ਸਾਹ ਦੀ ਬਿਮਾਰੀ ’ਚ ਪੰਪ (ਇਨਹੇਲਰ) ਦੀ ਵਰਤੋਂ ਦਵਾਈਆਂ ਨਾਲੋਂ ਵੱਧ ਕਾਰਗਰ: ਡਾ. ਅਮਿਤ ਸਿੰਗਲਾ | Inhalers
- ਡਾ. ਅਮਿਤ ਸਿੰਗਲਾ ਨਾਲ ਵਿਸ਼ੇਸ਼ ਵਾਰਤਾਲਾਪ | Inhalers
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼)। ਇਨ੍ਹੀਂ ਦਿਨੀਂ ਛੋਟੇ ਬੱਚਿਆਂ ਵਿੱਚ ਖੰਘ-ਜ਼ੁਕਾਮ ਦੀਆਂ ਤਕਲੀਫ਼ਾਂ ਵਿੱਚ ਵੱਡੇ ਪੱਧਰ ’ਤੇ ਵਾਧਾ ਹੋ ਗਿਆ ਹੈ। ਬੱਚਿਆਂ ਨੂੰ ਵਾਰ-ਵਾਰ ਖੰਘ ਤੇ ਜ਼ੁਕਾਮ ਦੀ ਸ਼ਿਕਾਇਤ ਆਉਣ ਕਾਰਨ ਉਨ੍ਹਾਂ ਨੂੰ ਦਵਾਈਆਂ ਲੈਣੀਆਂ ਪੈ ਰਹੀਆਂ ਹਨ। ਕਈ ਕੇਸਾਂ ਵਿੱਚ ਬੱਚਿਆਂ ਦੀ ਛਾਤੀ ਜਾਮ ਹੋਣ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਦੇ ਕਾਰਨਾਂ ਤੇ ਇਲਾਜ ਬਾਰੇ ਜਾਣਨ ਲਈ ਸੰਗਰੂਰ ਦੇ ਮਸ਼ਹੂਰ ਡਾਕਟਰ ਅਮਿਤ ਸਿੰਗਲਾ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ ਗਈ।
ਸਵਾਲ: ਡਾਕਟਰ ਸਾਹਿਬ ਇਨ੍ਹੀਂ ਦਿਨੀਂ ਛੋਟੇ ਬੱਚਿਆਂ ਵਿੱਚ ਖੰਘ, ਜ਼ੁਕਾਮ ਤੇ ਛਾਤੀ ਜਾਮ ਹੋਣ ਦੀਆਂ ਸਮੱਸਿਆਵਾਂ ਵੱਡੇ ਪੱਧਰ ’ਤੇ ਵੇਖਣ ਨੂੰ ਮਿਲ ਰਹੀਆਂ ਹਨ, ਕੀ ਕਾਰਨ ਹੈ ਇਨ੍ਹਾਂ ਪਿੱਛੇ?
ਜਵਾਬ : ਠੰਢ ਦੇ ਵਧਣ ਕਾਰਨ ਅਕਸਰ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਬੱਚੇ ਨੂੰ ਖੰਘ, ਜ਼ੁਕਾਮ ਤੇ ਛਾਤੀ ਜਾਮ ਹੋਣਾ ਆਮ ਬਿਮਾਰੀਆਂ ਹਨ। ਖੰਘ ਜੇਕਰ ਵਾਰ-ਵਾਰ ਵੀ ਹੁੰਦੀ ਹੈ ਤਾਂ ਵੀ ਕੋਈ ਸਮੱਸਿਆ ਨਹੀਂ, 5 ਸਾਲ ਤੋਂ ਛੋਟੇ ਬੱਚਿਆਂ ਨੂੰ ਇਹ ਸ਼ਿਕਾਇਤ ਆਮ ਹੋ ਜਾਂਦੀ ਹੈ। ਇਸ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਕਾਰਨ ਬੱਚਿਆਂ ਨੂੰ ਬੋਤਲਾਂ ਵਾਲਾ ਦੁੱਧ ਪਿਲਾਉਣਾ ਹੈ, ਕਿਉਂਕਿ ਬੋਤਲ ਦੇ ਨਿੱਪਲ ਨੂੰ ਵਾਰ-ਵਾਰ ਮੂੰਹ ਲਾਉਣ ਨਾਲ ਬੈਕਟੀਰੀਆ ਪੈਦਾ ਹੁੰਦਾ ਹੈ ਜੋ ਬੱਚਿਆਂ ਨੂੰ ਬਿਮਾਰ ਕਰ ਦਿੰਦਾ ਹੈ। ਇਸ ਤੋਂ ਇਲਾਵਾ ਛੋਟੇ ਬੱਚੇ ਜਿਹੜੇ ਛੇਤੀ ਸਕੂਲ ਚਲੇ ਜਾਂਦੇ ਹਨ, ਉਨ੍ਹਾਂ ਨੂੰ ਵੀ ਦੂਜੇ ਬੱਚਿਆਂ ਤੋਂ ਲਾਗ ਹੋ ਸਕਦਾ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਦੂਜਿਆਂ ਤੋਂ ਇਨਫੈਕਸ਼ਨ ਬਹੁਤ ਛੇਤੀ ਹੁੰਦੀ ਹੈ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਬਾਹਰਲੀਆਂ ਚੀਜ਼ਾਂ ਖਾਣ ਕਾਰਨ ਵੀ ਇਹ ਸਮੱਸਿਆਵਾਂ ਹੋ ਜਾਂਦੀਆਂ ਹਨ।
ਸਵਾਲ: ਡਾਕਟਰ ਸਾਹਿਬ 5 ਸਾਲ ਤੱਕ ਬੱਚਿਆਂ ਨੂੰ ਖੰਘ ਜੇਕਰ ਵਾਰ-ਵਾਰ ਹੋ ਰਹੀ ਹੈ ਤਾਂ ਮਾਪੇ ਇਸ ਸਬੰਧੀ ਕੀ ਕਰਨ?
ਜਵਾਬ : ਮੈਂ ਪਹਿਲਾਂ ਵੀ ਦੱਸਿਆ ਹੈ ਕਿ 5 ਸਾਲ ਤੱਕ ਦੇ ਬੱਚੇ ਨੂੰ ਖੰਘ ਹੋਣਾ ਜਾਂ ਵਾਰ-ਵਾਰ ਖੰਘ ਹੋਣਾ ਆਮ ਗੱਲ ਹੈ ਪਰ ਜੇਕਰ ਉਸ ਨੂੰ ਵਾਰ-ਵਾਰ ਛਾਤੀ ਜਾਮ ਹੁੰਦੀ ਹੈ ਜਾਂ ਖੰਘ ਰਹਿੰਦੀ ਹੈ ਤਾਂ ਡਾਕਟਰ ਇਸ ਨੂੰ ਸਾਹ ਦੀ ਬਿਮਾਰੀ (ਅਸਥਮਾ) ਨਾਲ ਜੋੜ ਕੇ ਇਸ ਦੀ ਜਾਂਚ ਕਰਦੇ ਹਨ ਅਤੇ ਸਾਹ ਦੀ ਬਿਮਾਰੀ ਦਾ ਇਲਾਜ ਆਮ ਖੰਘ ਦੀ ਸਮੱਸਿਆ ਨਾਲੋਂ ਵੱਖਰਾ ਹੁੰਦਾ ਹੈ।
ਸਵਾਲ : ਜੇਕਰ ਅਸਥਮਾ ਪੀੜਤ ਬੱਚੇ ਨੂੰ ਡਾਕਟਰ ਪੰਪ (ਇਨਹੇਲਰ) ਲਾਉਂਦੇ ਹਨ ਤਾਂ ਮਾਪਿਆਂ ਨੂੰ ਡਰ ਹੋ ਜਾਂਦਾ ਹੈ ਕਿ ਬੱਚੇ ਨੂੰ ਸਾਰੀ ਉਮਰ ਪੰਪ ਹੀ ਲੈਣਾ ਪਵੇਗਾ?
ਜਵਾਬ: ਬਹੁਤ ਵਧੀਆ ਸਵਾਲ ਕੀਤਾ ਹੈ। ਅਸੀਂ ਜਦੋਂ ਸਾਹ ਤੋਂ ਪੀੜਤ ਬੱਚਿਆਂ ਨੂੰ ਪੰਪ (ਇਨਹੇਲਰ) ਵਰਤਣ ਦੀ ਸਲਾਹ ਦਿੰਦੇ ਹਾਂ, ਮਾਪੇ ਇੱਕਦਮ ਡਰ ਜਾਂਦੇ ਹਨ। ਜਦੋਂਕਿ ਇਸ ਵਿੱਚ ਡਰਨ ਵਾਲੀ ਕੋਈ ਵੀ ਗੱਲ ਨਹੀਂ। ਇਨਹੇਲਰ ਚਾਹੇ ਸਾਰੀ ਉਮਰ ਲਿਆ ਜਾਵੇ ਤਾਂ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੈ, ਬਲਕਿ ਹੋਰਨਾਂ ਦਵਾਈਆਂ ਨਾਲੋਂ ਠੀਕ ਹੈ। ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਨਹੇਲਰ ਲੈਣ ਦਾ ਰੱਤੀ ਭਰ ਵੀ ਕੋਈ ਨੁਕਸਾਨ ਨਹੀਂ।
‘ਸਾਰੀ ਉਮਰ ਹੀ ਪੰਪ ਦਾ ਸਹਾਰਾ ਲਿਆ ਜਾ ਸਕਦੈ’ | Inhalers
ਸਵਾਲ: ਡਾਕਟਰ ਸਾਹਿਬ ਪੰਪ (ਇਨਹੇਲਰ) ਲੈਣਾ ਕਿਵੇਂ ਸਹੀ ਹੈ, ਜ਼ਰਾ ਵਿਸਥਾਰ ਨਾਲ ਦੱਸੋ।
ਜਵਾਬ : ਜਦੋਂ ਡਾਕਟਰ ਵੱਲੋਂ ਅਸਥਮਾ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਨਾਲ ਦਵਾਈਆਂ ਤੇ ਪੰਪ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪੰਪ (ਇਨਹੇਲਰ) ਵਿੱਚ ਜਿਹੜੀ ਦਵਾਈ ਪਾਈ ਜਾਂਦੀ ਹੈ ਉਹ ਸਿੱਧੀ ਫੇਫੜਿਆਂ ਤੱਕ ਚਲੀ ਜਾਂਦੀ ਹੈ, ਸਾਹ ਤੋਂ ਪੀੜਤ ਬੱਚੇ ਨੂੰ ਫੌਰੀ ਤੌਰ ’ਤੇ ਫੇਫੜਿਆਂ ਤੱਕ ਦਵਾਈ ਭੇਜਣੀ ਲਾਜ਼ਮੀ ਹੁੰਦੀ ਹੈ। ਜੇਕਰ ਇਨਹੇਲਰ ਦੀ ਥਾਂ ਦਵਾਈ ਗੋਲੀਆਂ ਜਾਂ ਪੀਣ ਵਾਲੀ ਦਵਾਈ ਦੇ ਰੂਪ ਵਿੱਚ ਬੱਚੇ ਨੂੰ ਦਿੱਤੀ ਜਾਂਦੀ ਹੈ, ਪਹਿਲਾਂ ਉਹ ਪੇਟ ਵਿੱਚ ਜਾਂਦੀ ਹੈ, ਫਿਰ ਖੂਨ ਵਿੱਚ ਜਾਂਦੀ ਤੇ ਫਿਰ ਕਿਤੇ ਫੇਫੜਿਆਂ ਵਿੱਚ ਪਹੁੰਚਦੀ ਹੈ ਜਿਸ ਕਾਰਨ ਉਸ ਦੇ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ ਜਦੋਂਕਿ ਇਨਹੇਲਰ ਨਾਲ ਸੌ ਫੀਸਦੀ ਦਵਾਈ ਫੇਫੜਿਆਂ ਤੱਕ ਪਹੁੰਚਦੀ ਹੈ ਜਿਸ ਕਾਰਨ ਸਰੀਰ ਦੇ ਬਾਕੀ ਅੰਗਾਂ ’ਤੇ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ।
Also Read : ਜ਼ਮੀਰ ਨੂੰ ਜਾਗਦਾ ਰੱਖ ਬਣਾਓ ਆਪਣਾ ਰਾਹ-ਦਸੇਰਾ
ਸਵਾਲ : ਇਨਹੇਲਰ ਸਾਰੀ ਉਮਰ ਤੱਕ ਵੀ ਲਿਆ ਜਾ ਸਕਦਾ ਹੈ?
ਜਵਾਬ: ਵੈਸੇ ਇਨਹੇਲਰ ਕੁਝ ਸਮਾਂ ਵਰਤਣ ਤੋਂ ਬਾਅਦ ਅਸਥਮਾ ’ਤੇ ਕਾਬੂ ਪਾਇਆ ਜਾ ਸਕਦਾ ਹੈ। ਜੇਕਰ ਕਿਸੇ ਨੂੰ ਸਾਰੀ ਉਮਰ ਹੀ ਪੰਪ ਦਾ ਸਹਾਰਾ ਲੈਣਾ ਪਵੇ ਤਾਂ ਇਸ ਵਿੱਚ ਕੋਈ ਨੁਕਸਾਨ ਨਹੀਂ। ਇਸ ਦਾ ਕੋਈ ਸਾਈਡ ਇਫੈਕਟ ਨਹੀਂ।
ਸਵਾਲ : ਅਸਥਮਾ ਵਰਗੀ ਬਿਮਾਰੀ ਤੋਂ ਕਿਵੇਂ ਬਚਿਆ ਜਾਵੇ?
ਜਵਾਬ : ਇਹ ਬਿਮਾਰੀ ਦਾ ਵੱਡਾ ਕਾਰਨ ਪਿਤਾਪੁਰਖੀ ਵੀ ਹੁੰਦਾ ਹੈ ਜਿਵੇਂ ਜੇਕਰ ਬੱਚੇ ਦੇ ਪਿਤਾ ਜਾਂ ਮਾਂ ਵਿੱਚੋਂ ਕਿਸੇ ਨੂੰ ਸਾਹ ਦੀ ਸਮੱਸਿਆ ਹੈ, ਤਾਂ ਬੱਚੇ ਨੂੰ ਵੀ ਸਾਹ ਦੀ ਸਮੱਸਿਆ ਹੋਣ ਦਾ ਡਰ ਜ਼ਿਆਦਾ ਹੁੰਦਾ ਹੈ। ਛੋਟੇ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੀ ਖੁਰਾਕ ਦੇ ਨਾਲ-ਨਾਲ ਸਰੀਰਕ ਵਰਜ਼ਿਸ਼ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਜੇਕਰ ਇਮਿਊਨਿਟੀ ਮਜ਼ਬੂਤ ਹੈ ਤਾਂ ਬੱਚੇ ਇਨ੍ਹਾਂ ਬਿਮਾਰੀਆਂ ਦਾ ਟਾਕਰਾ ਕਰ ਸਕਦੇ ਹਨ।