗਏ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਕੀ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ’ਤੇ ਪਾਬੰਦੀ ਲਾਈ ਗਈ ਹੈ ? ਉਨ੍ਹਾਂ ਕਿਹਾ ਕਿ ਅਸੀਂ ਪਿਛਲਾ ਪੱਤਰ ਵਾਪਸ ਲਿਆ ਹੈ, ਇਸ ਸਬੰਧੀ ਤੁਸੀਂ ਕੁਝ ਵੀ ਮਤਲਬ ਕੱਢ ਸਕਦੇ ਹੋ ਪਰ ਉਹ ਇਸ ਤੋਂ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਹਨ।