ਐੱਸਐੱਚਓ ਤੋਂ ਮਸਲਾ ਹੱਲ ਕਰਨ ਜਾਂ ਧਰਨਾ ਲਾਉਣ ਦੀ ਇਜਾਜ਼ਤ ਮੰਗੀ
- ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ ‘ਚ ਖਾਲੀ ਹਨ ਅਧਿਆਪਕਾਂ ਦੀਆਂ ਅਸਾਮੀਆਂ
ਸੰਗਰੂਰ, (ਗੁਰਪ੍ਰੀਤ ਸਿੰਘ) । ਪੰਜਾਬ ਵਿੱਚ ਸਿੱਖਿਆ ਦਾ ਮਿਆਰ ਨਿੱਤ ਦਿਨ ਡਿੱਗ ਰਿਹਾ ਹੈ ਇਸ ਦੀ ਇੱਕ ਹੋਰ ਉਦਾਹਰਨ ਉਦੋਂ ਸਾਹਮਣੇ ਆਈ ਜਦੋਂ ਸੰਗਰੂਰ ਦੇ ਸਰਕਾਰੀ ਰਾਜ ਸੀਨੀਅਰ ਸੈਕੰਡਰੀ ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀ ਆਪਣੇ ਸਕੂਲ ‘ਚ ਅਧਿਆਪਕਾਂ ਦੀ ਘਾਟ ਅਤੇ ਆਪਣੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਤੋਂ ਦੁਖੀ ਹੁੰਦਿਆਂ ਆਪਣੀ ਫਰਿਆਦ ਲੈ ਕੇ ਪੁਲਿਸ ਥਾਣਾ ਸਿਟੀ ਵਿਖੇ ਪਹੁੰਚ ਗਏ। ਪੁਲਿਸ ਥਾਣੇ ਪੁੱਜੇ ਵਿਦਿਆਰਥੀਆਂ ਨੇ ਥਾਣਾ ਸਿਟੀ ਸੰਗਰੂਰ ਦੇ ਇੰਚਾਰਜ ਦੀਪਇੰਦਰ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ।
ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ ਅਧਿਆਪਕਾਂ ਦੀ ਘਾਟ ਕਾਰਨ ਸਕੂਲ ਦੇ ਹਰ ਸਾਲ ਨਿੱਕਲਣ ਵਾਲੇ ਨਤੀਜੇ ਪ੍ਰਭਾਵਿਤ ਹੋ ਰਹੇ ਹਨ ਦੁਖੀ ਵਿਦਿਆਰਥੀਆਂ ਨੇ ਥਾਣਾ ਇੰਚਾਰਜ ਤੋਂ ਉਨ੍ਹਾਂ ਦਾ ਮਸਲਾ ਹੱਲ ਕਰਨ ਜਾਂ ਉਨ੍ਹਾਂ ਨੂੰ ਧਰਨਾ ਲਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਲਈ ਆਪਣੇ ਪੱਧਰ ‘ਤੇ ਯਤਨ ਕੀਤੇ ਪਰ ਕੋਈ ਹੱਲ ਨਹੀਂ ਹੋਇਆ । ਹਰ ਵਾਰ ਉਨ੍ਹਾਂ ਦੀ ਗੱਲ ‘ਤੇ ਕੋਈ ਅਸਰ ਨਹੀਂ ਹੋ ਰਿਹਾ, ਜਿਸ ਕਾਰਨ ਦੁਖੀ ਹੋ ਕੇ ਉਨ੍ਹਾਂ ਆਪਣੀ ਫਰਿਆਦ ਪੁਲਿਸ ਰਾਹੀਂ ਸਿੱਖਿਆ ਅਫ਼ਸਰਾਂ ਦੇ ਧਿਆਨ ‘ਚ ਲਿਆਂਦੀ ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਮਜ਼ਬੂਰਨ ਸਾਰੇ ਵਿਦਿਆਰਥੀ ਪੱਕਾ ਧਰਨਾ ਲਾ ਕੇ ਬੈਠ ਜਾਣਗੇ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਆਰ. ਕੇ. ਸਿੰਗਲਾ ਨੇ ਦੱਸਿਆ ਕਿ ਸਕੂਲ ਵਿੱਚ ਟੀਚਰਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ ਉਨ੍ਹਾਂ ਨੇ ਆਪਣੇ ਪੱਧਰ ‘ਤੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਵੀ ਭੇਜਿਆ ਹੋਇਆ ਹੈ।
ਐੱਸਐੱਚਓ ਨੇ ਡੀਈਓ ਦੇ ਧਿਆਨ ‘ਚ ਲਿਆਂਦਾ ਮਾਮਲਾ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਕਾਫ਼ੀ ਰੋਸ ‘ਚ ਸਨ ਉਨ੍ਹਾਂ ਠਰੰਮੇ ਨਾਲ ਵਿਦਿਆਰਥੀਆਂ ਦੀ ਗੱਲਬਾਤ ਸੁਣੀ ਤੇ ਇਹ ਮਾਮਲਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਾ. ਇੰਦੂ ਦੇ ਧਿਆਨ ‘ਚ ਲਿਆਂਦਾ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੱਚਿਆਂ ਨੂੰ ਭਰੋਸਾ ਦਿਵਾਇਆ ਕਿ ਬਹੁਤ ਛੇਤੀ ਸਕੂਲ ‘ਚ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ।