ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਕੀਤਾ ਖੁਲਾਸਾ
- ਰਿਪੋਰਟ ਤਿਆਰ ਕਰਨ ਤੋਂ ਬਾਅਦ ਹੋਵੇਗੀ ਕਾਰਵਾਈ : ਸਿੱਧੂ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਬਾਦਲ ਪਿਓ-ਪੁੱਤਰ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੂੰ ਆਪਣੀ ਪ੍ਰਾਈਵੇਟ ਕੰਪਨੀ ਵਾਂਗ ਚਲਾਉਂਦਿਆਂ 1700 ਕਰੋੜ ਰੁਪਏ ਦੀ ਹੇਰਾ-ਫੇਰੀ ਕੀਤੀ ਹੈ। ਇਹ ਕਰੋੜਾਂ ਰੁਪਏ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਅਤੇ ਸਿਆਸੀ ਲਾਹੇ ਲੈਣ ਲਈ ਆਪਣੇ ਹੀ ਤਰੀਕੇ ਨਾਲ ਖਰਚ ਕਰ ਦਿੱਤੇ। ਇਹ ਖ਼ੁਲਾਸਾ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬਾਦਲ ਪਿਉ-ਪੁੱਤ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਖਿਲਾਫ ਰਿਪੋਰਟ ਤਿਆਰ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਨਵਜੋਤ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕੇਂਦਰ ਤੋਂ 200 ਕਰੋੜ ਰੁਪਏ ਆਏ ਸਨ ਅਤੇ ਇੰਨੀ ਹੀ ਰਕਮ ਪੰਜਾਬ ਨੇ ਆਪਣੇ ਵਲੋਂ ਜਮਾ ਕਰਵਾਉਣੀ ਸੀ ਪਰ ਪੰਜਾਬ ਨੇ ਸਿਰਫ਼ 32 ਕਰੋੜ ਰੁਪਏ ਹੀ ਜਮਾ ਕਰਵਾਏ ਹਨ। ਇਹ ਸਾਰਾ ਪੈਸਾ ਕਿਸੇ ਹੋਰ ਕੰਮ ਲਈ ਖਰਚ ਕਰ ਲਿਆ ਗਿਆ ਪਰ ਸਥਾਨਕ ਸਰਕਾਰਾਂ ਵਿਭਾਗ ਨੂੰ ਨਹੀਂ ਦਿੱਤਾ ਗਿਆ। ਜਿਸ ਕਾਰਨ ਹੁਣ ਕੇਂਦਰ ਸਰਕਾਰ ਨੇ ਇਸ ਸਕੀਮ ਦੇ ਤਹਿਤ ਪੈਸਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਕਿਉਂਕਿ ਪਿਛਲੇ ਪੈਸੇ ਦਾ ਵਰਤੋਂ ਸਰਟੀਫਿਕੇਟ ਸਰਕਾਰ ਨੇ ਹੁਣ ਤੱਕ ਜਮਾ ਨਹੀਂ ਕਰਵਾਇਆ ਹੈ।
ਉਨਾਂ ਅੱਗੇ ਕਿਹਾ ਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਤਹਿਤ 900 ਕਰੋੜ ਰੁਪਏ ਆਏ ਸਨ ਪਰ ਬਾਦਲਾ ਨੇ ਇਹ ਪੈਸੇ ਵੀ ਆਸ਼ੇ ਪਾਸੇ ਹੀ ਖ਼ਰਚ ਕਰ ਦਿੱਤੇ, ਜਿਸ ਦਾ ਕੋਈ ਹਿਸਾਬ ਨਹੀਂ ਹੈ। ਸਿੱਧੂ ਨੇ ਅੱਗੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਨੂੰ ਫਾਈਨਾਸ ਕਮਿਸ਼ਨ ਦੀ ਰਿਪੋਰਟ ਅਨੁਸਾਰ 1696 ਕਰੋੜ ਰੁਪਏ ਮਿਲਨੇ ਸਨ ਪਰ ਮਨਜ਼ੂਰ 1172 ਕਰੋੜ ਰੁਪਏ ਹੋਏ ਸਨ, ਜਦੋਂ ਕਿ ਇਹ ਪੈਸਾ ਵੀ ਕਿਥੇ ਗਿਆ, ਕਿਸੇ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ। ਇਸ ਨਾਲ ਹੀ ਕੋਈ ਜਿੰਮੇਵਾਰੀ ਲੈਣ ਨੂੰ ਵੀ ਤਿਆਰ ਨਹੀਂ ਹੈ।
ਅਕਾਲੀਆਂ ਵਲੋਂ ਕੀਤੇ ਗਏ ਕਬਜ਼ੇ ਛੁਡਾਏ ਜਾਣਗੇ : ਸਿੱਧੂ
ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾ ਦੇ ਰਾਜ ਵਿੱਚ ਹਨੇਰਗਰਦੀ ਫੈਲਾਉਂਦਿਆਂ ਸਰਕਾਰੀ ਜ਼ਮੀਨਾਂ ‘ਤੇ ਜਿਹੜੇ ਅਕਾਲੀ ਲੀਡਰਾਂ ਨੇ ਕਬਜ਼ਾ ਕੀਤਾ ਹੈ, ਉਨਾਂ ਤੋਂ ਕਬਜ਼ਾ ਛਡਵਾਇਆ ਜਾਵੇਗਾ, ਚਾਹੇ ਇਸ ਲਈ ਉਨਾਂ ਨੂੰ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਏ। ਇਸ ਸਬੰਧੀ ਜਲਦ ਹੀ ਉਹ ਰਿਪੋਰਟ ਤਿਆਰ ਕਰਵਾ ਕੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਨ ਜਾ ਰਹੇ ਹਨ ਤਾਂ ਕਿ ਜਲਦ ਤੋਂ ਜਲਦ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇ।
ਸਿੱਧੂ ਵੱਲੋਂ ਬਾਦਲਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਬਾਦਲ ਪਿਓ-ਪੁੱਤ ਨੂੰ ਖੁੱਲੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਥਾਂ ਅਤੇ ਸਮਾਂ ਦੱਸਣ, ਸਿੱਧੂ ਉਨ੍ਹਾਂ ਨਾਲ ਬਹਿਸ ਕਰਨ ਲਈ ਖ਼ੁਦ ਚੱਲ ਕੇ ਆਏਗਾ ਤਾਂ ਕਿ ਪੰਜਾਬੀਆਂ ਨੂੰ ਇਨ੍ਹਾਂ ਪਿਓ-ਪੁੱਤ ਦੀਆਂ ਕਰਤੂਤਾਂ ਦੀ ਜਾਣਕਾਰੀ ਤਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਬਾਦਲ ਆਪਣੇ ਪਿਆਦਿਆਂ ਨੂੰ ਅੱਗੇ ਕਰਨ ਦੀ ਥਾਂ ‘ਤੇ ਖ਼ੁਦ ਸਾਹਮਣੇ ਕਿਉਂ ਨਹੀਂ ਆਉਂਦੇ ਹਨ। ਕੀ ਉਹ ਸਿੱਧੂ ਤੋਂ ਡਰਦੇ ਹਨ ?