ਮੁਢਲੀ ਜਾਂਚ ਮੁਤਾਬਕ ਡਵਾਇਡਰ ਨਾਲ ਟੱਚ ਹੋਣਾ ਤੇਲ ਟੈਂਕਰ ਨੂੰ ਅੱਗ ਲੱਗਣ ਦਾ ਕਾਰਨ ਬਣਿਆ : ਕੌਂਡਲ | Oil Tanker
ਖੰਨਾ/ ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੁੱਧਵਾਰ ਦੁਪਿਹਰ ਵੇਲੇ ਖੰਨਾ ਬੱਸ ਸਟੈਂਡ ਨੇੜੇ ਹਾਈਵੇ ‘ਤੇ ਇੱਕ ਤੇਲ ਟੈਂਕਰ ਨੂੰ ਅਚਾਨਕ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਗਈ। ਅੱਗ ਦੀਆਂ ਲਪਟਾਂ ਅਸਮਾਨ ਛੁਹਣ ਲੱਗੀਆਂ। ਜਿਸ ਕਾਰਨ ਹਾਈਵੇ ‘ਤੇ ਦੂਰ ਤੱਕ ਜਾਮ ਲੱਗ ਗਿਆ ਤੇ ਇਲਾਕੇ ਦੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ । ਸੂਚਨਾ ਮਿਲਦਿਆਂ ਹੀ ਫਾਇਰ ਬਿਡ ਤੇ ਐਂਬੂਲੈਂਸ ਦੀਆਂ ਗੱਡੀਆਂ ਸਮੇਤ ਪੁਲਿਸ ਪ੍ਰਸ਼ਾਸਨ ਵੀ ਘਟਨਾ ਸਥਾਨ ‘ਤੇ ਪੁੱਜ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਕਿਉਂਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਡਰਾਇਵਰ ਤੇ ਉਸਦਾ ਸਹਾਇਕ ਟੈਂਕਰ ਨੂੰ ਛੱਡ ਬਾਹਰ ਨਿਕਲ ਆਏ ਤੇ ਕੁੱਝ ਸਕਿੰਟਾਂ ‘ਚ ਅੱਗ ਨੇ ਟੈਕਰ ਨੂੰ ਪੂਰੀ ਤਰ੍ਹਾਂ ਆਪਣੀ ਚਪੇਟ ‘ਚ ਲੈ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਫਾਇਰ ਬਿਗ੍ਰੇਡ ਸਮੇਤ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ। ਜਿਸ ਦੇ ਕੁੱਝ ਸਮੇਂ ਬਾਅਦ ਹੀ ਘਟਨਾ ਸਥਾਨ ‘ਤੇ ਫਾਇਰ ਬਿਗੇਡ ਦੀ ਗੱਡੀ ਵੀ ਪਹੁੰਚ ਗਈ। ਇਸੇ ਦੌਰਾਨ ਹੀ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ।
ਜਿੰਨਾਂ ਵੱਲੋਂ ਸਥਿਤੀ ਦੇ ਮੱਦੇਨਜ਼ਰ ਨੇੜਲੀਆਂ 4-5 ਫਾਇਰ ਬਿਗ੍ਰੇਡ ਗੱਡੀਆਂ ਨੂੰ ਵੀ ਮੌਕੇ ‘ਤੇ ਬੁਲਾ ਲਿਆ ਗਿਆ । ਜਿੰਨਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ । ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸਾਢੇ ਕੁ 12 ਵਜੇ ਦੇ ਕਰੀਬ ਇਸ ਘਟਨਾ ਦੀ ਸੂਚਨਾ ਮਿਲੀ ਸੀ । ਜਿਸ ਤੋਂ ਤੁਰੰਤ ਬਾਅਦ ਹੀ ਇਲਾਕੇ ਦੀਆ ਨੇੜਲੀਆਂ 4 ਤੋਂ 5 ਫਾਇਰ ਬਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਬੁਲਾ ਲਿਆ ਗਿਆ।
Also Read : ਪੰਜਾਬ ’ਚ ਸਕੂਲਾਂ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਜਾਰੀ ਹੋਏ ਨਵੇਂ ਹੁਕਮ
ਜਿੰਨਾਂ ਨੇ ਭਾਰੀ ਮੁਸ਼ੱਕਤ ਨਾਲ ਅੱਗ ਨੂੰ ਬੁਝਾਇਆ ਪਰ ਤਦ ਤੱਕ ਕੈਂਟਰ ਪੂਰੀ ਤਰ੍ਹਾਂ ਸੜ ਚੁੱਕਾ ਸੀ । ਉਨ੍ਹਾ ਦੱਸਿਆ ਕਿ ਟੈਂਕਰ ਡਰਾਇਵਰ ਤੇ ਉਸਦਾ ਸਹਾਇਕ ਸਹੀ ਸਲਾਮਤ ਹਨ। ਜਿੰਨਾਂ ‘ਚੋਂ ਇੱਕ ਦੇ ਹੱਥ ‘ਤੇ ਮਾਮੂਲੀ ਸੱਟਾਂ ਹਨ। ਫ਼ਿਰ ਵੀ ਦੋਵਾਂ ਨੂੰ ਲੋੜੀਂਦੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਖੰਨਾ ਭੇਜ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਢਲੀ ਜਾਣਕਾਰੀ ਮੁਤਾਬਕ ਤੇਲ ਟੈਂਕਰ ਡਵਾਇਡਰ ਨਾਲ ਟੱਚ ਹੋਇਆ ਹੈ, ਜਿਸ ਕਾਰਨ ਉਸ ਨੂੰ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਸਥਿਤੀ ਕੰਟਰੋਲ ‘ਚ ਹੈ। ਟੈਂਕਰ ‘ਚ ਕਿਹੜਾ ਪੈਟਰੋਲੀਅਮ ਪਦਾਰਥ ਸੀ, ਇਸ ਬਾਰੇ ਫਿਲਹਾਲ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਕਿਉਂਕਿ ਟੈਕਰ ਪੂਰੀ ਤਰ੍ਹਾਂ ਸਤ ਚੁੱਕਾ ਹੈ।