ਇੱਕ ਮਹੀਨੇ ‘ਚ 26 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਦਾਅਵਾ
- ਕੈਪਟਨ ਅਮਰਿੰਦਰ ਸਿੰਘ ਤੋਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਕਿਸਾਨਾਂ ਨੂੰ ਸਰਕਾਰ ਆਉਣ ਤੱਕ ਰੁਕ ਜਾਣ ਲਈ ਕਹਿਣ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੀ ਸਰਕਾਰ ਵਿੱਚ ਵੀ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਣ ਵਿੱਚ ਨਾ ਸਿਰਫ਼ ਅਸਫ਼ਲ ਸਾਬਤ ਹੋਏ ਸਨ, ਸਗੋਂ ਉਨ੍ਹਾਂ ਦੀ ਸਰਕਾਰ ਵਿੱਚ ਤਾਂ ਪਹਿਲਾਂ ਨਾਲੋਂ ਜ਼ਿਆਦਾ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ ਇਸ ਲਈ ਅਮਰਿੰਦਰ ਸਿੰਘ ਨੂੰ ਇਸ ਦਾ ਜਵਾਬ ਦੇਣਾ ਪਵੇਗਾ ਕਿ ਹੁਣ ਤੱਕ ਉਨ੍ਹਾਂ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਿਉਂ ਨਹੀਂ ਕੀਤਾ ਹੈ।
ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਤੇ ਪ੍ਰਦੇਸ਼ ਜਨਰਲ ਸਕੱਤਰ ਵਿਨੀਤ ਜੋਸ਼ੀ ਨੇ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨਾਂ ਨਾਲ ਭਾਜਪਾ ਦੇ ਉਪ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਵੀ ਮੌਕੇ ‘ਤੇ ਹਾਜ਼ਰ ਸਨ। ਮਿੱਤਲ ਨੇ ਅੱਗੇ ਕਿਹਾ ਕਿ ਅਮਰਿੰਦਰ ਸਰਕਾਰ ਦੇ ਦੂਜੇ ਮਹੀਨੇ ਦੌਰਾਨ ਕਿਸਾਨ ਖੁਦਕੁਸ਼ੀਆਂ ਵਿੱਚ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਹੈ। ਪਹਿਲੇ ਮਹੀਨੇ 16 ਮਾਰਚ ਤੋਂ 15 ਅਪ੍ਰੈਲ ਤੱਕ 16 ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਸਨ। 16 ਅਪ੍ਰੈਲ ਤੋਂ 15 ਮਈ ਤਕ 26 ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਮੌਤ ਨੂੰ ਗਲ਼ ਨਾਲ ਲਾਇਆ ਹੈ।
