ਪੁਲਿਸ ਨੇ ਮੁਢਲੀ ਪੜਤਾਲ ਦੌਰਾਨ ਪੱਛਮੀ ਬੰਗਾਲ ਵਾਸੀ ਦੋ ਮਹਿਲਾਵਾਂ ਸਮੇਤ 5 ਖਿਲਾਫ਼ ਦਰਜ਼ ਕੀਤਾ ਮੁਕੱਦਮਾ | Account
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਦੀ ਪੁਲਿਸ ਨੇ ਪੱਛਮੀ ਬੰਗਾਲ ਵਾਸੀ ਦੋ ਮਹਿਲਾਵਾਂ ਸਮੇਤ 5 ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਪੜਤਾਲ ਉਪਰੰਤ ਦਰਜ਼ ਇਸ ਮੁਕੱਦਮੇ ’ਚ ਉਕਤਾਨ ’ਤੇ ਦੋਸ਼ ਹੈ ਕਿ ਇੰਨਾਂ ਨੇ ਲੁਧਿਆਣਾ ਵਾਸੀ ਇੱਕ ਵਿਅਕਤੀ ਦੇ ਖਾਤੇ (Account) ’ਚੋਂ ਇੱਕ ਲੱਖ ਰੁਪਏ ਕੱਢਵਾਏ ਹਨ।
ਅਸ਼ਵਨੀ ਕੁਮਾਰ ਨੇ ਦੱਸਿਆ ਕਿ 19 ਨਵੰਬਰ ਨੂੰ ਦੁਪਿਹਰ ਸਾਢੇ ਕੁ 12 ਵਜੇ ਉਸਦੇ ਐਸਬੀਆਈ ਦੇ ਬੈਂਕ ਖਾਤੇ ਵਿੱਚੋਂ ਕਿਸੇ ਨਾ ਮਲੂਮ ਵੱਲੋਂ 99,999 ਰੁਪਏ ਦੀ ਰਾਸ਼ੀ ਕੱਢਵਾਏ ਜਾਣ ਦਾ ਪਤਾ ਲੱਗਿਆ। ਜਿਸ ਪਿੱਛੋਂ ਤੁਰੰਤ ਉਸਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦੇ ਕੇ ਕਾਰਵਾਈ ਦੀ ਮੰਗ ਕੀਤੀ। ਉਨਾਂ ਦੱਸਿਆ ਕਿ ਉਸ ਵੱਲੋਂ ਆਪਣੇ ਮੋਬਾਇਲ ਨੰਬਰ ’ਤੇ ਆਇਆ ਕੋਈ ਵੀ ਓਟੀਪੀ ਕਿਸੇ ਨੂੰ ਨਹੀਂ ਦੱਸਿਆ। ਇਸ ਦੇ ਬਾਵਜੂਦ ਵੀ ਉਸਦੇ ਖਾਤੇ (Account) ਵਿੱਚੋਂ ਇੱਕ ਲੱਖ ਰੁਪਏ ਦੀ ਰਾਸ਼ੀ ਨਿਕਲ ਗਈ।
ਅਸ਼ਵਨੀ ਕੁਮਾਰ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵੱਲੋਂ ਮਿਲੀ ਸ਼ਿਕਾਇਤ ’ਤੇ ਪੜਤਾਲ ਦੌਰਾਨ ਪੁਲਿਸ ਨੇ ਪ੍ਰੀਤੀ ਚੌਧਰੀ ਵਾਸੀ ਸਰਕਾਰੀ ਕਲੋਨੀ ਕੰਚਰਾਪਾੜਾ ਤੇ ਟੀਨਾ ਮੰਡਲ ਵਾਸੀ ਕਰੁਣਾਮੋਈ ਰੋਡ ਕੋਲਕਾਤਾ ਤੋਂ ਇਲਾਵਾ ਸਾਦਾਬ ਹੁਸੈਨ ਵਾਸੀ ਵਾਸੀ ਟੀਟਾਗੜ, ਐਸ ਰਿਹਾ ਰਾਓ ਵਾਸੀ ਉੱਤਰ 24 ਤੇ ਪੁਨੀਤ ਲਾਲ ਸ਼ਾਅ ਵਾਸੀ ਬੈਰਕਪੁਰ ਖਿਲਾਫ਼ ਧੋਖਾਧੜੀ ਸਮੇਤ ਹੋਰ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।
ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇੰਟਰਨੈੱਟ ਤੋਂ ਨੰਬਰ ਲੱਭ ਕੇ ਫੋਨ, ਖਾਤੇ ਵਿੱਚੋਂ ਉੱਡੇ ਲੱਖਾਂ ਰੁਪਏ
ਏਸੀਪੀ (ਵੈਸਟ) ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੁਢਲੀ ਪੜਤਾਲ ਦੌਰਾਨ ਇਹ ਸਾਬਤ ਹੋਇਆ ਹੈ ਕਿ ਉਕਤਾਨ ਮਹਿਲਾ ਤੇ ਵਿਅਕਤੀਆਂ ਨੇ ਅਸ਼ਵਨੀ ਕੁਮਾਰ ਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਏ ਹਨ। ਬਿਨਾਂ ਓਟੀਪੀ ਦਿੱਤੇ ਪੈਸੇ ਕਿਵੇਂ ਕਢਵਾਏ ਗਏ ਹਨ। ਇਹ ਜਾਂਚ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਆਨ ਲਾਇਨ ਠੱਗੀ ਦਾ ਸ਼ਿਕਾਰ ਬਣਾਉਣ ਵਾਲਿਆਂ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨਾਂ ਲੋਕਾਂ ਨੂੰ ਬਿਨਾਂ ਜਾਣਕਾਰੀ ਦੇ ਮੋਬਾਇਲ ’ਤੇ ਪ੍ਰਾਪਤ ਹੋਏ ਲਿੰਕ ਨੂੰ ਖੋਲਣ ਅਤੇ ਓਟੀਪੀ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰਨ ਲਈ ਵੀ ਕਿਹਾ।