ਉਨਾਂ ਕਿਹਾ ਕਿ ਖੁਦਕੁਸ਼ੀਆਂ ਵਿੱਚ ਵਾਧਾ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਮੰਤਰੀ ਮੰਡਲ ਦੀ ਪਹਿਲੀ ਬੈਠਕ ‘ਚ ਪ੍ਰਗਟਾਈ ਵਚਨਬੱਧਤਾ ਮੁਤਾਬਿਕ ਕਿਸਾਨਾਂ ਦੇ ਕਰਜ਼ ਮਾਫ਼ ਅਤੇ ਖੇਤੀ ਕਰਜ਼ੇ ਮਾਫ਼ ਨਾ ਕਰਨ ਕਰਕੇ ਹੋਇਆ ਹੈ। ਇਸ ਲਈ ਸਿੱਧੇ ਤੌਰ ‘ਤੇ ਅਮਰਿੰਦਰ ਸਿੰਘ ਅਤੇ ਉਨਾਂ ਦੀ ਸਰਕਾਰ ਜਿੰਮੇਵਾਰ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ ਉਨਾਂ ਅੱਗੇ ਕਿਹਾ ਕਿ ਅਕਾਲੀ ਭਾਜਪਾ ਨੇ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾ ਕੇ ਸੱਤਾ ਛੱਡੀ ਸੀ। ਕੈਪਟਨ ਸਰਕਾਰ ਵਲੋਂ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਮੰਗੀ ਇਜਾਜ਼ਤ ਇਸ ਦਾ ਪੁਖਤਾ ਸਬੂਤ ਹੈ ਕਿ ਪੰਜਾਬ ਸਰਪਲੱਸ ਬਿਜਲੀ ਵਾਲਾ ਸੂਬਾ ਹੈ ਪਰ ਫਿਰ ਵੀ ਪੰਜਾਬ ਵਿੱਚ ਵੱਡੇ ਵੱਡੇ ਕੱਟ ਲੱਗਣੇ ਸਰਕਾਰ ਅਤੇ ਪਾਵਰਕਾਮ ਦੀ ਮਾੜੀ ਅਤੇ ਘਟੀਆਂ ਕਾਰਜ ਸ਼ੈਲੀ ਦਾ ਨਤੀਜਾ ਹੈ।
ਭਾਜਪਾ ਆਗੂਆਂ ਨੇ ਗਿੱਦੜਬਾਹਾ, ਮਲੋਟ ਦੇ ਪਿੰਡ ਮਿੱਡਾ, ਅੰਮ੍ਰਿਤਸਰ ਦੇ ਬੱਸ ਸਟੈਂਡ, ਮੁਕਤਸਰ ਦੇ ਪਿੰਡ ਭੂੰਦੜ, ਸਰਦੂਲਗੜ ਦੇ ਪਿੰਡ ਖਿਆਲੀ ਚਹਿਲਾਂ, ਅਟਾਰੀ ਦੇ ਚੇਤ ਸਿੰਘ ਵਾਲਾ, ਫ਼ਿਰੋਜ਼ਪਬਰ ਦੇ ਰੁਕਣ ਸ਼ਾਹ ਵਾਲਾ ਅਤੇ ਗੁਰਦਾਸਪੁਰ ਦੇ ਪਿੰਡ ਘਰਾਲਾ ਵਿੱਚ ਹੋਈਆਂ ਘਟਨਾਵਾਂ ਦੇ ਹਵਾਲੇ ਨਾਲ ਕਾਂਗਰਸੀ ਆਗੂਆਂ ਉੱਤੇ ਸਿਆਸੀ ਗੁੰਡਾਗਰਦੀ ਕਰਨ ਦੇ ਦੋਸ਼ ਲਾਏ। ਉਨਾਂ ਕਿਹਾ ਕਿ ਕਾਂਗਰਸੀ ਆਗੂ ਵਿਰੋਧਂ ਧਿਰ ਦੇ ਆਗੂਆਂ, ਵਰਕਰਾਂ, ਉਨਾਂ ਦੇ ਸਮਰਥਕਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਉਕਤ ਘਟਨਾਵਾਂਇਸ ਦਾ ਸਟੀਕ ਉਦਾਹਰਨ ਹਨ।
ਇਥੇ ਹੀ ਵੀਨੀਤ ਜੋਸ਼ੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਲੋਕਾਂ ਨੂੰ ਦੱਸਣ ਕਿ ਦੋ ਮਹੀਨੇ ਬਾਅਦ ਉਹ ਆਪਣੇ ਉਸ ਬਿਆਨ ਉੱਤੇ ਕਾਇਮ ਹਨ ਕਿ ਪੰਜਾਬ ਦੇ 78 ਫੀਸਦੀ ਨੌਜਵਾਨ ਨਸ਼ੇੜੀ ਹਨ। ਜੇਕਰ ਉਨਾਂ ਨੇ ਨਸ਼ਾ ਖਤਮ ਕਰ ਦਿੱਤਾ ਹੈ ਤਾਂ 78 ਫੀਸਦੀ ਨੌਜਵਾਨਾ ਦੀ ਸੂਚੀ ਜਾਰੀ ਕਰਨ, ਜਿਹੜੇ ਕਿ ਇਲਾਜ ਕਰਵਾਉਣ ਲਈ ਉਨਾਂ ਕੋਲ ਆਏ ਹਨ। ਅਮਰਿੰਦਰ ਸਿੰਘ ਜੇਕਰ ਇਹ ਨਹੀਂ ਕਰ ਸਕਦੇ ਹਨ ਤਾਂ ਉਨਾਂ ਨੂੰ ਆਮ ਲੋਕਾਂ ਤੋਂ ਝੂਠ ਬੋਲਣ ਲਈ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।